ਸ਼ਿਵ ਸੈਨਾ ਆਗੂ ਰੂਬਲ ਸੰਧੂ ਨੂੰ ਮਿਲੀ ਅਮਰੀਕਾ ਤੋਂ ਜਾਨੋਂ ਮਾਰਨ ਦੀ ਧਮਕੀ, DGP ਕੋਲ ਪੁੱਜਾ ਮਾਮਲਾ
Friday, Aug 06, 2021 - 01:52 PM (IST)

ਜਲੰਧਰ (ਵਰੁਣ)– ਪੰਜਾਬ ਵਿਚ ਹਿੰਦੂ ਸੀ. ਐੱਮ. ਦੀ ਮੰਗ ਦੇ ਫਲੈਕਸ ਬੋਰਡ ਲਾਉਣ ਤੋਂ ਬਾਅਦ ਅਮਰੀਕਾ ਤੋਂ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਡੀ. ਜੀ. ਪੀ. ਦੇ ਦਰਬਾਰ ਵਿਚ ਪਹੁੰਚ ਗਿਆ ਹੈ। ਸ਼ਿਵ ਸੈਨਾ (ਪੰਜਾਬ) ਦੇ ਜ਼ਿਲ੍ਹਾ ਜਲੰਧਰ ਪ੍ਰਧਾਨ ਰੂਬਲ ਸੰਧੂ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਸ਼ਿਕਾਇਤ ਭੇਜ ਕੇ ਕਿਹਾ ਕਿ ਪਹਿਲਾਂ ਵੀ ਉਸ ਨੂੰ ਧਮਕੀ ਭਰੇ ਫੋਨ ਆਉਂਦੇ ਸਨ, ਜਿਸ ਸਬੰਧੀ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦਿੱਤੀ ਪਰ ਕੋਈ ਐਕਸ਼ਨ ਨਹੀਂ ਹੋਇਆ। ਰੂਬਲ ਸੰਧੂ ਨੇ ਕਿਹਾ ਕਿ ਧਮਕੀ ਦੇਣ ਵਾਲੇ ਵਿਅਕਤੀ ਨੇ ਇਹ ਵੀ ਕਿਹਾ ਸੀ ਕਿ ਉਸ ਦੀਆਂ ਤਸਵੀਰਾਂ ਉਸ ਕੋਲ ਆ ਗਈਆਂ ਹਨ ਅਤੇ ਜੇਕਰ ਉਸ ਨੇ ਹਿੰਦੂ ਸੀ. ਐੱਮ. ਦੀ ਮੰਗ ਵਾਲੇ ਬੋਰਡ ਨਾ ਲਾਹੇ ਤਾਂ ਇਸ ਦਾ ਨੁਕਸਾਨ ਉਸ ਨੂੰ ਆਪਣੀ ਜਾਨ ਗੁਆ ਕੇ ਭੁਗਤਣਾ ਪਵੇਗਾ। ਸੰਧੂ ਨੇ ਕਿਹਾ ਕਿ ਖ਼ਾਲਿਸਤਾਨ ਸਮਰਥਕਾਂ ਵੱਲੋਂ ਵੀ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਪਾਵਰ ਨਿਗਮ ਦੇ ਇੰਜੀਨੀਅਰ ਸ਼ਾਮੀਂ 5 ਤੋਂ ਸਵੇਰੇ 9 ਵਜੇ ਤੱਕ ਬੰਦ ਰੱਖਣਗੇ ਆਪਣੇ ਸਰਕਾਰੀ ਫੋਨ, ਜਾਣੋ ਵਜ੍ਹਾ
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਹਿੰਦੂ ਸੀ. ਐੱਮ. ਹੋਣ ਦੀ ਮੰਗ ਨੂੰ ਲੈ ਕੇ ਜਲੰਧਰ ਵਿਚ ਫਲੈਕਸ ਲਗਾਉਣ ’ਤੇ ਸ਼ਿਵ ਸੈਨਾ (ਪੰਜਾਬ) ਦੇ ਜਲੰਧਰ ਜ਼ਿਲ੍ਹਾ ਪ੍ਰਧਾਨ ਰੂਬਲ ਸੰਧੂ ਨੂੰ ਅਮਰੀਕਾ ਤੋਂ ਧਮਕੀਆਂ ਭਰੀ ਕਾਲ ਆਈ ਹੈ। ਰੂਬਲ ਸੰਧੂ ਨੇ ਜਲੰਧਰ ਵਿਚ ਹਿੰਦੂ ਮੁੱਖ ਮੰਤਰੀ ਦੇ ਫਲੈਕਸ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ 4 ਅਗਸਤ ਨੂੰ ਦੁਪਹਿਰ 4 ਵਜੇ ਅਮਰੀਕਾ ਦੇ ਨੰਬਰ ਤੋਂ ਉਨ੍ਹਾਂ ਨੂੰ ਫੋਨ ਆਇਆ। ਕਾਲ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਂ ਤਾਂ ਨਹੀਂ ਦੱਸਿਆ ਪਰ ਜਲੰਧਰ ਵਿਚ ਲੱਗੇ ਹਿੰਦੂ ਮੁੱਖ ਮੰਤਰੀ ਦੇ ਫਲੈਕਸ ਨੂੰ ਲੈ ਕੇ ਕਾਫ਼ੀ ਭੜਾਸ ਕੱਢੀ ਅਤੇ ਜਲਦੀ ਹੀ ਉਥੋਂ ਬੋਰਡ ਹਟਾਏ ਜਾਣ ਲਈ ਧਮਕਾਇਆ। ਉਸ ਵਿਅਕਤੀ ਨੇ ਬੋਰਡ ਨਾ ਉਤਾਰਨ ’ਤੇ ਅੰਜਾਮ ਭੁਗਤਣ ਦੀ ਵੀ ਧਮਕੀ ਦਿੱਤੀ। ਰੂਬਲ ਨੇ ਦੱਸਿਆ ਕਿ ਮਾਮਲੇ ਸਬੰਧੀ ਥਾਣਾ ਬਸਤੀ ਬਾਵਾ ਖੇਲ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਿੰਦੂਆਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ ਅਤੇ ਹਰੇਕ ਸਰਕਾਰ ਨੇ ਪੰਜਾਬ ਵਿਚ ਹਿੰਦੂਆਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਹੈ। ਪੰਜਾਬ ਵਿਚ ਹਿੰਦੂ ਧਾਰਮਿਕ ਸਥਾਨਾਂ ਦੀ ਬੇਅਦਬੀ ਅਤੇ ਭੰਨ-ਤੋੜ ਨੂੰ ਲੈ ਕੇ ਕੋਈ ਵੀ ਸਰਕਾਰ ਸਟੈਂਡ ਨਹੀਂ ਲੈ ਸਕੀ।
ਇਹ ਵੀ ਪੜ੍ਹੋ: ਤਰਨਤਾਰਨ: ਪੰਜਾਬ ਪੁਲਸ ਦੀ ਆੜ 'ਚ ਨਸ਼ੇ ਦਾ ਕਾਰੋਬਾਰ ਕਰਦਾ ਰਿਹਾ ਫ਼ੌਜੀ, ਇੰਝ ਖੁੱਲ੍ਹਿਆ ਭੇਤ
ਹਿੰਦੂ ਮੰਗਾਂ ਨੂੰ ਲੈ ਕੇ ਵੀ ਸਰਕਾਰ ਹਮੇਸ਼ਾ ਅਣਦੇਖੀ ਕਰਦੀ ਆ ਰਹੀ ਹੈ। ਭਾਵੇਂ ਉਹ ਮੰਦਿਰ ਐਕਟ ਬਣਾਉਣ ਦੀ ਮੰਗ ਹੋਵੇ, ਹਿੰਦੂ ਧਰਮ ਵਿਚ ਪੂਜਨੀਕ ਗਾਂ ਮਾਤਾ ਦੀ ਰੱਖਿਆ ਅਤੇ ਉਸ ਦੇ ਰੱਖ-ਰਖਾਅ ਦੀ ਗੱਲ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅੱਤਵਾਦ ਦੌਰਾਨ ਮਾਰੇ ਗਏ ਹਿੰਦੂ ਪਰਿਵਾਰਾਂ ਨਾਲ ਵੀ ਇਨਸਾਫ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਪੰਜਾਬ ਨੇ ਇਸ ਭੇਦਭਾਵ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਮੁਹਿੰਮ ਹੋਰ ਤੇਜ਼ੀ ਨਾਲ ਅੱਗੇ ਵਧੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਿੱਦੜਭਬਕੀਆਂ ਨਾਲ ਉਹ ਡਰਨ ਵਾਲੇ ਨਹੀਂ ਹਨ ਅਤੇ ਆਪਣੇ ਧਰਮ ਦੇ ਹਿੱਤ ਵਿਚ ਜੋ ਸੰਘਰਸ਼ ਸ਼ੁਰੂ ਕੀਤਾ ਹੈ, ਉਹ ਜਾਰੀ ਰੱਖਣਗੇ।
ਇਹ ਵੀ ਪੜ੍ਹੋ: ਕਪੂਰਥਲਾ ’ਚ ਦੇਹ ਵਪਾਰ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਇਤਰਾਜ਼ਯੋਗ ਸਮੱਗਰੀ ਸਣੇ ਮਿਲੇ ਮੁੰਡੇ-ਕੁੜੀਆਂ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