ਅੰਮ੍ਰਿਤਸਰ: ਸਰਾਫਾ ਬਾਜ਼ਾਰ ''ਚ ਡਕੈਤੀ ਕਰਨ ਵਾਲਾ ਗੈਂਗਸਟਰ ਸੋਨੇ ਸਣੇ ਕਾਬੂ

Thursday, Sep 05, 2019 - 09:48 PM (IST)

ਅੰਮ੍ਰਿਤਸਰ: ਸਰਾਫਾ ਬਾਜ਼ਾਰ ''ਚ ਡਕੈਤੀ ਕਰਨ ਵਾਲਾ ਗੈਂਗਸਟਰ ਸੋਨੇ ਸਣੇ ਕਾਬੂ

ਅੰਮ੍ਰਿਤਸਰ (ਸੰਜੀਵ)-ਹਿੰਦੂ ਨੇਤਾ ਵਿਪਨ ਹੱਤਿਆ ਕਾਂਡ ਵਿਚ ਗ੍ਰਿਫਤਾਰ ਖਤਰਨਾਕ ਗੈਂਗਸਟਰ ਸ਼ੁਭਮ ਨੇ ਪ੍ਰੋਡਕਸ਼ਨ ਵਾਰੰਟ ਦੌਰਾਨ ਸੀ. ਆਈ. ਏ. ਸਟਾਫ ਅੱਗੇ ਸਤੰਬਰ 2018 ਵਿਚ ਗੁਰੂ ਬਾਜ਼ਾਰ ਸਥਿਤ ਜਿਊਲਰ ਦੀ ਦੁਕਾਨ 'ਤੇ ਕੀਤੀ ਗਈ ਡਕੈਤੀ ਵਿਚ ਉਸ ਨੂੰ ਵਾਰਦਾਤ ਤੋਂ ਬਾਅਦ ਪਨਾਹ ਦੇਣ ਵਾਲੇ ਗੈਂਗਸਟਰ ਗਗਨਦੀਪ ਸਿੰਘ ਉਰਫ ਲੱਕੀ ਵਾਸੀ ਸ਼ਾਮਚੌਰਾਸੀ ਦਾ ਨਾਂ ਉਗਲਿਆ ਹੈ। ਸੀ. ਆਈ. ਏ. ਸਟਾਫ ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਗਗਨਦੀਪ ਨੂੰ ਅੱਜ ਗ੍ਰਿਫਤਾਰ ਕਰ ਲਿਆ। ਉਸ ਦੇ ਕਬਜ਼ੇ 'ਚੋਂ ਸਰਾਫਾ ਬਾਜ਼ਾਰ ਤੋਂ ਲੁੱਟੇ ਗਏ ਸੋਨੇ 'ਚੋਂ 164 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਇਹ ਖੁਲਾਸਾ ਅੱਜ ਡੀ. ਸੀ. ਪੀ. ਇਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਨਾਲ ਏ. ਸੀ. ਪੀ. ਪਲਵਿੰਦਰ ਸਿੰਘ ਵੀ ਸਨ। ਉਨ੍ਹਾਂ ਦੱਸਿਆ ਕਿ ਗੈਂਗਸਟਰ ਸ਼ੁਭਮ ਸਿੰਘ ਨੂੰ ਥਾਣਾ ਡੀ-ਡਵੀਜ਼ਨ ਵਿਚ 16 ਸਤੰਬਰ 2018 ਨੂੰ ਸਰਾਫਾ ਬਾਜ਼ਾਰ ਵਿਚ ਪ੍ਰੇਮ ਕੁਮਾਰ ਐਂਡ ਸਨਜ਼ ਦੀ ਦੁਕਾਨ 'ਤੇ ਹੋਈ ਕਰੋੜਾਂ ਰੁਪਏ ਦੀ ਡਕੈਤੀ ਦੇ ਮਾਮਲੇ 'ਚ ਪ੍ਰੋਡੈਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ। ਇਸ 