ਬਾਬਾ ਬਿਧੀ ਚੰਦ ਦੇ ਡੇਰੇ ਦੀ ਜ਼ਮੀਨ ਬਾਰੇ ਦੋ ਭਰਾਵਾਂ ਦਾ ਵਿਵਾਦ ਪਹੁੰਚਿਆ ਸ੍ਰੀ ਅਕਾਲ ਤਖ਼ਤ ਸਾਹਿਬ

Thursday, Jun 11, 2020 - 11:26 AM (IST)

ਬਾਬਾ ਬਿਧੀ ਚੰਦ ਦੇ ਡੇਰੇ ਦੀ ਜ਼ਮੀਨ ਬਾਰੇ ਦੋ ਭਰਾਵਾਂ ਦਾ ਵਿਵਾਦ ਪਹੁੰਚਿਆ ਸ੍ਰੀ ਅਕਾਲ ਤਖ਼ਤ ਸਾਹਿਬ

ਅੰਮ੍ਰਿਤਸਰ (ਅਨਜਾਣ) : ਸੰਤ ਬਾਬਾ ਦਯਾ ਸਿੰਘ ਜੀ ਸੁਰਸਿੰਘ ਵਾਲਿਆਂ ਦੀ ਜ਼ਮੀਨ ਦਾ ਵਿਵਾਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਗਿਆ ਹੈ। ਬਾਬਾ ਦਯਾ ਸਿੰਘ ਜੀ ਸੁਰਸਿੰਘ ਵਾਲੇ ਸੰਪਰਦਾਇ ਬਾਬਾ ਬਿਧੀ ਚੰਦ ਜੀ ਦੇ ਗਿਆਰ੍ਹਵੇਂ ਜਾਨਸ਼ੀਨ ਸਨ। ਬਾਬਾ ਦਯਾ ਸਿੰਘ ਜੀ ਦੀ ਧਰਮ ਪਤਨੀ ਮਾਤਾ ਦਯਾ ਕੌਰ ਅੱਜ ਆਪਣੇ ਛੋਟੇ ਸਪੁੱਤਰ ਬਾਬਾ ਗੁਰਬਚਨ ਸਿੰਘ, ਆਪਣੀ ਬੇਟੀ ਨਵਿੰਦਰ ਕੌਰ ਤੇ ਦਾਮਾਦ ਅਤੇ ਸੰਸਥਾ ਦੇ ਸਿੰਘਾਂ ਨਾਲ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ। 

