ਜਲੰਧਰ ਬਾਈਪਾਸ ਨੇੜੇ ਭਿਆਨਕ ਹਾਦਸਾ! ਲਾਸ਼ ਦੇ ਉੱਪਰੋਂ ਲੰਘਦੀਆਂ ਰਹੀਆਂ ਗੱਡੀਆਂ

Sunday, Aug 30, 2026 - 02:09 PM (IST)

ਜਲੰਧਰ ਬਾਈਪਾਸ ਨੇੜੇ ਭਿਆਨਕ ਹਾਦਸਾ! ਲਾਸ਼ ਦੇ ਉੱਪਰੋਂ ਲੰਘਦੀਆਂ ਰਹੀਆਂ ਗੱਡੀਆਂ

ਲੁਧਿਆਣਾ: ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਪਾਸਪੋਰਟ ਦਫ਼ਤਰ ਦੇ ਸਾਹਮਣੇ ਮੁੱਖ ਸੜਕ 'ਤੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਲਗਭਗ 30-35 ਸਾਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਲਾਸ਼ ਦੇ ਉੱਪਰੋਂ ਕਈ ਹੋਰ ਵਾਹਨ ਵੀ ਲੰਘ ਗਏ, ਜਿਸ ਕਾਰਨ ਲਾਸ਼ ਬੁਰੀ ਤਰ੍ਹਾਂ ਦਰੜੀ ਗਈ ਅਤੇ ਉਸ  ਦੀ ਪਛਾਣ ਕਰਨਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ।

ਜਾਣਕਾਰੀ ਮੁਤਾਬਕ, 28 ਅਗਸਤ ਨੂੰ ਇਕ ਆਟੋ ਚਾਲਕ, ਮੁਕੇਸ਼ ਸਹਿਗਲ ਨੇ ਪਾਸਪੋਰਟ ਦਫ਼ਤਰ ਦੇ ਸਾਹਮਣੇ ਸੜਕ 'ਤੇ ਲਾਸ਼ ਪਈ ਦੇਖੀ ਅਤੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਮ੍ਰਿਤਕ ਦੇ ਹੁਲੀਏ ਅਤੇ ਪਹਿਰਾਵੇ ਤੋਂ ਉਹ ਇਕ ਮਜ਼ਦੂਰ ਜਾਪਦਾ ਹੈ। ਪੁਲਸ ਨੇ ਆਸ-ਪਾਸ ਦੇ ਲੋਕਾਂ ਅਤੇ ਰਾਹਗੀਰਾਂ ਦੀ ਮਦਦ ਨਾਲ ਉਸ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਕੋਲੋਂ ਕੋਈ ਪਛਾਣ ਪੱਤਰ ਜਾਂ ਦਸਤਾਵੇਜ਼ ਨਾ ਮਿਲਣ ਕਾਰਨ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। 

ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 281 ਅਤੇ 106 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹਾਦਸੇ ਨੂੰ ਅੰਜਾਮ ਦੇਣ ਵਾਲੇ ਵਾਹਨ ਅਤੇ ਉਸ ਦੇ ਚਾਲਕ ਦਾ ਪਤਾ ਲਗਾਉਣ ਲਈ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।


author

Anmol Tagra

Content Editor

Related News