'ਚ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਅਤੇ ਥਾਣਾ ਡੀ ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਵੱਲੋਂ ਸ਼ੁਭਮ ਵੱਲੋਂ ਕੀਤੀ ਪੁੱਛਗਿਛ 'ਚ ਗ੍ਰਿਫਤਾਰ ਗਗਨਦੀਪ ਸਿੰਘ ਦਾ ਨਾਂ ਸਾਹਮਣੇ ਆਇਆ। ਸ਼ੁਭਮ ਨੇ ਮੰਨਿਆ ਕਿ ਡਕੈਤੀ ਤੋਂ ਬਾਅਦ ਉਸ ਦੇ ਹਿੱਸੇ ਵਿਚ 1500 ਗ੍ਰਾਮ ਸੋਨਾ ਆਇਆ ਸੀ। ਵਾਰਦਾਤ ਕਰਨ ਤੋਂ ਬਾਅਦ ਉਸ ਨੂੰ ਗਗਨਦੀਪ ਸਿੰਘ ਲੱਕੀ ਨੇ ਆਪਣੇ ਕੋਲ ਪਨਾਹ ਦਿੱਤੀ ਸੀ। ਉਹ ਉਸ ਦੀ ਰਿਹਾਇਸ਼ 'ਤੇ ਹੀ ਰਿਹਾ ਸੀ। ਜਾਂਦੇ ਹੋਏ ਸ਼ੁਭਮ ਗਗਨਦੀਪ ਨੂੰ 41 ਗ੍ਰਾਮ ਸੋਨੇ ਦੀ ਇਕ ਚੇਨ ਅਤੇ 123 ਗ੍ਰਾਮ ਠੋਸ ਸੋਨੇ ਦੇ ਗਿਆ ਸੀ। ਇਸ ਨੂੰ ਪੁਲਸ ਨੇ ਗਗਨਦੀਪ ਸਿੰਘ ਦੀ ਨਿਸ਼ਾਨਦੇਹੀ 'ਤੇ ਬਰਾਮਦ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਤੋਂ ਪੁੱਛਗਿਛ ਲਈ ਉਸ ਨੂੰ ਰਿਮਾਂਡ 'ਤੇ ਲਿਆ ਹੈ। ਪੁਲਸ ਖਤਰਨਾਕ ਗੈਂਗਸਟਰ ਸ਼ੁਭਮ ਤੋਂ 2017 ਵਿਚ ਵਿਪਨ ਹੱਤਿਆ ਕਾਂਡ ਵਿਚ ਇਸਤੇਮਾਲ ਕੀਤੀ ਗਈ 32 ਬੋਰ ਦੀ ਰਿਵਾਲਵਰ ਬਟਾਲਾ ਪੁਲਸ ਪਹਿਲਾਂ ਹੀ ਬਰਾਮਦ ਕਰ ਚੁੱਕੀ ਹੈ। ਦੂਜੇ ਪਾਸੇ ਪੁਲਸ ਹੁਣ ਤੱਕ ਥਾਣਾ ਡੀ ਡਵੀਜ਼ਨ ਵਿਚ ਦਰਜ ਡਕੈਤੀ ਦੇ ਮਾਮਲੇ ਵਿਚ 407 ਗ੍ਰਾਮ ਸੋਨਾ ਅਤੇ 30 ਬੋਰ ਦੀ ਇਕ ਪਿਸਤੌਲ ਵੀ ਬਰਾਮਦ ਕਰ ਚੁੱਕੀ ਹੈ। ਡਕੈਤੀ ਦੇ ਇਸ ਮਾਮਲੇ 'ਚ ਹੁਣ ਪੁਲਸ ਨੂੰ ਗੈਂਗਸਟਰ ਅੰਗ੍ਰੇਜ਼ ਸਿੰਘ ਅਤੇ ਅਰੁਣ ਛੁਰੀਮਾਰ ਲੌੜੀਂਦਾ ਹਨ। ਇਨ੍ਹਾਂ ਨੂੰ ਪੁਲਸ ਛੇਤੀ ਗ੍ਰਿਫਤਾਰ ਕਰ ਲਵੇਗੀ।


author

Karan Kumar

Content Editor

Related News