ਅਕਾਲੀ ਕੌਂਸਲਰ ਨੇ ਆਪਣੇ ਹੀ ਸਾਬਕਾ ਵਿਧਾਇਕ ਵਿਰੁੱਧ ਖੋਲ੍ਹਿਆ ਮੋਰਚਾ

Thursday, Jun 21, 2018 - 10:15 AM (IST)

ਬਠਿੰਡਾ (ਅਬਲੂ)-ਗੁਰਦੁਆਰਾ ਸਿੰਘ ਸਭਾ ਦੀ ਪ੍ਰਧਾਨਗੀ ਨੂੰ ਲੈ ਕੇ ਅਕਾਲੀ ਕੌਂਸਲਰ ਅਤੇ ਸਾਬਕਾ ਵਿਧਾਇਕ ਆਹਮੋ-ਸਾਹਮਣੇ ਹੋ ਗਏ ਹਨ ਜਦਕਿ ਨਵੇਂ ਬਣੇ ਪ੍ਰਧਾਨ 'ਤੇ ਕਾਂਗਰਸੀਆਂ ਦਾ ਹੱਥ ਹੋਣ ਦਾ ਦੋਸ਼ ਲਾਇਆ ਜਾ ਰਿਹਾ ਸੀ ਪਰ ਅਕਾਲੀਆਂ ਤੇ ਕਾਂਗਰਸੀਆਂ ਦੇ ਟਕਰਾਅ ਹੋਣ ਤੋਂ ਪਹਿਲਾਂ ਹੀ ਅਕਾਲੀ ਆਪਸ 'ਚ ਭਿੜਨ ਲੱਗੇ ਹਨ। ਅੱਜ ਅਕਾਲੀ ਕੌਂਸਲਰ ਤਰਲੋਕ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਦੀ ਸ਼ਹਿ 'ਤੇ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰੈੱਸ ਵਾਰਤਾ ਕਰ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਬਕਾ ਵਿਧਾਇਕ ਖੁਦ ਮਾੜੇ ਅਨਸਰਾਂ ਦਾ ਸਾਥ ਦੇ ਕੇ ਉਹ ਸੱਚ ਦੇ ਰਸਤੇ 'ਤੇ ਚੱਲਣ ਵਾਲਿਆਂ ਦੇ ਖਿਲਾਫ ਹਨ ਕਿਉਂਕਿ ਸਿੰਘ ਸਭਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਨੇ ਜੋ ਕਾਰਨਾਮੇ ਕੀਤੇ ਹਨ, ਉਸ ਤੋਂ ਹਰ ਕੋਈ ਵਾਕਫ ਹੈ ਅਤੇ ਆਪਣੀਆਂ ਮਾੜੀਆਂ ਕਰਤੂਤਾਂ ਕਰ ਕੇ ਰਜਿੰਦਰ ਸਿੱਧੂ ਅੱਜ ਜੇਲ ਦੀ ਹਵਾ ਖਾ ਰਿਹਾ ਹੈ ਪਰ ਸਾਬਕਾ ਵਿਧਾਇਕ ਉਸ ਦਾ ਪੱਖ ਲੈ ਕੇ ਕੀ ਸਾਬਤ ਕਰ ਰਿਹਾ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਕਿਉਂ ਚੁੱਪ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਇਕ ਵਕਾਰੀ ਪਾਰਟੀ ਹੈ ਅਤੇ ਇਸ ਨੂੰ ਬਦਨਾਮ ਕਰਨ ਵਾਲਿਆਂ ਨੂੰ ਪਾਰਟੀ 'ਚੋਂ ਕੱਢਣਾ ਚਾਹੀਦਾ ਹੈ। ਅਕਾਲੀ ਕੌਂਸਲਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਬਕਾ ਵਿਧਾਇਕ ਨੇ ਗੁਰੂ ਘਰ ਦੇ ਮਾਮਲੇ 'ਚ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਇਸ ਦੇ ਖਿਲਾਫ ਝੰਡਾ ਚੁੱਕਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਸਿੰਘ ਸਭਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਪਿਛਲੇ ਦਿਨੀਂ ਇਕ ਲੜਕੀ ਦੀ ਖੁਦਕੁਸ਼ੀ ਦੇ ਮਾਮਲੇ 'ਚ ਜੇਲ 'ਚ ਬੰਦ ਹਨ ਤੇ ਰਜਿੰਦਰ ਸਿੰਘ ਸਿੱਧੂ ਨੇ ਡੇਰਾ ਸਿਰਸਾ ਦੇ ਮੁਖੀ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਦੇ ਦੋਸ਼ 'ਚ ਮਾਮਲਾ ਦਰਜ ਕਰਵਾਇਆ ਸੀ ਅਤੇ ਉਸ ਦਿਨ ਤੋਂ ਹੀ ਚਰਚਾ 'ਚ ਆਇਆ ਸੀ, ਜਿਸ ਕਰ ਕੇ ਇਸਨੂੰ ਸਿੰਘ ਸਭਾ ਦਾ ਪ੍ਰਧਾਨ ਥਾਪਿਆ ਗਿਆ ਸੀ।  


Related News