ਜਾਗੋ ਉਮੀਦਵਾਰ ਦੀ ਸ਼ਿਕਾਇਤ ’ਤੇ ਅਕਾਲੀ ਉਮੀਦਵਾਰ ਅਹੂਜਾ ਦੀ ਨਾਮਜ਼ਦਗੀ ਹੋਈ ਰੱਦ
Tuesday, Sep 07, 2021 - 02:31 AM (IST)
ਜਲੰਧਰ(ਚਾਵਲਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਰਵਿੰਦਰ ਸਿੰਘ ਅਹੂਜਾ ਦੀ ਨਾਮਜ਼ਦਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦੋ ਕੋ-ਆਪਸ਼ਨ-ਸੀਟਾਂ ਲਈ 9 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਅੱਜ ਰੱਦ ਕਰ ਦਿੱਤੀ ਗਈ। ਦਰਅਸਲ, ਜਾਗੋ ਪਾਰਟੀ ਦੇ ਉਮੀਦਵਾਰ ਪਰਮਿੰਦਰ ਪਾਲ ਸਿੰਘ ਵਲੋਂ ਅਕਾਲੀ ਉਮੀਦਵਾਰ ਰਵਿੰਦਰ ਸਿੰਘ ਅਹੂਜਾ ਦੇ ਖ਼ਿਲਾਫ਼ ਗੁਰਮੁੱਖੀ ਲਿਪੀ ਪੜ੍ਹਨ ਅਤੇ ਲਿਖਣ ਵਿਚ ਅਸਫਲ ਰਹਿਣ ਲਈ ਇਕ ਲਿਖਤੀ ਇਤਰਾਜ਼ ਪੇਸ਼ ਕੀਤਾ ਗਿਆ ਸੀ। ਜਿਸ ’ਤੇ ਡਾਇਰੈਕਟਰ ਗੁਰਦੁਆਰਾ ਚੋਣ ਨੇ ਰਵਿੰਦਰ ਸਿੰਘ ਅਹੂਜਾ ਦੀ ਨਾਮਜ਼ਦਗੀ ਰੱਦ ਕਰ ਦਿੱਤੀ।
ਇਹ ਵੀ ਪੜ੍ਹੋ- ਕਾਂਗਰਸ ਪ੍ਰਧਾਨ ਨਾਲੋਂ ਮੁੱਖ ਮੰਤਰੀ ਦਾ ਰੁਤਬਾ ਉੱਚਾ : ਬਲਬੀਰ ਸਿੱਧੂ
ਇਸ ਬਾਰੇ ਜਾਣਕਾਰੀ ਦਿੰਦਿਆਂ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਬਾਦਲ ਦਲ ਨੇ ਆਪਣੇ 4 ਉਮੀਦਵਾਰਾਂ ਦੇ ਕੁੱਲ 6 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿਚੋਂ ਇਕ ਉਮੀਦਵਾਰ ਅਹੂਜਾ ਵੱਲੋਂ ਦਾਖਲ ਕੀਤੇ ਗਏ ਦੋਵੇਂ ਨਾਮਜ਼ਦਗੀ ਪੱਤਰ ਗੁਰਮੁਖੀ ਲਿਪੀ ਨੂੰ ਸਹੀ ਤਰੀਕੇ ਨਾਲ ਪੜ੍ਹਨ ਅਤੇ ਲਿਖਣ ਨਾ ਸਕਣ ਕਰ ਕੇ ਰੱਦ ਹੋ ਗਏ ਹਨ। ਜਦੋਂ ਕਿ ਡਾਇਰੈਕਟਰ ਗੁਰਦੁਆਰਾ ਚੋਣ ਨੇ ਮੇਰੇ ਵਲੋਂ ਇਕ ਹੋਰ ਅਕਾਲੀ ਉਮੀਦਵਾਰ ਵਿਕਰਮ ਸਿੰਘ ਰੋਹਿਣੀ ਵਿਰੁੱਧ ਦਾਇਰ ਇਤਰਾਜ਼ ਨੂੰ ਸਵੀਕਾਰ ਨਹੀਂ ਕੀਤਾ ਅਤੇ ਵਿਕਰਮ ਦੀ ਨਾਮਜ਼ਦਗੀ ਨੂੰ ਜਾਇਜ਼ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ- ਮਿਲੋ 'ਪ੍ਰਮਾਤਮਾ ਦੀਨ' ਨਾਲ ਜਿਸ ਨੇ ਆਪਣੀ ਮਿਹਨਤ ਸਦਕਾ UP ਤੋਂ ਪੰਜਾਬ ਆ ਖੋਲ੍ਹਿਆ ਜੂਸ ਬਾਰ (ਵੀਡੀਓ)
ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੈਂ ਵਿਕਰਮ ਵਲੋਂ ਖ਼ੁਦ ਨੂੰ ਨੈਤਿਕ ਕਦਾਚਾਰੀ ਅਤੇ ਅੰਮ੍ਰਿਤਧਾਰੀ ਦੱਸਣ ਵਾਲੇ ਦਿੱਤੇ ਗਏ ਹਲਫ਼ਨਾਮੇ ’ਤੇ ਇਤਰਾਜ਼ ਦਾਖਲ ਕੀਤਾ ਸੀ। ਕਿਉਂਕਿ ਵਿਕਰਮ ਉੱਤੇ 2018 ਵਿਚ 4 ਬੱਜਰ ਕੁਰਹਿਤਾਂ ਵਿਚੋਂ ਇਕ ਕੁਰਹਿਤ ਕਰਨ ਦਾ ਦੋਸ਼ ਲੱਗਿਆ ਸੀ ਜੋ ਕਿ ਅੰਮ੍ਰਿਤਧਾਰੀ ਵਿਅਕਤੀ ਲਈ ਵਰਜਿਤ ਹਨ। ਇਸ ਕਰ ਕੇ ਅੰਮ੍ਰਿਤ ਨੂੰ ਖੰਡਿਤ ਸਮਝਿਆ ਜਾਣਾ ਚਾਹੀਦਾ ਸੀ। ਨਾਲ ਹੀ ਉਕਤ ਮਨਾਹੀ ਕੰਮ ਨੈਤਿਕ ਆਚਰਨ ਦੇ ਵਿਰੁੱਧ ਸੀ, ਇਸ ਲਈ ਉਮੀਦਵਾਰ ਦੀ ਜ਼ਰੂਰੀ ਯੋਗਤਾ ਇਸ ਕਰ ਕੇ ਪ੍ਰਭਾਵਿਤ ਹੁੰਦੀ ਸੀ, ਪਰ ਡਾਇਰੈਕਟਰ ਨੇ ਵਿਕਰਮ ਦੇ ਹਲਫ਼ਨਾਮੇ ਨੂੰ ਸਹੀ ਮੰਨਦੇ ਹੋਏ ਮੇਰੇ ਦਾਖਲ ਇਤਰਾਜ਼ ਨੂੰ ਸਵੀਕਾਰ ਨਹੀਂ ਕੀਤਾ। ਇਸ ਲਈ ਹੁਣ ਜਾਗੋ ਪਾਰਟੀ ਵਿਕਰਮ ਦੀ ਉਮੀਦਵਾਰੀ ਨੂੰ ਅਦਾਲਤ ਵਿਚ ਚੁਨੌਤੀ ਦੇਵੇਗੀ। ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਇਕ ਇਮਤਿਹਾਨ ਦਾ ਸਮਾਂ ਹੈ ਕਿਉਂਕਿ ਉਨ੍ਹਾਂ ਦੇ ਉਮੀਦਵਾਰ ਦੀ ਨੈਤਿਕਤਾ ’ਤੇ ਸਵਾਲ ਉਠਾਏ ਗਏ ਹਨ। ਜੇਕਰ ਬਾਦਲਾਂ ਨੇ ਅਜੇ ਵੀ ਇਸ ਨੂੰ ਚੋਣ ਲੜਵਾਈ ਤਾਂ ਇਹ ਮੰਨਿਆ ਜਾਵੇਗਾ ਕਿ ਅਕਾਲੀ ਦਲ ਨੂੰ ਸਿਧਾਂਤਾਂ ਨਾਲ ਕੋਈ ਫਰਕ ਨਹੀਂ ਪੈਂਦਾ।