ਜਾਣੋ ਕੌਣ ਨੇ 'ਪਗੜੀ ਸੰਭਾਲ ਜੱਟਾ' ਲਹਿਰ ਦੇ ਆਗੂ ਅਜੀਤ ਸਿੰਘ

Tuesday, Feb 23, 2021 - 11:06 PM (IST)

ਜਾਣੋ ਕੌਣ ਨੇ 'ਪਗੜੀ ਸੰਭਾਲ ਜੱਟਾ' ਲਹਿਰ ਦੇ ਆਗੂ ਅਜੀਤ ਸਿੰਘ

ਸੰਯੁਕਤ ਕਿਸਾਨ ਮੋਰਚਾ ਅੱਜ ਜਾਨੀ ਕਿ 23 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਅਤੇ ਪਗੜੀ ਸੰਭਾਲ ਲਹਿਰ ਦੇ ਬਾਨੀ ਆਗੂ ਸਰਦਾਰ ਅਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ 'ਪਗੜੀ ਸੰਭਾਲ ਦਿਹਾੜਾ' ਮਨਾ ਰਿਹਾ ਹੈ।

ਅਜੀਤ ਸਿੰਘ ਦਾ ਜਨਮ 23 ਫਰਵਰੀ, 1881 ਨੂੰ ਜ਼ਿਲ੍ਹਾ ਜਲੰਧਰ ਦੇ ਖਟਕੜ ਕਲਾਂ ਪਿੰਡ ਵਿੱਚ ਹੋਇਆ ਸੀ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਉਨ੍ਹਾਂ ਦੇ ਵੱਡੇ ਭਰਾ ਅਤੇ ਸਵਰਨ ਸਿੰਘ ਛੋਟੇ ਭਰਾ ਸਨ।ਪਿਤਾ ਅਰਜਨ ਸਿੰਘ ਉਨ੍ਹਾਂ ਦਿਨਾਂ ਵਿੱਚ ਆਜ਼ਾਦੀ ਸੰਗਰਾਮ ਦੀ ਵਾਹਕ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ,ਇਸ ਕਰਕੇ ਤਿੰਨੋਂ ਭਰਾ ਵੀ ਉਸ ਨਾਲ ਜੁੜੇ ਹੋਏ ਸਨ।ਸ. ਅਜੀਤ ਸਿੰਘ ਨੂੰ ਵਿਰਸੇ ਵਿਚ ਮਿਲੀ ਦੇਸ਼ ਪਿਆਰ ਦੀ ਗੁੜ੍ਹਤੀ ਡੀ.ਏ.ਵੀ. ਕਾਲਜ ਲਾਹੌਰ ਵਿਚ ਪੜ੍ਹਦਿਆਂ ਪ੍ਰਿੰਸੀਪਲ ਲਾਲਾ ਹੰਸ ਰਾਜ ਦੀ ਸਿੱਖਿਆ ਕਾਰਨ ਹੋਰ ਪ੍ਰਭਾਵੀ ਹੋ ਗਈ ਸੀ। ਅਜੀਤ ਸਿੰਘ ਨੇ ਬਰੇਲੀ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ।1906 ਵਿਚ ਕਲਕੱਤੇ ਵਿਚ ਹੋਏ ਭਾਰਤੀ ਕੌਮੀ ਕਾਂਗਰਸ ਦੇ ਸੰਮੇਲਨ ਵਿਚ ਭਾਗ ਲੈਣ ਨੇ ਸੋਨੇ ਉੱਤੇ ਸੁਹਾਗੇ ਦਾ ਕੰਮ ਕੀਤਾ। ਕਲਕੱਤੇ ਤੋਂ ਉਹ ਲੋਕਮਾਨਿਆ ਬਾਲ ਗੰਗਾਧਰ ਤਿਲਕ, ਸ੍ਰੀ ਅਰਬਿੰਦੋ ਘੋਸ਼ ਆਦਿ ਗਰਮ ਖਿਆਲੀ ਆਗੂਆਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਆਇਆ। 

1907 ਵਿੱਚ ਅੰਗਰੇਜ਼ ਸਰਕਾਰ ਦੁਆਰਾ ਲਿਆਂਦੇ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਵਿੱਚ ਬੇਹੱਦ ਰੋਸ ਦੀ ਭਾਵਨਾ ਪੈਦਾ ਹੋਈ।ਪਗੜੀ ਸੰਭਾਲ ਓ ਜੱਟਾ ਲਹਿਰ ਅੰਗਰੇਜ਼ਾਂ ਵੱਲੋਂ ਪੰਜਾਬੀਆਂ ਨਾਲ ਕੀਤੀ ਜਾਂਦੀ ਨਾ-ਬਰਾਬਰੀ ਦੇ ਵਿਰੋਧ ਵਿੱਚ ਇੱਕ ਅੰਦੋਲਨ ਸੀ। ਸੰਨ 1907 ਈਸਵੀ ਵਿੱਚ ਅੰਗਰੇਜ਼ ਹਕੂਮਤ ਨੇ ਵਾਹੀ ਹੇਠਲੀ ਜ਼ਮੀਨ ਸਬੰਧੀ  ਬਿੱਲ ਪਾਸ ਕੀਤੇ:-

ਸਰਕਾਰੀ ਭੋਇੰ ਦੀ ਆਬਾਦਕਾਰੀਅਤ (ਪੰਜਾਬ) ਦਾ ਬਿੱਲ  
ਪੰਜਾਬ ਇੰਤਕਾਲ਼ੇ ਅਰਾਜ਼ੀ (ਵਾਹੀ ਹੇਠਲੀ ਜ਼ਮੀਨ) ਬਿੱਲ

ਇਨ੍ਹਾਂ ਬਿੱਲਾਂ ਮੁਤਾਬਿਕ-
ਬਾਰ ਵਿਚਲੀ ਜ਼ਮੀਨ ਦੀ ਵੰਡ ਰੋਕਣ ਵਾਸਤੇ ਬਾਪ ਦੀ ਜਾਇਦਾਦ ਸਾਰੇ ਪੁੱਤਰਾਂ ਵਿਚ ਇਕਸਾਰ ਵੰਡੇ ਜਾਣ ਦੀ ਰਵਾਇਤ ਤੋਂ ਉਲਟ ਇਸ ਦੀ ਮਾਲਕੀ ਕੇਵਲ ਸਭ ਤੋਂ ਵੱਡੇ ਪੁੱਤਰ ਦੀ ਮੰਨੀ ਗਈ। 
ਜੇਕਰ ਉਸਦੀ ਔਲਾਦ ਨਹੀਂ ਹੁੰਦੀ ਅਤੇ ਮੁਖੀ ਕਿਸਾਨ ਮਰ ਜਾਂਦਾ ਤਾਂ ਜ਼ਮੀਨ ਅੰਗਰੇਜ਼ੀ ਸ਼ਾਸਨ ਜਾਂ ਰਿਆਸਤ ਨੂੰ ਚਲੀ ਜਾਦੀ। 
ਇਨ੍ਹਾਂ ਬਿੱਲਾਂ ਤਹਿਤ ਕਿਸਾਨਾਂ ਦੀ ਜ਼ਮੀਨ ਜ਼ਬਤ ਹੋ ਸਕਦੀ ਸੀ।
ਕੋਈ ਆਬਾਦਕਾਰ ਆਪਣੀ ਜ਼ਮੀਨ ’ਤੇ ਖੜ੍ਹੇ ਦਰੱਖ਼ਤਾਂ ਨੂੰ ਨਹੀਂ ਸੀ ਵੱਢ ਸਕਦਾ।
ਬਿੱਲ ਵਿਚ ਇਹ ਤਜਵੀਜ਼ ਵੀ ਸੀ ਕਿ ਸ਼ਰਤਾਂ ਦੀ ਛੋਟੀ ਮੋਟੀ ਉਲੰਘਣਾ ਕਰਨ ਦੇ ਦੋਸ਼ ਵਿਚ ਕੇਵਲ ਚੌਵੀ ਘੰਟੇ ਦਾ ਨੋਟਿਸ ਦੇ ਕੇ ਜ਼ਮੀਨ ਦੀ ਅਲਾਟਮੈਂਟ ਰੱਦ ਕੀਤੀ ਜਾ ਸਕਦੀ ਸੀ।
ਸਰਕਾਰ ਨੇ ਬਾਰੀ ਦੁਆਬ ਨਹਿਰ ਦੇ ਪਾਣੀ ਨਾਲ ਸਿੰਜੀਆਂ ਜਾਣ ਵਾਲੀਆਂ ਜ਼ਮੀਨਾਂ ਦਾ ਮਾਲੀਆ ਕਈ ਗੁਣਾ ਵਧਾ ਦਿੱਤਾ।

ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਸਰਦਾਰ ਅਜੀਤ ਸਿੰਘ ਨੇ ਅੱਗੇ ਵਧ ਕੇ ਕਿਸਾਨਾਂ ਨੂੰ ਜਥੇਬੰਦ ਕੀਤਾ ਅਤੇ ਪੂਰੇ ਪੰਜਾਬ ਵਿੱਚ ਰੋਸ ਬੈਠਕਾਂ ਦਾ ਸਿਲਸਿਲਾ ਸ਼ੁਰੂ ਹੋਇਆ।ਉਸ ਨੇ ਆਪਣੇ ਭਰਾਵਾਂ ਸ. ਕਿਸ਼ਨ ਸਿੰਘ ਤੇ ਸਵਰਨ ਸਿੰਘ ਅਤੇ ਇਕ ਮਿੱਤਰ ਘਸੀਟਾ ਰਾਮ ਨੂੰ ਸਹਿਯੋਗੀ ਬਣਾ ਕੇ ਪਹਿਲਾਂ ਲਾਹੌਰ ਸ਼ਹਿਰ ਵਿਚ ਜਲਸੇ ਕਰਨੇ ਸ਼ੁਰੂ ਕੀਤੇ।ਇਨ੍ਹਾਂ ਦਿਨਾਂ ਵਿੱਚ ਲਾਲਾ ਲਾਜਪਤ ਰਾਏ ਲੋਕਾਂ ਦੇ ਆਗੂ ਦੇ ਰੂਪ ਵਿੱਚ ਪ੍ਰਵਾਨਿਤ ਹੋ ਚੁੱਕੇ ਸਨ। ਅਜੀਤ ਸਿੰਘ ਨੇ ਆਪ ਨੂੰ ਵੀ ਕਈ ਜਲਸਿਆਂ ਵਿੱਚ ਬੁਲਾਇਆ ।ਲਾਲਾ ਲਾਜਪਤ ਰਾਏ ਅਤੇ ਸਰਲਾ ਦੇਵੀ ਨੇ ਇਹਨਾਂ ਬਿੱਲਾਂ ਖ਼ਿਲਾਫ਼ ਅਖ਼ਬਾਰਾਂ ਵਿੱਚ ਲੇਖ ਲਿਖੇ। ਇਸ ਕਰਕੇ ਲਾਹੌਰ ਦੇ ਇੱਕ ਅਖ਼ਬਾਰ 'ਦਾ ਪੰਜਾਬ' ਉੱਤੇ ਮੁਕੱਦਮਾ ਵੀ ਚੱਲਿਆ।ਰੋਸ ਵਜੋਂ ਕਿਸਾਨਾਂ  ਨਾਲ ਸ਼ਹਿਰਾਂ ਦੇ ਪੜ੍ਹੇ-ਲਿਖੇ ਨੌਜਵਾਨ ਅਤੇ ਧਾਰਮਿਕ ਲੋਕ ਵੀ ਜੁੜ ਗਏ।

ਇਹ ਵੀ ਪੜ੍ਹੋ:ਜਾਣੋ ਕੀ ਹੈ ਸਵਾਮੀਨਾਥਨ ਰਿਪੋਰਟ, ਕਿਸਾਨ ਕਿਉਂ ਕਰ ਰਹੇ ਨੇ ਕਮਿਸ਼ਨ ਦੀਆਂ ਤਜਵੀਜ਼ਾਂ ਲਾਗੂ ਕਰਨ ਦੀ ਮੰਗ

22 ਮਾਰਚ 1907 ਨੂੰ ਲਾਇਲਪੁਰ (ਫ਼ੈਸਲਾਬਾਦ) 'ਚ ਡੰਗਰਾਂ ਦੀ ਮੰਡੀ ਵਿੱਚ ਇੱਕ ਜਲਸੇ ਦਾ ਪਰਬੰਧ ਕੀਤਾ ਗਿਆ, ਜਵਾਨ ਲਾਲਾ ਬਾਂਕੇ ਦਿਆਲ ਨੇ ‘ਪਗੜੀ ਸੰਭਾਲ ਓ ਜੱਟਾ ਪਗੜੀ ਸੰਭਾਲ’ ਟੇਕ ਵਾਲਾ ਗੀਤ ਗਾਇਆ। ਕਿਸਾਨਾਂ ਦੇ ਦੁੱਖਾਂ ਦਰਦਾਂ ਨੂੰ ਪੂਰੀ ਤਰ੍ਹਾਂ ਪ੍ਰਗਟਾਉਣ ਵਾਲਾ ਗੀਤ ਸਰੋਤਿਆਂ ਦੇ ਮਨ ਨੂੰ ਛੋਹ ਗਿਆ। ਇਸ ਅੰਦੋਲਨ ਦੌਰਾਨ ਹਰ ਕਿਸੇ ਦੀ ਜ਼ਬਾਨ ਉੱਤੇ ਚੜ੍ਹਨ ਵਾਲਾ ਇਹ ਗੀਤ ਅੰਦੋਲਨ ਦੀ ਆਤਮਾ ਨਾਲ ਏਨਾ ਇਕਸੁਰ ਹੋਇਆ ਕਿ ਇਹ ਅੰਦੋਲਨ ਹੀ ‘ਪਗੜੀ ਸੰਭਾਲ ਓ ਜੱਟਾ ’ ਅੰਦੋਲਨ ਦੇ ਨਾਉਂ ਨਾਲ ਜਾਣਿਆ ਜਾਣ ਲੱਗਾ। 

ਲਾਲਾ ਬਾਂਕੇ ਦਿਆਲ ਪੰਜਾਬੀ ਕਵੀ ਤੇ ਦੇਸ਼ ਭਗਤ ਸਨ । ਉਨ੍ਹਾਂ ਦੇ ਪਰਿਵਾਰ ਦਾ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜਦਾ ਹੈ । ਮੈਟ੍ਰਿਕ ਦੀ ਪੜ੍ਹਾਈ ਪੂਰੀ ਨਹੀਂ ਕੀਤੀ ਪਰ ਸ਼ਾਇਰੀ ਦਾ ਸ਼ੌਕ ਸੀ । ਕੁਝ ਦੇਰ ਝੰਗ ਸਿਆਲ ਅਤੇ ਰਘਬੀਰ ਪੱਤ੍ਰਿਕਾ ਸੰਪਾਦਤ ਕੀਤੀ । ਕੁਝ ਦੇਰ ਸਰਕਾਰੀ ਨੌਕਰੀ ਵੀ ਕੀਤੀ। ਆਜ਼ਾਦੀ ਦੀ ਲਹਿਰ ਵਿੱਚ ਕੈਦ ਵੀ ਕੱਟੀ । 

ਉਨ੍ਹਾਂ ਵਲੋਂ ਗਾਇਆ ਗੀਤ ਇਸ ਪ੍ਰਕਾਰ ਹੈ
ਪਗੜੀ ਸੰਭਾਲ ਜੱਟਾ
ਪਗੜੀ ਸੰਭਾਲ ਜੱਟਾ,
ਪੱਗੜੀ ਸੰਭਾਲ ਓ ।

ਹਿੰਦ ਸੀ ਮੰਦਰ ਸਾਡਾ, ਇਸਦੇ ਪੁਜਾਰੀ ਓ ।
ਝਲੇਂਗਾ ਹੋਰ ਅਜੇ, ਕਦ ਤਕ ਖੁਆਰੀ ਓ ।
ਮਰਨੇ ਦੀ ਕਰ ਲੈ ਹੁਣ ਤੂੰ, ਛੇਤੀ ਤਿਆਰੀ ਓ ।
ਮਰਨੇ ਤੋਂ ਜੀਣਾ ਭੈੜਾ, ਹੋ ਕੇ ਬੇਹਾਲ ਓ ।
ਪਗੜੀ ਸੰਭਾਲ ਓ ਜੱਟਾ ?

ਮੰਨਦੀ ਨਾ ਗੱਲ ਸਾਡੀ, ਇਹ ਭੈੜੀ ਸਰਕਾਰ ਵੋ ।
ਅਸੀਂ ਕਿਉਂ ਮੰਨੀਏ ਵੀਰੋ, ਏਸਦੀ ਕਾਰ ਵੋ ।
ਹੋਇਕੇ ਕੱਠੇ ਵੀਰੋ, ਮਾਰੋ ਲਲਕਾਰ ਵੋ।
ਤਾੜੀ ਦੋ ਹਥੜ ਵਜਣੀ, ਛੈਣਿਆਂ ਨਾਲ ਵੋ ।
ਪਗੜੀ ਸੰਭਾਲ ਓ ਜੱਟਾ ?

ਫਸਲਾਂ ਨੂੰ ਖਾ ਗਏ ਕੀੜੇ ।
ਤਨ ਤੇ ਨਾ ਦਿਸਦੇ ਲੀੜੇ ।
ਭੁੱਖਾਂ ਨੇ ਖੂਬ ਨਪੀੜੇ ।
ਰੋਂਦੇ ਨੀ ਬਾਲ ਓ ।
ਪਗੜੀ ਸੰਭਾਲ ਓ ਜੱਟਾ ?

ਬਨ ਗੇ ਨੇ ਤੇਰੇ ਲੀਡਰ ।
ਰਾਜੇ ਤੇ ਖਾਨ ਬਹਾਦਰ ।
ਤੈਨੂੰ ਫਸਾਉਣ ਖਾਤਰ ।
ਵਿਛਦੇ ਪਏ ਜਾਲ ਓ ।
ਪਗੜੀ ਸੰਭਾਲ ਓ ਜੱਟਾ ?

ਸੀਨੇ ਵਿਚ ਖਾਵੇਂ ਤੀਰ ।
ਰਾਂਝਾ ਤੂੰ ਦੇਸ਼ ਏ ਹੀਰ ।
ਸੰਭਲ ਕੇ ਚਲ ਓਏ ਵੀਰ ।
ਰਸਤੇ ਵਿਚ ਖਾਲ ਓ ।
ਪਗੜੀ ਸੰਭਾਲ ਓ ਜੱਟਾ ?

ਇਹ ਵੀ ਪੜ੍ਹੋਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ
ਸਰਕਾਰ ਨੇ ਇਸ ਲੋਕ ਰੋਹ ਪ੍ਰਤੀ ਲਾਪ੍ਰਵਾਹੀ ਵਿਖਾਈ ਅਤੇ ਆਬਾਦਕਾਰੀ ਬਿੱਲ 5 ਮਾਰਚ  1907 ਤੋਂ ਕਾਨੂੰਨ ਬਣ ਗਿਆ। ਪੰਜਾਬ ਅੰਦਰ ਅੰਗਰੇਜ਼ ਵਿਰੋਧੀ ਜਨ-ਅੰਦੋਲਨ ਸਿਖਰਾਂ ਉੱਤੇ ਪੁੱਜ ਗਿਆ। ਥਾਂ-ਥਾਂ ਲੋਕ ਅੰਗਰੇਜ਼ ਸਰਕਾਰ ਵਿਰੁੱਧ ਰੈਲੀਆਂ ਅਤੇ ਜਲਸੇ-ਜਲੂਸ ਕਰਨ ਲੱਗੇ। ਸਰਦਾਰ ਅਜੀਤ ਸਿੰਘ ਨੇ ਇਸ ਅੰਦੋਲਨ ਨੂੰ ਵਿਆਪਕ ਅਤੇ ਸ਼ਕਤੀਸ਼ਾਲੀ ਰੂਪ ਦੇਣ ਲਈ ਦਿਨ-ਰਾਤ ਇਕ ਕਰ ਦਿੱਤਾ। 21 ਅ੍ਰਪੈਲ, 1907 ਵਿੱਚ ਰਾਵਲਪਿੰਡੀ ਦੀ ਇੱਕ ਬੈਠਕ ਵਿੱਚ ਅਜੀਤ ਸਿੰਘ ਨੇ ਜੋ ਭਾਸ਼ਣ ਦਿੱਤਾ, ਉਸ ਨੂੰ ਅੰਗਰੇਜ਼ ਸਰਕਾਰ ਨੇ  ਦੇਸ਼ਧ੍ਰੋਹੀ ਭਾਸ਼ਣ ਮੰਨਿਆ। ਉਨ੍ਹਾਂ 'ਤੇ ਦਫ਼ਾ 124-ਏ ਤਹਿਤ ਕੇਸ ਦਰਜ ਕੀਤਾ।ਸਰਕਾਰ ਨੇ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਖ਼ਿਲਾਫ਼ ਕਾਰਵਾਈ ਕਰਨ ਦਾ ਮਨ ਬਣਾਇਆ। ਨਤੀਜੇ ਵਜੋਂ ਮਈ 1907 ਵਿਚ ਇਨ੍ਹਾਂ ਦੋਵਾਂ ਆਗੂਆਂ ਦੇ  ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ। ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਸਰਕਾਰ ਨੇ ਦੇਸ਼ ਨਿਕਾਲੇ ਦੀ ਸਜ਼ਾ ਦੇ ਕੇ ਬਰਮਾ (ਜੋ ਉਨ੍ਹਾਂ ਦਿਨਾਂ ਵਿੱਚ ਭਾਰਤ ਦਾ ਹਿੱਸਾ ਸੀ) ਦੀ ਜੇਲ੍ਹ ਵਿਚ ਬੰਦ ਕਰ ਦਿੱਤਾ। ਸਰਕਾਰ ਦੀ ਇਹ ਕਾਰਵਾਈ ਲੋਕਾਂ ਨੂੰ ਡਰਾਉਣ ਦੀ ਥਾਂ ਉਨ੍ਹਾ ਨੂੰ ਹੋਰ ਭੜਕਾਉਣ ਦਾ ਕਾਰਨ ਬਣੀ ਅਤੇ ਅੰਦੋਲਨ ਹੋਰ ਵੀ ਤੇਜ਼ੀ ਫੜ੍ਹਨ ਲੱਗਾ। ਅੰਗਰੇਜ਼ ਸਰਕਾਰ ਅੰਦਰ ਡਰ ਪੈਦਾ ਹੋਇਆ ਕਿ ਇਸ ਅੰਦੋਲਨ ਨਾਲ ਸੈਨਾ ਅਤੇ ਪੁਲਿਸ ਦੇ ਕਿਸਾਨ ਘਰਾਂ ਦੇ ਪੁੱਤਰ ਬਗਾਵਤ ਕਰ ਸਕਦੇ ਹਨ।ਸਥਿਤੀ ਵਿਗੜਦੀ ਵੇਖ ਕੇ ਵਾਇਸਰਾਇ ਨੇ ਆਪਣਾ ਵੀਟੋ ਦਾ ਅਧਿਕਾਰ ਵਰਤਦਿਆਂ ਨਵਾਂ ਬਿੱਲ ਹੀ ਵਾਪਸ ਨਾ ਲਿਆ ਸਗੋਂ ਨਵੰਬਰ 1907 ਵਿਚ ਦੋਵਾਂ ਆਗੂਆਂ ਨੂੰ ਬੰਧਨ ਮੁਕਤ ਵੀ ਕਰ ਦਿੱਤਾ। ਪੰਜਾਬ ਸਰਕਾਰ ਨੇ ਨਹਿਰੀ ਮਾਲੀਆ ਵਧਾਏ ਜਾਣ ਦਾ ਹੁਕਮ ਵੀ ਵਾਪਸ ਲੈ ਲਿਆ। ਇਉਂ ਇਹ ਅੰਦੋਲਨ ਆਪਣੇ ਮਨੋਰਥ ਦੀ ਪੂਰਨ ਪ੍ਰਾਪਤੀ ਉਪਰੰਤ ਸਫ਼ਲਤਾ ਸਹਿਤ ਖ਼ਤਮ ਹੋਇਆ।

