ਕੇਂਦਰ ਤੇ ਪੰਜਾਬ ਸਰਕਾਰ ਦੇ ਵਾਅਦਿਆਂ ਦੀ ਚਾਰਜਸ਼ੀਟ ਕਾਂਗਰਸ ਵਰਕਰ ਘਰ-ਘਰ ਪਹੁੰਚਾਉਣ: ਰਾਜਾ ਵੜਿੰਗ
Sunday, Feb 19, 2023 - 03:53 PM (IST)
ਜਲੰਧਰ (ਚੋਪੜਾ)–ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ‘ਹਾਥ ਸੇ ਹਾਥ ਜੋੜੋ’ ਮੁਹਿੰਮ ਤਹਿਤ ਸ਼ਨੀਵਾਰ ਜ਼ਿਲ੍ਹਾ ਕਾਂਗਰਸ ਭਵਨ ’ਚ ਦੋਆਬਾ ਹਲਕੇ ਅਧੀਨ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਨਾਲ ਸਬੰਧਤ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ, ਹਲਕਾ ਇੰਚਾਰਜ, ਹਲਕਾ ਕੋਆਰਡੀਨੇਟਰ ਅਤੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਦੇ ਖ਼ਤਮ ਹੋਣ ਤੋਂ ਬਾਅਦ ਹੁਣ ਕਾਂਗਰਸ ਦੀ ‘ਹਾਥ ਸੇ ਹਾਥ ਜੋੜੋ’ ਮੁਹਿੰਮ ਸ਼ੁਰੂ ਹੋਵੇਗੀ। ਇਸ ਮੁਹਿੰਮ ਤਹਿਤ ਕਾਂਗਰਸ ਵਰਕਰ ਹਰੇਕ ਸ਼ਹਿਰ ਅਤੇ ਪਿੰਡ ਵਿਚ ਡੋਰ-ਟੂ-ਡੋਰ ਜਾਣਗੇ ਅਤੇ ਲੋਕਾਂ ਨਾਲ ਸੰਪਰਕ ਬਣਾਉਣ ਦਾ ਕੰਮ ਕਰਨਗੇ।
ਵੜਿੰਗ ਨੇ ਕਿਹਾ ਕਿ ਕਾਂਗਰਸ ਨੇ ਭਾਜਪਾ ਸ਼ਾਸਿਤ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਅਤੇ ਵਾਅਦਿਆਂ ਦੀ ਚਾਰਜਸ਼ੀਟ ਤਿਆਰ ਕੀਤੀ ਹੈ। ਇਸ ਚਾਰਜਸ਼ੀਟ ਅਤੇ ਰਾਹੁਲ ਗਾਂਧੀ ਦੀ ਚਿੱਠੀ ਨੂੰ ਕਾਂਗਰਸ ਵਰਕਰ ਸਾਰੇ 117 ਵਿਧਾਨ ਸਭਾ ਹਲਕਿਆਂ ਦੇ ਹਰੇਕ ਸ਼ਹਿਰ ਅਤੇ ਪਿੰਡ ਵਿਚ ਜਾ ਕੇ ਲੋਕਾਂ ਨੂੰ ਵੰਡਣਗੇ। ਸੰਗਠਨ ਨੂੰ ਕਿਵੇਂ ਘਰ-ਘਰ ਪਹੁੰਚਾਉਣਾ ਹੈ, ਉਸ ਦੀਆਂ ਤਿਆਰੀਆਂ ਅਤੇ ਸੁਝਾਵਾਂ ਸਬੰਧੀ ਇਹ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਉਪ ਆਗੂ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ., ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਤਰਲੋਚਨ ਸਿੰਘ ਸੂੰਢ, ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਇਕ ਲਾਡੀ ਸ਼ੇਰੋਵਾਲੀਆ, ਨਾਰਥ ਹਲਕੇ ਦੇ ਵਿਧਾਇਕ ਬਾਵਾ ਹੈਨਰੀ, ਵੈਸਟ ਹਲਕੇ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ, ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਅਤੇ ਨਕੋਦਰ ਹਲਕੇ ਦੇ ਇੰਚਾਰਜ ਡਾ. ਨਵਜੋਤ ਦਹੀਆ, ਫਿਲੌਰ ਹਲਕੇ ਦੇ ਵਿਧਾਇਕ ਵਿਕਰਮਜੀਤ ਚੌਧਰੀ, ਆਦਮਪੁਰ ਹਲਕੇ ਦੇ ਵਿਧਾਇਕ ਸੁਖਵਿੰਦਰ ਕੋਟਲੀ, ਵਿਧਾਇਕ ਪਰਗਟ ਸਿੰਘ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਬਲਵਿੰਦਰ ਸਿੰਘ ਧਾਲੀਵਾਲ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ : 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ’ਚ ਨਕਲ ਰੋਕਣ ਸਬੰਧੀ PSEB ਦੀ ਸਖ਼ਤੀ, ਜਾਰੀ ਕੀਤੇ ਇਹ ਹੁਕਮ
ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਫ਼ੈਸਲਾ ਕਰਨਗੇ ਖੜਗੇ : ਰਾਜਾ ਵੜਿੰਗ
ਜਲੰਧਰ ਲੋਕ ਸਭਾ ਹਲਕੇ ਵਿਚ ਅਗਲੇ ਮਹੀਨਿਆਂ ਵਿਚ ਹੋ ਰਹੀ ਸੰਭਾਵੀ ਜ਼ਿਮਨੀ ਚੋਣ ਸਬੰਧੀ ਉਮੀਦਵਾਰ ਦੇ ਮਾਮਲੇ ਵਿਚ ਰਾਜਾ ਵੜਿੰਗ ਨੇ ਕਿਹਾ ਕਿ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਫ਼ੈਸਲਾ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਹੋਣ ਦੇ ਨਾਤੇ ਉਹ ਮਜ਼ਬੂਤ ਨਾਵਾਂ ਦੀ ਹਾਈ ਕਮਾਨ ਨੂੰ ਸਿਫਾਰਸ਼ ਕਰਨਗੇ। ਉਨ੍ਹਾਂ ਕਿਹਾ ਕਿ 2023 ਦੀ ਜ਼ਿਮਨੀ ਚੋਣ ਦੀ ਜਿੱਤ ਨਾਲ ਕਾਂਗਰਸ ਦੇਸ਼ ਭਰ ਵਿਚ 2024 ਦੀਆਂ ਲੋਕ ਸਭਾ ਚੋਣਾਂ ਦਾ ਆਗਾਜ਼ ਕਰੇਗੀ।
ਕਾਂਗਰਸ ’ਚ ਹੀ ਰਹਾਂਗਾ, ਭਾਜਪਾ ’ਚ ਨਹੀਂ ਹੋ ਰਿਹਾ ਸ਼ਾਮਲ : ਰਾਣਾ ਗੁਰਜੀਤ
ਕਪੂਰਥਲਾ ਹਲਕੇ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਭਾਜਪਾ ਵਿਚ ਸ਼ਾਮਲ ਹੋਣ ਦੀ ਅਫ਼ਵਾਹ ਸਿਰਫ਼ ਉਨ੍ਹਾਂ ਦੇ ਵਿਰੋਧੀ ਫੈਲਾਅ ਰਹੇ ਹਨ। ਉਹ ਕਾਂਗਰਸ ਵਿਚ ਹਨ ਅਤੇ ਜ਼ਿੰਦਗੀ ਭਰ ਵਿਚ ਕਾਂਗਰਸ ਵਿਚ ਹੀ ਰਹਿਣਗੇ। ਰਾਣਾ ਗੁਰਜੀਤ ਨੇ ਕਿਹਾ ਕਿ ਉਹ ਆਪਣੇ ਵਿਧਾਨ ਸਭਾ ਹਲਕੇ ਦੇ ਪ੍ਰਾਜੈਕਟ ਨੂੰ ਲੈ ਕੇ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਮਿਲੇ ਸਨ ਅਤੇ ਇਸ ਮੁਲਾਕਾਤ ਨੂੰ ਕੁਝ ਲੋਕ ਬਿਨਾਂ ਵਜ੍ਹਾ ਤੂਲ ਦੇ ਰਹੇ ਹਨ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਸਬੰਧੀ ਪੱਬਾਂ ਪਾਰ ਹੋਈ ਕਾਂਗਰਸ, ਐਕਸ਼ਨ 'ਚ ਰਾਜਾ ਵੜਿੰਗ
ਗੈਰ-ਹਾਜ਼ਰ ਬਲਾਕ ਪ੍ਰਧਾਨਾਂ ਨੂੰ ਨੋਟਿਸ, ਜਿਹੜੇ ਕੰਮ ਨਹੀਂ ਕਰਨਾ ਚਾਹੁੰਦੇ, ਅਸਤੀਫ਼ਾ ਦੇਣ
ਰਾਜਾ ਵੜਿੰਗ ਨੇ ਮੀਟਿੰਗ ਵਿਚੋਂ ਗੈਰ-ਹਾਜ਼ਰ ਰਹੇ ਬਲਾਕ ਪ੍ਰਧਾਨਾਂ ’ਤੇ ਸਖ਼ਤ ਕਾਰਵਾਈ ਦਾ ਸੰਦੇਸ਼ ਦਿੰਦੇ ਹੋਏ ਸਬੰਧਤ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅਜਿਹੇ ਬਲਾਕ ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਜੇਕਰ ਕੋਈ ਬਲਾਕ ਪ੍ਰਧਾਨ ਜਵਾਬ ਨਹੀਂ ਦਿੰਦਾ ਤਾਂ ਉਸ ਦੀ ਛਾਂਟੀ ਕਰ ਦਿੱਤੀ ਜਾਵੇ। ਸੂਬਾ ਪ੍ਰਧਾਨ ਨੇ ਕਿਹਾ ਕਿ ਜਿਹੜਾ ਵੀ ਕੋਈ ਬਲਾਕ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਦੀਆਂ ਸਰਗਰਮੀਆਂ ਵਿਚ ਸ਼ਾਮਲ ਹੋਣ ਦੀ ਬਜਾਏ ਆਪਣੇ ਕੰਮਾਂ ਵਿਚ ਜੁਟਿਆ ਹੋਇਆ ਹੈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵੇ। ਜਿਹੜੇ ਲੋਕ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਜਾ ਰਹੇ ਹਨ, ਉਨ੍ਹਾਂ ਨੂੰ ਜਾਣ ਦਿੱਤਾ ਜਾਵੇ। ਅਜਿਹੇ ਲੋਕ ਪਾਰਟੀ ਤੋਂ ਕਿਨਾਰਾ ਕਰਨਗੇ ਤਾਂ ਨਵੇਂ ਚਿਹਰਿਆਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ : ਚਾਚੇ ਦੀਆਂ ਅੱਖਾਂ ਸਾਹਮਣੇ ਵਾਪਰਿਆ ਦਰਦਨਾਕ ਹਾਦਸਾ, ਵੇਂਹਦਿਆਂ-ਵੇਂਹਦਿਆਂ ਮੌਤ ਦੇ ਮੂੰਹ ’ਚ ਚਲਾ ਗਿਆ 17 ਸਾਲਾ ਭਤੀਜਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।