ਚਿੱਟਾ ਹਾਥੀ ਸਾਬਤ ਹੋ ਰਿਹੈ ਟਾਂਡਾ ਉੜਮੁੜ ਦਾ ਖੇਤੀਬਾੜੀ ਦਫ਼ਤਰ

01/05/2018 12:25:22 PM

ਟਾਂਡਾ (ਜਸਵਿੰਦਰ)-ਕਿਸਾਨਾਂ ਨੂੰ ਸਰਟੀਫਾਈਡ ਕੁਆਲਿਟੀ ਦੇ ਬੀਜ, ਦਵਾਈਆਂ, ਖੇਤੀਬਾੜੀ ਦੇ ਸੰਦ, ਮਿੱਟੀ ਦੀ ਪਰਖ ਆਦਿ ਸਹੂਲਤਾਂ ਮੁਹੱਈਆ ਕਰਨ ਦੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਵਿਭਾਗ ਕਾਰਜਸ਼ੀਲ ਹੈ, ਜਿਸ ਦੀ ਮੁੱਖ ਡਿਊਟੀ ਖੇਤੀਬਾੜੀ ਵਾਲੀ ਜ਼ਮੀਨ ਦੀ ਮਿੱਟੀ ਦੀ ਪਰਖ ਕਰਨੀ ਹੈ।
ਪਿਛਲੇ ਕਾਫੀ ਸਮੇਂ ਤੋਂ ਦੇਖਣ 'ਚ ਆ ਰਿਹਾ ਹੈ ਕਿ ਟਾਂਡਾ ਉੜਮੁੜ ਦੇ ਖੇਤੀਬਾੜੀ ਦਫ਼ਤਰ 'ਚ ਮਿੱਟੀ ਦੀ ਪਰਖ ਲਈ ਲੈਬਾਰਟਰੀ ਅਤੇ ਕੁਝ ਔਜ਼ਾਰ ਤਾਂ ਮੌਜੂਦ ਹਨ ਪਰ ਮਾਹਿਰ ਤੇ ਕੈਮੀਕਲ ਉਪਲੱਬਧ ਨਾ ਹੋਣ ਕਰ ਕੇ ਇਹ ਚਿੱਟਾ ਹਾਥੀ ਹੀ ਸਾਬਤ ਹੋ ਰਿਹਾ ਹੈ। ਹੁਣ ਤਾਂ ਲੈਬਾਰਟਰੀ ਵੀ ਕਬਾੜ ਬਣ ਚੁੱਕੀ ਹੈ। ਮਿੱਟੀ ਦੀ ਪਰਖ ਨਾ ਹੋਣ ਕਰ ਕੇ ਕਿਸਾਨ ਅੰਨ੍ਹੇਵਾਹ ਰਸਾਇਣਕ ਖਾਦਾਂ ਵਰਤ ਕੇ ਜਿੱਥੇ ਆਰਥਿਕ ਸ਼ੋਸ਼ਣ ਕਰਵਾਉਣ ਲਈ ਮਜਬੂਰ ਹੈ, ਉੱਥੇ ਹੀ ਜ਼ਮੀਨ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਲੋਕਾਂ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਇਥੇ ਜਲਦੀ ਤੋਂ ਜਲਦੀ ਖੇਤੀਬਾੜੀ ਮਾਹਿਰ ਅਤੇ ਲੈਬਾਰਟਰੀ ਲਈ ਕੈਮੀਕਲ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਕਿਸਾਨ ਰਸਾਇਣਕ ਖਾਦਾਂ ਕਾਰਨ ਹੋ ਰਹੇ ਸ਼ੋਸ਼ਣ ਤੋਂ ਬਚ ਸਕਣ। 
ਇਸ ਸਬੰਧੀ ਜਦੋਂ ਐਡੀਸ਼ਨਲ ਚੀਫ਼ ਸੈਕਟਰੀ ਡਿਵੈੱਲਮੈਂਟ ਵਿਸ਼ਵਾਜੀਤ ਸਿੰਘ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਡਾਇਰੈਕਟਰ ਐਗਰੀਕਲਚਰ ਨੂੰ ਜਲਦੀ ਹੀ ਕਾਰਵਾਈ ਕਰਦਿਆਂ ਇਸ ਦੀ ਜਾਂਚ ਕਰਵਾਉਣ ਸਬੰਧੀ ਕਹਿਣਗੇ ਅਤੇ ਲੈਬਾਰਟਰੀ ਵਿਚ ਕੈਮੀਕਲ ਦੀ ਕਮੀ ਜਲਦੀ ਦੂਰ ਕਰਨ ਦੇ ਨਿਰਦੇਸ਼ ਦੇਣਗੇ।


Related News