ਸੁਖਬੀਰ ਬਾਦਲ ਦੀ ਰਣਨੀਤੀ ਨਾਲ 'ਮਿਸ਼ਨ 2022' ਦੀ ਫਤਿਹ ਪ੍ਰਾਪਤੀ ਵੱਲ ਵਧ ਰਿਹੈ ਅਕਾਲੀ ਦਲ
Monday, Sep 14, 2020 - 05:45 PM (IST)
ਧਰਮਕੋਟ/ਜ਼ੀਰਾ (ਅਕਾਲੀਆਂ ਵਾਲਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਸਰਕਾਰ 'ਚ ਲੋਕਾਂ ਤੋਂ ਬਣਾਈ ਗਈ ਦੂਰੀ ਮੁੱਖ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲਈ ਕਿਸੇ ਮੁਰੱਬੇ ਵਾਂਗ ਗੁਣਕਾਰੀ ਸਾਬਤ ਹੋ ਰਹੀ ਹੈ, ਬੇਸ਼ੱਕ ਦੇਸ਼ ਵਿਚ ਹੁਣ ਤਾਂ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਕਰ ਕੇ ਇਕੱਠਾਂ 'ਤੇ ਪਾਬੰਦੀ ਲੱਗੀ ਹੈ। ਇਸ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਹੇਜ਼ ਹੀ ਕੀਤਾ ਜਾਂਦਾ ਰਿਹੈ, ਇਸ ਮੁੱਦੇ ਨੂੰ ਲੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਨੂੰ ਵੰਗਾਰ ਚੁੱਕੇ ਹਨ ਕਿ ਪੰਜਾਬ 'ਚ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਜ਼ੋਰ ਫੜ ਰਹੀ ਹੈ ਜਦੋਂ ਕਿ ਮੁੱਖ ਮੰਤਰੀ ਜ਼ਮੀਨੀ ਹਕੀਕਤ ਜਾਣਨ ਦੀ ਬਜਾਏ ਬਿਆਨਬਾਜ਼ੀ ਨਾਲ ਹਮਦਰਦੀ ਜਤਾ ਰਹੇ ਹਨ। ਜਦੋਂ ਕਿ ਅਕਾਲੀ ਦਲ ਸੱਤਾ ਤੋਂ ਬਾਹਰ ਰਹਿ ਕਿ ਵੀ ਪੰਜਾਬ ਦੇ ਭਖਦੇ ਮਸਲੇ ਅਤੇ ਪੰਜਾਬ ਦੇ ਹਿੱਤਾਂ ਦੀ ਅਗਵਾਈ ਕਰ ਰਿਹਾ ਹੈ। ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਸਰਗਰਮ ਹੋ ਚੁੱਕੀਆਂ ਹਨ ਪਰ ਕਾਂਗਰਸ ਪਾਰਟੀ ਸੱਤਾ 'ਚ ਹੋ ਕਿ ਵੀ ਉਸ ਲਹਿਜੇ ਨਾਲ ਲੋਕਾਂ 'ਚ ਨਹੀਂ ਪੁੱਜ ਰਹੀ, ਜਿਸ ਲਹਿਜੇ ਨਾਲ ਆਖ਼ਰ ਸੱਤਾ ਧਿਰਾਂ ਸਰਕਾਰ ਦੇ ਆਖਰੀ ਦਿਨਾਂ 'ਚ ਲੋਕਾਂ ਦੇ ਦੁਆਰ ਪੁੱਜਦੀਆਂ ਹਨ।
ਸੁਖਬੀਰ ਸਿੰਘ ਬਾਦਲ ਜੋ ਕਿ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ ਦੇ ਪ੍ਰਧਾਨ ਹਨ ਇਨ੍ਹਾਂ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦਾ ਕਿਲ੍ਹਾ ਫਤਹਿ ਕਰਨ ਲਈ ਅਜਿਹੀ ਰਣਨੀਤੀ ਬਣਾਈ ਗਈ ਹੈ, ਜੋ ਆਏ ਦਿਨ ਵਰਕਰਾਂ ਅਤੇ ਲੋਕਾਂ ਨੂੰ ਆਪਣੇ ਕਲਾਵੇ 'ਚ ਲੈ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਪੰਜਾਬ ਦੇ ਸਮੁੱਚੇ ਸਰਕਲ ਪ੍ਰਧਾਨਾਂ ਨਾਲ ਸਿੱਧੇ ਤੌਰ 'ਤੇ ਰਾਬਤਾ ਕਰ ਚੁੱਕੇ ਹਨ ਜਦ ਕਿ ਮੌਜੂਦਾ ਮੁੱਖ ਮੰਤਰੀ ਆਪਣੇ ਵਿਧਾਇਕਾਂ ਨੂੰ ਵੀ ਕਈ-ਕਈ ਦਿਨ ਨਹੀਂ ਮਿਲਦੇ। ਸੁਖਬੀਰ ਨੇ ਸਰਕਲ ਪ੍ਰਧਾਨਾਂ 'ਚ ਅਜਿਹੀ ਸ਼ਕਤੀ ਝੋਕ ਦਿੱਤੀ ਹੈ ਕਿ ਉਹ ਬੂਥ ਪੱਧਰ ਤੱਕ ਵੀ ਆਪਣੇ ਵਰਕਰਾਂ ਦੀ ਨਬਜ਼ ਟੋਹਣ ਲੱਗੇ ਹੋਏ ਹਨ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ, ਸੂਬਾ ਸਕੱਤਰ ਜੋਗਿੰਦਰ ਸਿੰਘ ਪੱਪੂ ਕਾਹਨੇਵਾਲ, ਮਾਲਵਿੰਦਰ ਸਿੰਘ ਸਾਬਕਾ ਸਰਪੰਚ ਜਨੇਰ, ਸਰਕਲ ਪ੍ਰਧਾਨ ਜਸਵੀਰ ਸਿੰਘ ਖੋਸਾ ਰਣਧੀਰ, ਸਰਕਲ ਮੱਲਾਂਵਾਲਾ ਤੋਂ ਸੁਖਦੇਵ ਸਿੰਘ ਲਹੁਕਾ ਆਦਿ ਨੇ ਕਿਹਾ ਕਿ ਕੈਪਟਨ ਸਰਕਾਰ ਵਾਅਦਿਆਂ ਨੂੰ ਪੂਰਾ ਕਰਨ ਵਿਚ ਹੌਲੀ ਪੈ ਚੁੱਕੀ ਹੈ।
ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਰਿਆ ਬਿਆਸ ਪੁੱਲ 'ਤੇ ਲਾਇਆ ਜਾਮ
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਬੀਤੇ ਦਿਨ ਮਾਲਵੇ ਦੇ ਕੁਝ ਹਿੱਸਿਆਂ 'ਚ ਬਰਸਾਤੀ ਪਾਣੀ ਨਾਲ ਜੋ ਫਸਲਾਂ ਡੁੱਬੀਆਂ ਸਨ, ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਨੇੜਿਓਂ ਹੋ ਕੇ ਤੱਕਿਆ ਉਪਰੰਤ ਸਰਕਾਰ ਨੂੰ ਹਲੂਣਾ ਵੱਜਾ ਅਤੇ ਉਹ ਫਿਰ ਲੋਕਾਂ ਤੱਕ ਪੁੱਜੇ। ਸਵਾਲ ਇਸ ਗੱਲ ਦਾ ਹੈ ਕਿ ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ, ਉਹ ਅਕਾਲੀ ਦਲ ਦੇ ਪ੍ਰਧਾਨ ਨੇ ਨਿਭਾਅ ਕੇ ਕਿਸਾਨਾਂ ਦਾ ਵਿਸ਼ਵਾਸ ਜਿੱਤਿਆ ਹੈ। ਸਰਕਾਰ ਦੇ ਹੁੰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਲੋਕਾਂ 'ਚ ਪੁੱਜਣਾ ਅਤੇ ਹੁਣ ਸਰਕਾਰ ਤੋਂ ਬਾਹਰ ਰਹਿੰਦਿਆਂ ਜੋ ਸੁਖਬੀਰ ਵਲੋਂ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ, ਉਸ ਨੇ ਅਕਾਲੀ ਦਲ ਦੀ ਹਰਮਨ ਪਿਆਰਤਾ ਨੂੰ ਹੋਰ ਵੀ ਵਧਾਇਆ ਹੈ। ਇਥੋਂ ਤੱਕ ਕਿ ਨਵੀਂ ਪੀੜੀ ਆਪਣੇ ਵਾਹਨਾਂ 'ਤੇ ਸੁਖਬੀਰ ਦੀ ਫੋਟੋ ਲਗਾ ਅਗਲੇ ਮੁੱਖ ਮੰਤਰੀ ਹੋਣ ਦੀਆਂ ਪੱਟੀਆਂ ਲਖਾ ਰਹੀ ਹੈ।
ਸਰਕਲਾਂ ਦੀ ਗਿਣਤੀ ਵਧਣ ਨਾਲ ਹਰ ਵਰਗ ਦੇ ਮਿਹਨਤੀ ਆਗੂਆਂ ਨੂੰ ਮਿਲਿਆ ਸਨਮਾਨ
ਅਕਾਲੀ ਦਲ ਨੇ ਹਰੇਕ ਹਲਕੇ 'ਚ ਸਰਕਲਾਂ ਦੀ ਗਿਣਤੀ ਵਧਾਈ ਹੈ, ਜਿਸ ਨਾਲ ਮਿਹਨਤੀ ਆਗੂਆਂ ਨੂੰ ਐਡਜਸਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐੱਸ. ਸੀ. ਵਿੰਗ, ਬੀ. ਸੀ. ਵਿੰਗ, ਵਪਾਰ ਵਿੰਗ, ਇਸਤਰੀ ਵਿੰਗ ਬਣਾਏ ਜਾ ਰਹੇ ਹਨ, ਜਿਸ ਨਾਲ ਵਰਕਰਾਂ ਹੋਰ ਵੀ ਪੱਬਾਂ ਭਾਰ ਹੋ ਗਏ ਹਨ। ਜਦੋਂ ਕਿ ਹਾਕਮ ਧਿਰ ਸਰਕਾਰ ਹੋਣ ਦੇ ਬਾਵਜੂਦ ਵੀ ਅਜਿਹੀਆਂ ਅਹੁਦੇਦਾਰੀਆਂ ਵੰਡ ਕੇ ਕਾਂਗਰਸੀ ਵਰਕਰਾਂ ਨੂੰ ਉਤਸ਼ਾਹਤ ਕਰਨ ਵਿਚ ਪਛੜ ਰਹੀ ਹੈ। ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਆਪਣਾ ਪੰਜਾਬ ਵਿਚ ਸਮੁੱਚਾ ਜਥੇਬੰਦਕ ਢਾਂਚਾ ਭੰਗ ਕੀਤਾ ਹੋਇਆ ਹੈ, ਜਿਸਦਾ ਅਜੇ ਵਿਸਥਾਰ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਪਹਿਲਾਂ ਜੇਲ 'ਚ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, ਹੁਣ ਹਸਪਤਾਲ 'ਚ ਏ. ਐੱਸ.ਆਈ. 'ਤੇ ਹਮਲਾ ਕਰਕੇ ਭੱਜਿਆ ਕੈਦੀ
ਕੀ ਰਾਵਤ ਵਾਕਫ਼ ਹਨ ਪੰਜਾਬ ਦੀ ਜ਼ਮੀਨੀ ਹਕੀਕਤ ਤੋਂ
ਹਾਲ ਹੀ ਵਿਚ ਕਾਂਗਰਸ ਹਾਈਕਮਾਨ ਨੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਜਨਰਲ ਸਕੱਤਰ ਹੋਣ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਨਿਯੁਕਤੀ ਨੂੰ ਕਾਂਗਰਸ ਪੰਜਾਬ ਦੀਆਂ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਹਿਮ ਮੰਨ ਰਹੀ ਹੈ, ਪਰ ਸਵਾਲ ਇਸ ਗੱਲ ਦਾ ਹੈ ਕਿ ਰਾਵਤ ਹੋਰ ਸੂਬੇ ਦੇ ਹੋਣ ਕਰ ਕੇ ਪੰਜਾਬ ਦੀ ਜ਼ਮੀਨੀ ਹਕੀਕਤ ਤੋਂ ਅਣਜਾਣ ਹਨ, ਜਿੰਨਾ ਸਮਾਂ ਉਨ੍ਹਾਂ ਨੂੰ ਲੋਕਾਂ ਵਿਚ ਵਿਚਰਨ ਲਈ ਚਾਹੀਦਾ ਹੈ ਉਦੋਂ ਤੱਕ ਚੋਣਾਂ ਆ ਜਾਣੀਆਂ ਹਨ ਅਤੇ ਸਰਕਾਰ ਦੇ ਡਿੱਗ ਰਹੇ ਗਰਾਫ਼ ਵਿਚ ਕੀ ਉਹ ਤਬਦੀਲੀ ਦੇ ਰੰਗ ਭਰਨਗੇ?
