ਕਾਂਗਰਸ ਦੀ ਪੰਥਕ ਸਟੇਜ 'ਤੇ ਚੱਲੇ 'ਲਾ ਕੇ ਤਿੰਨ ਪੈੱਗ ਬੱਲੀਏ' ਵਰਗੇ ਗੀਤ : ਮਜੀਠੀਆ
Sunday, Oct 07, 2018 - 06:17 PM (IST)
ਪਟਿਆਲਾ — ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ 'ਚ 'ਜਬਰ ਵਿਰੋਧੀ ਰੈਲੀ' ਕੀਤੀ ਗਈ। ਇਸ ਰੈਲੀ 'ਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀ ਰੈਲੀ 'ਚ ਨਾ ਆਉਣ ਲਈ ਕਾਂਗਰਸ ਨੇ ਲੋਕਾਂ ਨੂੰ ਲਾਲਚ ਦਿੱਤਾ, ਇਸੇ ਕਰਕੇ ਰੈਲੀ 'ਚ ਪਹੁੰਚਣ ਵਾਲੀ ਜਨਤਾ ਨੂੰ ਥਾਂ-ਥਾਂ 'ਤੇ ਰੋਕਿਆ ਗਿਆ। ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀਆਂ ਕੋਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਕਾਂਗਰਸ ਦੀ ਪੰਥਕ ਸਟੇਜ਼ 'ਤੇ ਲਗਾਏ ਗਏ ਅਖਾੜੇ ਸਬੰਧੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਪੰਥਕ ਸਟੇਜ਼ 'ਤੇ 'ਲਾ ਕੇ ਤਿੰਨ ਪੈੱਗ ਬੱਲੀਏ ਵਰਗੇ ਗੀਤ' ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪੰਥਕ ਸਟੇਜ਼ 'ਤੇ ਅਖਾੜਾ ਲਵਾਉਣਾ ਇਹ ਕਾਂਗਰਸ ਦੀ ਸੋਚ ਨੂੰ ਦਰਸਾਉਂਦਾ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਨੂੰ ਸਹੂਲਤਾਂ ਤਾਂ ਕੀ ਦੇਣੀਆਂ ਸਨ ਸਗੋਂ ਤਨਖਾਹਾਂ ਘਟਾ ਕੇ ਮੁਲਾਜ਼ਮਾਂ 'ਤੇ ਭਾਰ ਵਧਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਦੇ ਹਰ ਮੋਰਚੇ 'ਤੇ ਅਕਾਲੀ ਦਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੈਪਟਨ ਪੰਜਾਬ ਦੇ ਲੋਕਾਂ ਦੇ ਦਿਲ ਨਹੀਂ ਜਿੱਤ ਸਕੀ ਹੈ। ਅੱਜ ਪਟਿਆਲਾ ਦੇ ਲੋਕ ਵੀ ਇਹ ਸੋਚਦੇ ਹਨ ਕਿ ਅਸੀਂ ਕਿਸ ਦੇ ਪੱਲੇ ਪੈ ਗਏ ਹਾਂ।
ਇਸ ਰੈਲੀ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਸਮੇਤ ਬਲਵਿੰਦਰ ਸਿੰਘ ਭੂੰਦੜ, ਬਿਕਰਮ ਸਿੰਘ ਮਜੀਠੀਆ, ਪਰਮਿੰਦਰ ਸਿੰਘ ਗੁਲਜ਼ਾਰ ਸਿੰਘ ਰਣੀਕੇ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਰੈਲੀ 'ਚ ਪਹੁੰਚੀ। ਠਾਂਠਾ ਮਾਰਦਾ ਇਕੱਠੇ ਰੈਲੀ 'ਚ ਪਹੁੰਚਿਆ। ਰੈਲੀ ਨੂੰ ਲੈ ਕੇ ਬਜ਼ੁਰਗਾਂ, ਔਰਤ ਸਮੇਤ ਬੱਚਿਆਂ 'ਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।