ਅਮਨ ਅਰੋੜਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਤੇ ਮਾਈ ਭਾਗੋ ਆਰਮਡ ਫੋਰਸਿਜ਼ ਦੇ ਕੈਡਿਟਾਂ ਨਾਲ ਮੁਲਾਕਾਤ

Wednesday, Apr 19, 2023 - 04:21 PM (IST)

ਅਮਨ ਅਰੋੜਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਤੇ ਮਾਈ ਭਾਗੋ ਆਰਮਡ ਫੋਰਸਿਜ਼ ਦੇ ਕੈਡਿਟਾਂ ਨਾਲ ਮੁਲਾਕਾਤ

ਚੰਡੀਗੜ੍ਹ : ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ  ਅਮਨ ਅਰੋੜਾ ਨੇ ਇੱਥੇ ਪੰਜਾਬ ਭਵਨ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ. ਐੱਫ. ਪੀ. ਆਈ.) (ਲੜਕੇ) ਅਤੇ ਮਾਈ ਭਾਗੋ ਏ. ਐੱਫ. ਪੀ. ਆਈ. (ਲੜਕੀਆਂ) ਦੇ ਕੈਡਿਟਾਂ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਥਾਪਿਤ ਇਨ੍ਹਾਂ ਦੋ ਵੱਕਾਰੀ ਸੰਸਥਾਵਾਂ ਦਾ ਟੀਚਾ ਰੱਖਿਆ ਸੇਵਾਵਾਂ ਅਕੈਡਮੀਆਂ ਰਾਹੀਂ ਹਥਿਆਰਬੰਦ ਸੈਨਾਵਾਂ ਵਿੱਚ ਸਥਾਈ ਕਮਿਸ਼ਨ ਪ੍ਰਾਪਤ ਕਰਨ ਲਈ ਪੰਜਾਬ ਦੇ ਚੁਣੇ ਹੋਏ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਸਿਖਲਾਈ ਦੇਣਾ ਹੈ।

ਇਨ੍ਹਾਂ ਨਾਮਵਰ ਅਦਾਰਿਆਂ ਦਾ ਹਿੱਸਾ ਬਣਨ ਲਈ ਕੈਡਿਟਾਂ ਨੂੰ ਵਧਾਈ ਦਿੰਦਿਆਂ ਅਮਨ ਅਰੋੜਾ ਨੇ ਸਾਰੇ ਕੈਡਿਟਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕੈਡਿਟਾਂ ਨੂੰ ਰੱਖਿਆ ਸੇਵਾਵਾਂ ਵਿੱਚ ਸਥਾਈ ਕਮਿਸ਼ਨ ਦੀ ਪ੍ਰਾਪਤੀ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਾਸਤੇ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਕੈਡਿਟਾਂ 'ਤੇ ਭਰੋਸਾ ਪ੍ਰਗਟਾਉਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਨੂੰ ਹੀ ਨਹੀਂ, ਸਗੋਂ ਸੂਬੇ ਅਤੇ ਦੇਸ਼ ਨੂੰ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਹਨ ਕਿਉਂਕਿ ਉਨ੍ਹਾਂ ਨੇ ਰੱਖਿਆ ਸੇਵਾਵਾਂ ਦੇ ਬਹਾਦਰੀ ਅਤੇ ਅਨੁਸ਼ਾਸਨ ਵਾਲੇ ਖੇਤਰ ਵਿੱਚ ਕਰੀਅਰ ਬਣਾਉਣ ਦਾ ਸੁਫ਼ਨਾ ਸੰਜੋਇਆ ਹੈ।

ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਜੇ. ਐੱਸ. ਸੰਧੂ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਮਾਰਚ, 2022 ਤੋਂ ਹੁਣ ਤੱਕ ਇਸ ਇੰਸਟੀਚਿਊਟ ਦੀਆਂ 4 ਲੇਡੀ ਕੈਡਿਟਾਂ ਨੂੰ ਰੱਖਿਆ ਸੇਵਾਵਾਂ ਵਿੱਚ ਅਫ਼ਸਰ ਰੈਂਕ ਮਿਲਿਆ ਹੈ, ਦੋ ਲੇਡੀ ਕੈਡਿਟਾਂ ਨੇ ਓ. ਟੀ. ਏ./ਏ. ਐੱਫ. ਏ. ਵਿੱਚ ਜੁਆਇਨ ਕੀਤਾ ਹੈ, ਇੱਕ ਲੇਡੀ ਕੈਡਿਟ ਨੇ ਐਨ. ਡੀ. ਏ. ਵਿੱਚ ਜੁਆਇਨ ਕੀਤਾ ਹੈ ਅਤੇ 25 ਲੇਡੀ ਕੈਡਿਟਾਂ ਏ. ਐੱਫ. ਸੀ. ਏ. ਟੀ. ਅਤੇ ਸੀ. ਡੀ. ਐੱਸ. ਲਿਖ਼ਤੀ ਪ੍ਰੀਖਿਆਵਾਂ ਪਾਸ ਕਰਨ ਉਪਰੰਤ  ਐੱਸ. ਐੱਸ. ਬੀ. ਤੋਂ ਕਾਲ ਲੈਟਰਾਂ ਦੀ ਉਡੀਕ ਵਿੱਚ ਹਨ।
 


author

Babita

Content Editor

Related News