ਮੋਗਾ ਰੈਲੀ ਵਿਚ ਹੋਏ ਟਕਰਾਅ 'ਤੇ ਡਾ. ਦਲਜੀਤ ਸਿੰਘ ਚੀਮਾ ਦਾ ਵੱਡਾ ਬਿਆਨ
Saturday, Sep 04, 2021 - 03:49 PM (IST)
 
            
            ਰੂਪਨਗਰ (ਸੱਜਣ ਸੈਣੀ)- ਬੀਤੇ ਦਿਨੀਂ ਮੋਗਾ ਵਿੱਚ ਅਕਾਲੀ ਦਲ ਦੀ ਰੈਲੀ ਦੌਰਾਨ ਯੂਥ ਅਕਾਲੀ ਦਲ, ਕਿਸਾਨ ਜਥੇਬੰਦੀਆਂ ਅਤੇ ਪੁਲਸ ਵਿਚਕਾਰ ਹੋਏ ਆਪਸੀ ਟਕਰਾਅ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਸਿੰਘ ਚੀਮਾ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਸਾਰੀ ਸਾਜ਼ਿਸ਼ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਰਚੀ ਗਈ ਸੀ। ਡਾ. ਚੀਮਾ ਨੇ ਕਿਹਾ ਕਿ ਰੈਲੀ ਦੌਰਾਨ ਕਿਸਾਨਾਂ ਦੇ ਭੇਸ ਵਿੱਚ ਪਥਰਾਅ ਕਰਨ ਵਾਲੇ ਸਾਰੇ ਕਾਂਗਰਸੀ ਅਤੇ 'ਆਪ' ਪਾਰਟੀ ਦੇ ਵਰਕਰਾਂ ਨੂੰ ਅਕਾਲੀ ਦਲ ਵੱਲੋਂ ਸਬੂਤਾਂ ਸਮੇਤ ਨੰਗਾ ਕੀਤਾ ਗਿਆ ਹੈ ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਦੂਜੀ ਖ਼ੁਰਾਕ ਸਬੰਧੀ ਸਰਕਾਰੀ ਟੀਕਾਕਰਨ ਕੇਂਦਰਾਂ ਨੂੰ ਨਵੀਆਂ ਹਦਾਇਤਾਂ ਜਾਰੀ

ਇਸ ਮੁੱਦੇ 'ਤੇ ਬੋਲਦੇ ਹੋਏ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਸ ਵਿੱਚ ਮਿਲੇ ਹੋਏ ਹਨ ਅਤੇ ਪੰਜਾਬ ਵਿੱਚ ਅਕਾਲੀ-ਬਸਪਾ ਦੀ ਵਧ ਰਹੀ ਲੋਕਪ੍ਰਿਅਤਾ ਨੂੰ ਵੇਖਦੇ ਹੋਏ  ਕਾਂਗਰਸ ਅਤੇ ਆਮ ਆਦਮੀ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਵਿੱਚ ਚੋਣਾਂ ਹੋਣ। ਇਸੇ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਕੇ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਾਉਣਾ ਚਾਹੁੰਦੇ ਹਨ ।
ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੋਗਾ ਰੈਲੀ ਦੌਰਾਨ ਜੋ ਵੀ ਟਕਰਾਅ ਹੋਇਆ, ਇਸ ਨੂੰ ਲੈ ਕੇ ਅਕਾਲੀ ਦਲ ਵੱਲੋਂ ਕਿਸੇ ਖ਼ਿਲਾਫ਼ ਕੋਈ ਐੱਫ. ਆਈ. ਆਰ.  ਦਰਜ ਨਹੀਂ ਕਰਵਾਈ ਗਈ ਸਗੋਂ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਐੱਫ. ਆਈ. ਆਰ.  ਦਰਜ ਕੀਤੀਆਂ ਗਈਆਂ ਹਨ। 
ਇਹ ਵੀ ਪੜ੍ਹੋ: ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵਧਾਈ ਸਖ਼ਤੀ, ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਕਾਂਗਰਸੀ ਲੀਡਰ ਡਾ. ਰਾਜ ਕੁਮਾਰ ਵੇਰਕਾ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਡਾ. ਦਲਜੀਤ ਸਿੰਘ ਚੀਮਾ ਨੇ ਰਾਜ ਕੁਮਾਰ ਵੇਰਕਾ ਨੂੰ ਕਿਹਾ ਕਿ ਤੁਸੀਂ ਕਾਂਗਰਸ ਦੇ ਅੰਦਰ ਆਪਸ ਵਿੱਚ ਚੱਲ ਰਹੇ ਟਵੰਟੀ-ਟਵੰਟੀ ਮੈਚ ਦੀ ਲਾਈਵ ਕੁਮੈਂਟਰੀ ਲੋਕਾਂ ਨੂੰ ਦਿਆ ਕਰੋ ਤਾਂ ਜੋ ਲੋਕਾਂ ਨੂੰ ਪੰਜਾਬ ਕਾਂਗਰਸ ਦੀਆਂ ਕਰਤੂਤਾਂ ਦਾ ਪਤਾ ਚੱਲ ਸਕੇ। ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਕਦੇ ਵੀ ਗੱਲਬਾਤ ਤੋਂ ਨਹੀਂ ਭੱਜਦਾ। ਇਸੇ ਦੇ ਚੱਲਦੇ ਅਕਾਲੀ ਦਲ ਵੱਲੋਂ ਆਪਣਾ "ਗੱਲ ਪੰਜਾਬ" ਦੀ ਪ੍ਰੋਗਰਾਮ ਰੋਕਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਲੀਡਰਾਂ ਨੂੰ ਖੁੱਲ੍ਹੀ ਗੱਲਬਾਤ ਲਈ 6 ਦਿਨ ਦਾ ਸਮਾਂ ਦਿੱਤਾ ਹੈ ਅਤੇ ਇਸ ਤੋਂ ਬਾਅਦ ਹੀ 11 ਤਾਰੀਖ਼ ਨੂੰ ਗੱਲ ਪੰਜਾਬ ਦੀ ਪ੍ਰੋਗਰਾਮ ਅਮਲੋਹ ਤੋਂ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ, ਹੁਣ ਰਾਤ ਨੂੰ ਇਸ ਟਾਈਮ ਵੀ ਮਿਲੇਗੀ ਬੱਸ ਸਰਵਿਸ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            