ਚਿੱਟੇ ਦੇ ਨਸ਼ੇ ਦੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਨਾਲ ਨਾਬਾਲਗ ਦੀ ਮੌਤ

06/11/2024 6:00:31 PM

ਲੌਂਗੋਵਾਲ (ਵਿਜੇ, ਵਸ਼ਿਸ਼ਟ) : ਲੰਘੀਂ ਰਾਤ ਕਸਬਾ ਲੌਂਗੋਵਾਲ ਦੇ ਇਕ ਨਾਬਾਲਗ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਸ ਸਬੰਧੀ ਥਾਣਾ ਲੌਂਗੋਵਾਲ ਵਿਖੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤਹਿਤ 2 ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਲੌਂਗੋਵਾਲ ਦੇ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਸੁੱਖਵਿੰਦਰ ਸਿੰਘ ਪੁੱਤਰ ਬੰਤ ਸਿੰਘ ਵਾਸੀ ਪੱਤੀ ਰੰਧਾਵਾ ਨੇੜੇ ਕਾਲਾ ਟੋਆ ਲੌਂਗੋਵਾਲ ਨੇ ਥਾਣਾ ਲੌਂਗੋਵਾਲ ਵਿਖੇ ਦਰਜ ਕਰਵਾਏ ਆਪਣੇ ਬਿਆਨਾਂ ’ਚ ਦੋਸ਼ ਲਾਉਂਦਿਆਂ ਕਿਹਾ ਕਿ ਕੱਲ ਦੁਪਹਿਰ ਸਮੇਂ ਦਲਜੀਤ ਸਿੰਘ ਉਰਫ ਲਾਡੀ ਪੁੱਤਰ ਗੁਰਮੀਤ ਸਿੰਘ ਵਾਸੀ ਪੱਤੀ ਗਾਹੂ ਲੌਂਗੋਵਾਲ ਅਤੇ ਚਿੰਟੂ ਪੁੱਤਰ ਜਗਨ ਨਾਥ ਵਾਸੀ ਨੇੜੇ ਮੂਲੇ ਕਾ ਦਰਵਾਜ਼ਾ ਲੌਂਗੋਵਾਲ ਸਾਡੇ ਘਰ ਆਏ ਅਤੇ ਮੇਰੇ ਲੜਕੇ ਜੋਬਨਪ੍ਰੀਤ ਸਿੰਘ (17) ਨੂੰ ਆਪਣੇ ਨਾਲ ਲੈ ਗਏ। 

ਇਸ ਦੌਰਾਨ ਦੇਰ ਸ਼ਾਮ ਤੱਕ ਜਦੋਂ ਮੇਰਾ ਲੜਕਾ ਘਰ ਵਾਪਸ ਨਾ ਆਇਆ ਤਾਂ ਮੈਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਜਦੋਂ ਉਹ ਮੈਨੂੰ ਮਿਲਿਆ ਤਾਂ ਪਤਾ ਚੱਲਿਆ ਕਿ ਉਕਤ ਮੁਲਜ਼ਮਾਂ ਨੇ ਮੇਰੇ ਲੜਕੇ ਜੋਬਨਪ੍ਰੀਤ ਦੇ ਚਿੱਟੇ (ਹੈਰੋਇਨ) ਦਾ ਜ਼ਿਆਦਾ ਮਾਤਰਾ ਵਾਲਾ (ਓਵਰਡੋਜ਼) ਟੀਕਾ ਲਾ ਦਿੱਤਾ ਹੈ। ਮੈਂ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾ ਦਿੱਤਾ ਪਰ ਉਥੇ ਮੇਰੇ ਲੜਕੇ ਜੋਬਨਪ੍ਰੀਤ ਸਿੰਘ ਦੀ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਅਤੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਵਿਅਕਤੀ ਦਲਜੀਤ ਸਿੰਘ ਉਰਫ ਲਾਡੀ ਪੁੱਤਰ ਗੁਰਮੀਤ ਸਿੰਘ ਵਾਸੀ ਪੱਤੀ ਗਾਹੂ ਲੌਂਗੋਵਾਲ ਅਤੇ ਚਿੰਟੂ ਪੁੱਤਰ ਜਗਨ ਨਾਥ ਵਾਸੀ ਨੇੜੇ ਮੂਲੇ ਕਾ ਦਰਵਾਜ਼ਾ ਲੌਂਗੋਵਾਲ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।


Gurminder Singh

Content Editor

Related News