ਅਕਾਲੀ ਦਲ ਲਈ ਕਾਰਜ ਸਿੰਘ ਆਹਲਾਂ ਦੀ ਕਾਰਜ ਪ੍ਰਣਾਲੀ ਬਣੀ ਮਿਸਾਲ
ਕਾਰਜ ਸਿੰਘ ਆਹਲਾਂ ਜੋ ਕਿ ਮਖੂ ਸਰਕਲ ਦੇ ਪ੍ਰਧਾਨ ਹਨ ਉਨ੍ਹਾਂ ਦੀ ਅਕਾਲੀ ਦਲ ਪ੍ਰਤੀ ਕਾਰਜਪ੍ਰਣਾਲੀ ਵੱਖਰੀ ਕਿਸਮ ਦੀ ਹੈ। ਉਸ ਨੇ ਆਪਣੇ ਸਰਕਲ ਵਿਚ ਇਸ ਤਰੀਕੇ ਤਾਲਮੇਲ ਬਣਾਇਆ ਹੋਇਆ ਹੈ ਕਿ ਉਹ ਹਰ ਬੰਦੇ ਤੋਂ ਵਾਕਫ ਹੈ ਅਤੇ ਹਰ ਵੋਟ ਦੇ ਉਹ ਭੇਤੀ ਹਨ ਕਿ ਇਸ ਬੂਥ 'ਤੇ ਕਿਹੜੇ-ਕਿਹੜੇ ਵਰਗ ਦੀਆਂ ਕਿੰਨੀਆਂ-ਕਿੰਨੀਆਂ ਵੋਟਾਂ ਹਨ। ਕਾਰਜ ਸਿੰਘ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਕੀਤਾ ਜਾ ਰਿਹਾ ਅਜਿਹਾ ਕਾਰਜ ਪਾਰਟੀ ਦੇ ਉੱਪਰਲੇ ਖੇਮੇ ਵਿਚ ਵੀ ਚਰਚਾ 'ਚ ਹੈ। ਅਕਸਰ ਹੀ ਅਕਾਲੀ ਦਲ ਦੇ ਵੱਡੇ ਲੀਡਰ ਕਾਰਜ ਸਿੰਘ ਦੀ ਮਿਸਾਲ ਦਿੰਦੇ ਹਨ।
ਅਕਾਲੀ ਦਲ ਨੇ ਹਰੇਕ ਵਰਕਰ ਨੂੰ ਸਤਿਕਾਰ ਦਿੱਤਾ : ਪੱਪੂ, ਖੋਸਾ, ਹੈਪੀ
ਅਕਾਲੀ ਦਲ ਕਿਸਾਨ ਵਿੰਗ ਦੇ ਸੂਬਾ ਸਕੱਤਰ ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ, ਜਸਵੀਰ ਸਿੰਘ ਖੋਸਾ ਸਰਕਲ ਪ੍ਰਧਾਨ ਖੋਸਾ ਰਣਧੀਰ ਅਤੇ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਦਿਲਬਾਗ ਸਿੰਘ ਹੈਪੀ ਭੁੱਲਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ ਉਨ੍ਹਾਂ ਨੇ ਜਿਥੇ ਪਾਰਟੀ ਦੇ ਹਰੇਕ ਵਰਕਰ ਨੂੰ ਮਾਣ ਸਤਿਕਾਰ ਦਿੱਤਾ, ਉੱਥੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਵੀ ਬੜੀ ਗੰਭੀਰਤਾ ਨਾਲ ਵਾਚਿਆ ਹੈ। ਅਕਾਲੀ ਦਲ ਦੀ ਸਰਕਾਰ ਹਮੇਸ਼ਾ ਪੰਜਾਬ ਦੇ ਵਿਕਾਸ ਦੇ ਮੁਦਈ ਰਹੀ ਹੈ ਉੱਥੇ ਵੱਡੇ-ਵੱਡੇ ਪ੍ਰਾਜੈਕਟ ਇਸ ਸਰਕਾਰ ਦੀ ਮੂੰਹ ਬੋਲਦੀ ਪ੍ਰਾਪਤੀਆਂ ਹਨ। ਅੱਜ ਵੀ ਬਜ਼ੁਰਗ ਕਿਸਾਨ ਆਪਣੀ ਨਵੀਂ ਪੀੜ੍ਹੀ ਨੂੰ ਬਾਦਲ ਸਰਕਾਰ ਵਲੋਂ ਦਿੱਤੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਦੀ ਬਾਤ ਸੁਣਾਉਂਦੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ।