197 ਕਿਲੋ ਹੈਰੋਇਨ ਮਾਮਲੇ ''ਚ ਹੁਣ ਤੱਕ 13 ਮੁਲਜ਼ਮ ਭੇਜੇ ਜੇਲ

03/12/2020 1:34:11 PM

ਅੰਮ੍ਰਿਤਸਰ (ਅਰੁਣ) : ਐੱਸ. ਟੀ. ਐੱਫ. ਬਾਰਡਰ ਰੇਂਜ ਅੰਮ੍ਰਿਤਸਰ ਵੱਲੋਂ ਬਰਾਮਦ 197 ਕਿਲੋ ਹੈਰੋਇਨ ਦੇ ਮਾਮਲੇ 'ਚ ਪੁਲਸ ਹੁਣ ਤੱਕ 13 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਚੁੱਕੀ ਹੈ। ਇਸ ਮਾਮਲੇ ਨਾਲ ਜੁੜੇ ਵਿਦੇਸ਼ੀ ਮੁਲਜ਼ਮਾਂ ਦੀ ਗ੍ਰ੍ਰਿਫਤਾਰੀ ਲਈ ਵਿਭਾਗ ਵੱਲੋਂ ਦਸਤਾਵੇਜ਼ੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ। ਇਸ ਸਬੰਧੀ ਵਧੇਰੇ ਖੁਲਾਸਾ ਕਰਦਿਆਂ ਐੱਸ. ਟੀ. ਐੱਫ. ਬਾਰਡਰ ਰੇਂਜ ਦੇ ਏ. ਆਈ. ਜੀ. ਰਸ਼ਪਾਲ ਸਿੰਘ ਨੇ ਦੱਸਿਆ ਕਿ 197 ਕਿਲੋ ਹੈਰੋਇਨ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਅੰਕੁਸ਼ ਕਪੂਰ ਜਿਸ ਦੇ ਘਰੋਂ ਸਵਾ 9 ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਦੀ ਲੈਬ ਟੈਸਟਿੰਗ ਰਿਪੋਰਟ 'ਚ ਮੁਕੰਮਲ ਤੌਰ 'ਤੇ ਹੈਰੋਇਨ ਦੀ ਪੁਸ਼ਟੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ਅਕਾਲੀ ਨੇਤਾ ਅਨਵਰ ਮਸੀਹ ਨੂੰ ਭੇਜਿਆ ਜੇਲ

ਏ. ਆਈ. ਜੀ. ਰਛਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਫਗਾਨੀ ਸਮੱਗਲਰ ਸੁਲਤਾਨਵਿੰਡ ਸਥਿਤ ਇਸ ਲੈਬਾਰਟਰੀ 'ਚ ਆ ਚੁੱਕੇ ਹਨ। ਅਨਵਰ ਮਸੀਹ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਬੋਲਦਿਆਂ ਏ. ਆਈ. ਜੀ. ਰਛਪਾਲ ਸਿੰਘ ਨੇ ਦੱਸਿਆ ਕਿ ਹੈਰੋਇਨ ਸਮੱਗਲਿੰਗ ਸਬੰਧੀ ਅਨਵਰ ਮਸੀਹ ਭਲੀਭਾਂਤ ਜਾਣੂ ਸੀ। ਇਸ ਗੋਰਖਧੰਦੇ 'ਚ ਉਹ ਸਿੱਧੇ ਤੌਰ 'ਤੇ ਸ਼ਾਮਲ ਹੈ ਜਾਂ ਨਹੀਂ, ਮੁਕੰਮਲ ਜਾਂਚ ਦੌਰਾਨ ਹੀ ਖੁੱਲ੍ਹ ਕੇ ਸਾਹਮਣੇ ਆਵੇਗਾ। ਏ. ਆਈ. ਜੀ. ਰਛਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਈ. ਡੀ. ਵੱਲੋਂ ਵੀ ਆਪਣੇ ਤੌਰ 'ਤੇ ਜਾਂਚ ਕੀਤੀ ਜਾਵੇਗੀ। ਆਸਟਰੇਲੀਆ ਵਾਸੀ ਬਟਾਲਾ ਸ਼ਹਿਰ ਦੇ ਤਨਵੀਰ ਅਤੇ ਦੁਬਈ ਦੇ ਭਾਈ ਜਾਨ ਸਮੇਤ ਇਸ ਮਾਮਲੇ ਨਾਲ ਜੁੜੇ ਹੋਰ ਸਮੱਗਲਰਾਂ ਦੀ ਗ੍ਰ੍ਰਿਫਤਾਰੀ ਲਈ ਇੰਟਰਪੋਲ ਦੀ ਮਦਦ ਲਈ ਜਾਵੇਗੀ।

ਇਹ ਵੀ ਪੜ੍ਹੋ :  ਅਕਾਲੀ ਨੇਤਾ ਦੀ ਕੋਠੀ 'ਚੋਂ ਹੈਰੋਇਨ ਦੇ ਮਾਮਲੇ 'ਚ ਤਿੰਨੋਂ ਅਫਗਾਨੀ ਨਾਗਰਿਕ 3 ਦਿਨਾ ਪੁਲਸ ਰਿਮਾਂਡ 'ਤੇ

ਕਰੀਬ ਇਕ ਮਹੀਨੇ ਮਗਰੋਂ ਇਹ ਲੈਬ ਟੈਸਟ ਰਿਪੋਰਟ ਆਉਣ 'ਤੇ ਇਸ ਦਾ ਖੁਲਾਸਾ ਕਰਦਿਆਂ ਏ. ਆਈ. ਜੀ. ਰਛਪਾਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਸਾਹਿਲ ਜਿਸ ਨੂੰ ਬੀਤੀ 6 ਮਾਰਚ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਨ ਮਗਰੋਂ 4 ਦਿਨ ਦੇ ਰਿਮਾਂਡ 'ਤੇ ਲਿਆਂਦਾ ਗਿਆ ਸੀ, ਨੂੰ ਇਕ ਵਾਰ ਫਿਰ ਅਦਾਲਤ 'ਚ ਪੇਸ਼ ਕਰ ਕੇ 14 ਮਾਰਚ ਤੱਕ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਏ. ਆਈ. ਜੀ. ਨੇ ਦੱਸਿਆ ਕਿ ਪੁਲਸ ਕਾਰ ਡਰਾਈਵਰ ਸਮੇਤ 3 ਹੋਰ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਬਾਰੀਕੀ ਨਾਲ ਪੁੱਛਗਿਛ ਕਰੇਗੀ। ਉਨ੍ਹਾਂ ਦੱਸਿਆ ਕਿ 197 ਕਿਲੋ ਹੈਰੋਇਨ ਬਰਾਮਦਗੀ ਨਾਲ ਜੁੜੇ ਵਿਦੇਸ਼ੀ ਸਮੱਗਲਰਾਂ ਦੀ ਗ੍ਰਿਫਤਾਰੀ ਲਈ ਵਿਭਾਗ ਵੱਲੋਂ ਦਸਤਾਵੇਜ਼ੀ ਕਾਰਵਾਈ ਮੁਕੰਮਲ ਕੀਤੀ ਜਾ ਰਹੀ ਹੈ, ਜਲਦ ਹੀ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਵੀ ਯਕੀਨੀ ਬਣਾਇਆ ਜਾਵੇਗਾ।


Baljeet Kaur

Content Editor

Related News