ਇਹ ਵੀ ਪੜ੍ਹੋ:ਜਾਣੋ ਕੌਣ ਨੇ 'ਸਰ ਛੋਟੂ ਰਾਮ', ਜਿਨ੍ਹਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਕਿਸਾਨ ਅੱਜ ਦਿਖਾਉਣਗੇ ਇੱਕਜੁਟਤਾ

ਦਸੰਬਰ, 1907 ਦੀ ਸੂਰਤ ਕਾਂਗਰਸ ਦੀ ਬੈਠਕ ਵਿੱਚ ਭਾਗ ਲੈਣ ਗਏ ਅਜੀਤ ਸਿੰਘ ਨੂੰ ਲੋਕਮਾਨਿਆ ਤਿਲਕ ਨੇ  ਕਿਸਾਨਾਂ ਦਾ ਰਾਜਾ ਕਹਿ ਕੇ ਇੱਕ ਤਾਜ ਪਹਿਨਾਇਆ। 15 ਅਗਸਤ 1947 ਨੂੰ ਸਰਦਾਰ ਅਜੀਤ ਸਿੰਘ ਡਲਹੌਜ਼ੀ ਵਿਖੇ ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। 

ਹਰਨੇਕ ਸਿੰਘ ਸੀਚੇਵਾਲ
ਫ਼ੋਨ: 94173-33397

 

ਨੋਟ: ਸਰਦਾਰ ਅਜੀਤ ਸਿੰਘ ਦੇ ਕਿਸਾਨਾਂ ਲਈ ਕੀਤੇ ਅੰਦੋਲਨ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ?


author

Harnek Seechewal

Content Editor

Related News