250 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਕੈਂਟਰ ਬਰਾਮਦ

08/01/2017 1:47:05 AM

ਦੇਵੀਗੜ੍ਹ(ਭੁਪਿੰਦਰ)-ਥਾਣਾ ਜੁਲਕਾਂ ਦੀ ਪੁਲਸ ਨੂੰ ਪਿੰਡ ਬਿੰਜਲ ਵਿਖੇ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਕੈਂਟਰ 'ਚੋਂ 250 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਕੈਂਟਰ ਦਾ ਡਰਾਈਵਰ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਜੁਲਕਾਂ ਦੇ ਮੁਖੀ ਇੰਸ. ਹਰਵਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਏ. ਐੱਸ. ਆਈ. ਜੱਗਾ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਬਿੰਜਲ ਨੇੜੇ ਨਾਕਾਬੰਦੀ ਕਰ ਕੇ ਗੱਡੀਆਂ ਦੀ ਚੈਕਿੰਗ ਅਤੇ ਤਲਾਸ਼ੀ ਲੈ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਇੱਕ ਕੈਂਟਰ ਨੰਬਰ ਪੀ ਬੀ 65 ਏ ਕੇ-8975 ਨੂੰ ਰੁਕਣ ਦਾ ਇਸ਼ਾਰਾ ਕੀਤਾ। ਕੈਂਟਰ ਦਾ ਡਰਾਈਵਰ ਆਪਣੀ ਗੱਡੀ 'ਚੋਂ ਉਤਰ ਕੇ ਪੁਲਸ ਨੂੰ ਚਕਮਾ ਦਿੰਦਿਆਂ ਪਿੱਛੇ ਆ ਰਹੀ ਉਨ੍ਹਾਂ ਦੀ ਇੱਕ ਹੋਰ ਕਾਰ ਵਿਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਿਆ। ਉਸ ਦਾ ਪੁਲਸ ਨੇ ਪਿੱਛਾ ਕੀਤਾ ਪਰ ਦੋਸ਼ੀ ਉਨ੍ਹਾਂ ਦੇ ਹੱਥ ਨਾ ਲੱਗੇ। ਪੁਲਸ ਨੇ ਜਦੋਂ ਕੈਂਟਰ ਦੀ ਤਲਾਸ਼ੀ ਲਈ ਤਾਂ ਗੱਡੀ ਵਿਚੋਂ 250 ਡੱਬੇ ਸ਼ਰਾਬ ਦੇ ਬਰਾਮਦ ਹੋਏ। ਥਾਣਾ ਜੁਲਕਾਂ ਦੀ ਪੁਲਸ ਨੇ ਕੈਂਟਰ ਦੇ ਫਰਾਰ ਹੋਏ ਡਰਾਈਵਰ ਅਤੇ ਨਾਜਾਇਜ਼ ਸ਼ਰਾਬ ਦੇ ਦੋਸ਼ੀਆਂ ਖਿਲਾਫ ਧਾਰਾ 61/1/14 ਅਧੀਨ ਮਾਮਲਾ ਨੰਬਰ 0099 ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News