ਇਹ ਵੀ ਪੜ੍ਹੋਂ : ਸ੍ਰੀ ਹਰਿਮੰਦਰ ਸਾਹਿਬ 'ਚ ਰੌਣਕਾਂ ਲੱਗਣੀਆਂ ਸ਼ੁਰੂ, ਵੱਡੀ ਗਿਣਤੀ 'ਚ ਪੁੱਜ ਰਹੀਆਂ ਨੇ ਸੰਗਤਾਂ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਾਤਾ ਦਯਾ ਕੌਰ ਨੇ ਕਿਹਾ ਕਿ ਮੈਂ ਆਪਣੇ ਦੋਵਾਂ ਸਪੁੱਤਰਾਂ ਬਾਬਾ ਅਵਤਾਰ ਸਿੰਘ ਤੇ ਬਾਬਾ ਗੁਰਬਚਨ ਸਿੰਘ 'ਚ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਖਤਮ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਬਾ ਦਯਾ ਸਿੰਘ ਵਲੋਂ ਆਪਣੇ ਦੋਵਾਂ ਪੁੱਤਰਾਂ ਨੂੰ ਇਕ ਸਮਾਨ ਜਾਣਦਿਆਂ ਹੋਇਆਂ 25 ਜੂਨ 2013 ਨੂੰ ਵਸੀਅਤ ਕਰ ਦਿੱਤੀ ਸੀ ਪਰ ਉਨ੍ਹਾਂ ਦੀ ਵਸੀਅਤ ਮੁਤਾਬਕ ਅੱਜ ਤੱਕ ਪਾਵਨ ਅਸਥਾਨਾਂ ਅਤੇ ਚੱਲ ਅਚੱਲ ਜਾਇਦਾਦ ਦੀ ਵੰਡ ਨਹੀਂ ਹੋ ਸਕੀ। ਸੰਪਰਦਾਇ ਦੇ ਲਗਭਗ 60 ਅਸਥਾਨ ਅਤੇ 600 ਕਿੱਲੇ ਵਾਹੀਯੋਗ ਜ਼ਮੀਨ ਹੈ। ਇਸ ਤੋਂ ਇਲਾਵਾ ਛੇਵੇਂ ਪਾਤਸ਼ਾਹ ਵਲੋਂ ਬਖਸ਼ਿਸ਼ ਕੀਤੇ ਪਾਵਨ ਸਰੂਪ, ਚਿੱਤਰ ਅਤੇ ਸ਼ਸਤਰ ਵੀ ਹਨ, ਸੈਂਕੜੇ ਵਹੀਕਲ ਵੀ ਹਨ ਜਿਨ੍ਹਾਂ 'ਚੋਂ ਸਿਰਫ਼ ਇਕ ਅਸਥਾਨ ਗੁਰਦੁਆਰਾ ਭੱਠ ਸਾਹਿਬ, ਪੱਟੀ ਦੀ ਸੇਵਾ ਕੇਵਲ ਬਾਬਾ ਗੁਰਬਚਨ ਸਿੰਘ ਜੀ ਵਲੋਂ ਕੀਤੀ ਜਾ ਰਹੀ ਹੈ ਅਤੇ 150 ਕਿੱਲੇ ਜ਼ਮੀਨ ਵਾਹੀ ਜਾ ਰਹੀ ਹੈ ਅਤੇ ਬਾਕੀ ਸਾਰੇ ਅਸਥਾਨ ਅਤੇ ਜ਼ਮੀਨ ਉੱਪਰ ਬਾਬਾ ਅਵਤਾਰ ਸਿੰਘ ਕਾਬਜ਼ ਹਨ। ਪਰ ਪਿਛਲੇ ਦਿਨੀਂ ਬਾਬਾ ਅਵਤਾਰ ਸਿੰਘ ਦੇ ਪੁੱਤਰ ਬਾਬਾ ਪ੍ਰੇਮ ਸਿੰਘ ਵਲੋਂ ਆਪਣੇ ਦਲ ਦੇ ਸਿੰਘਾਂ ਨੂੰ ਨਾਲ ਲੈ ਕੇ ਤਾਕਤ ਦੇ ਨਾਲ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਬਾਬਾ ਗੁਰਬਚਨ ਸਿੰਘ ਤੇ ਉਨ੍ਹਾਂ ਦੇ ਸਾਥੀ ਸੇਵਾਦਾਰਾਂ ਨੂੰ ਬਾਬਾ ਪ੍ਰੇਮ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਤ ਬਾਬਾ ਦਯਾ ਸਿੰਘ ਵਲੋਂ ਕੀਤੀ ਗਈ ਵਸੀਅਤ ਤਹਿਸੀਲ 'ਚ ਉਨ੍ਹਾਂ ਦੇ ਦੋਵਾਂ ਪੁੱਤਰਾਂ ਦੇ ਨਾਮ ਜ਼ਮੀਨ ਚੜ੍ਹੀ ਸੀ, ਜਿਸ 'ਤੇ ਬਾਬਾ ਅਵਤਾਰ ਸਿੰਘ ਵਲੋਂ ਸਹਿਮਤੀ ਦਿੱਤੀ ਗਈ ਸੀ ਪਰ ਅੱਜ ਉਹ ਪ੍ਰੈੱਸ 'ਚ ਉਸ ਵਸੀਅਤ ਨੂੰ ਝੂਠਾ ਕਹਿ ਕੇ ਮੁੱਕਰ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਤੇ ਮੇਰੀ ਪੁੱਤਰੀ ਨਵਿੰਦਰ ਕੌਰ ਚਾਹੁੰਦੇ ਹਾਂ ਕਿ ਬਾਬਾ ਗੁਰਬਚਨ ਸਿੰਘ ਨੂੰ ਵਸੀਅਤ ਮੁਤਾਬਿਕ ਬਣਦਾ ਹੱਕ ਦਿਵਾ ਕੇ ਇਨਸਾਫ਼ ਕੀਤਾ ਜਾਵੇ।

PunjabKesariਇਹ ਵੀ ਪੜ੍ਹੋਂ : ਰੂਹ ਕੰਬਾਊ ਖੁਲਾਸਾ, ਪੁੱਤ ਨੇ ਮਾਂ ਨਾਲ ਮਿਲ ਪਹਿਲਾਂ ਪਿਓ ਦੀਆਂ ਕੱਢੀਆਂ ਅੱਖਾਂ ਫਿਰ ਕੀਤਾ ਕਤਲ

ਦੋਵਾਂ ਭਰਾਵਾਂ ਦਾ ਆਪਸੀ ਜ਼ਮੀਨ ਦਾ ਮਾਮਲਾ ਹੈ ਖੁਦ ਸੁਲਝਾਉਣ : ਸਿੰਘ ਸਾਹਿਬ
ਇਸ ਸਬੰਧੀ ਜਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਸਿੰਘ ਸਾਹਿਬ ਨੇ ਕਿਹਾ ਹੈ ਕਿ ਇਹ ਦੋਵਾਂ ਭਰਾਵਾਂ ਦਾ ਜ਼ਮੀਨ ਦਾ ਆਪਸੀ ਮਾਮਲਾ ਹੈ, ਇਸ ਲਈ ਉਨ੍ਹਾਂ ਨੂੰ ਆਪ ਹੀ ਸੁਲਝਾਉਣਾ ਚਾਹੀਦਾ ਹੈ। 

ਇਹ ਵੀ ਪੜ੍ਹੋਂ : 'ਸਿਰੜ' ਅਤੇ 'ਸਿਦਕ' ਦੀ ਵਿਲੱਖਣ ਮਿਸਾਲ ਹੈ ਪੰਜਾਬ ਦੀ ਇਹ ਧੀ


author

Baljeet Kaur

Content Editor

Related News