ਫਾਜ਼ਿਲਕਾ ਸੜਕ ਹਾਦਸਾ: 5 ਮ੍ਰਿਤਕਾਂ ਦਾ ਪੋਸਟਮਾਰਟਮ ਮੁਕੰਮਲ, ਪਰਿਵਾਰ ਨੇ ਬਿਆਨ ਕੀਤਾ ਦਰਦਨਾਕ ਮੰਜ਼ਰ

Monday, Nov 16, 2026 - 07:30 PM (IST)

ਫਾਜ਼ਿਲਕਾ ਸੜਕ ਹਾਦਸਾ: 5 ਮ੍ਰਿਤਕਾਂ ਦਾ ਪੋਸਟਮਾਰਟਮ ਮੁਕੰਮਲ, ਪਰਿਵਾਰ ਨੇ ਬਿਆਨ ਕੀਤਾ ਦਰਦਨਾਕ ਮੰਜ਼ਰ

ਫਾਜ਼ਿਲਕਾ (ਕ੍ਰਿਸ਼ਨ): ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਥੇਹ ਕਲੰਦਰ ਟੋਲ ਪਲਾਜ਼ਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਨੇ ਹਰ ਕਿਸੇ ਦਾ ਦਿਲ ਪਸੀਜ ਕੇ ਰੱਖ ਦਿੱਤਾ ਹੈ। ਸਾਹਮਣੇ ਆਈ ਇੱਕ ਦਿਲ ਕੰਬਾਊ ਤਸਵੀਰ ਵਿੱਚ ਬੁਰੀ ਤਰ੍ਹਾਂ ਨੁਕਸਾਨੀ ਗਈ ਗੱਡੀ ਦੇ ਮਲਬੇ ਉੱਪਰ ਇੱਕ ਛੋਟੇ ਬੱਚੇ ਦੀ ਰੰਗ-ਬਿਰੰਗੀ ਜੁੱਤੀ ਅਤੇ ਇੱਕ ਬੂਟ ਪਿਆ ਹੋਇਆ ਦਿਖਾਈ ਦੇ ਰਿਹਾ ਹੈ, ਜੋ ਵਿਆਹ ਤੋਂ ਵਾਪਸ ਪਰਤ ਰਹੇ ਪਰਿਵਾਰਾਂ ਨਾਲ ਵਾਪਰੇ ਇਸ ਹਾਦਸੇ ਦੀ ਬੇਹੱਦ ਦਰਦਨਾਕ ਕਹਾਣੀ ਬਿਆਨ ਕਰ ਰਿਹਾ ਹੈ। ਦੱਸਣਯੋਗ ਹੈ ਕਿ ਬੀਤੀ ਸ਼ਾਮ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਤੋਂ ਫਾਜ਼ਿਲਕਾ ਦੇ ਪਿੰਡ ਕਰਨੀ ਖੇੜੇ ਵਿਆਹ 'ਚ ਆਈ ਬਰਾਤ ਦੀਆਂ ਦੋ ਗੱਡੀਆਂ ਵਾਪਸ ਜਾਂਦੇ ਸਮੇਂ ਆਪਸ ਵਿੱਚ ਹੀ ਟਕਰਾ ਗਈਆਂ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਗੰਭੀਰ ਜ਼ਖ਼ਮੀ ਹੋ ਗਏ।

ਪੁਲਸ ਅਧਿਕਾਰੀ ਡੀਐਸਪੀ ਬੀ.ਐਸ. ਰੰਧਾਵਾ ਅਨੁਸਾਰ ਦੋਵੇਂ ਗੱਡੀਆਂ ਵਿੱਚ ਕੁੱਲ 16 ਸਵਾਰੀਆਂ ਸਨ, ਜਿਨ੍ਹਾਂ ਵਿੱਚੋਂ 5 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਜ਼ਖ਼ਮੀ ਹਨ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ 5 ਲੋਕਾਂ ਵਿੱਚ ਦੋ ਬੱਚੇ (ਸਚਿਨ ਅਤੇ ਜੋਵਨ), ਇੱਕ 8 ਮਹੀਨੇ ਦੀ ਬੱਚੀ (ਗੁਰਲੀਨ), ਡਰਾਈਵਰ ਕੁਲਵਿੰਦਰ ਸਿੰਘ ਉਰਫ਼ ਬੂਟਾ ਸਿੰਘ ਅਤੇ ਹਰਿਆਣਾ ਦੇ ਫਤਿਹਾਬਾਦ ਤੋਂ ਆਈ ਔਰਤ ਗੁਰਦੀਪ ਕੌਰ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਸਾਰੇ 5 ਮ੍ਰਿਤਕਾਂ ਦਾ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਅਤੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਪੁਲਿਸ ਵੱਲੋਂ ਇਸ ਹਾਦਸੇ ਸਬੰਧੀ ਪਰਚਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜ਼ਖ਼ਮੀਆਂ ਵਿੱਚੋਂ ਗੰਭੀਰ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਅਤੇ ਬਠਿੰਡਾ ਰੈਫ਼ਰ ਕੀਤਾ ਗਿਆ ਹੈ।

ਮੌਕੇ ਦੇ ਚਸ਼ਮਦੀਦ ਗਵਾਹ ਕਸ਼ਮੀਰ ਚੰਦ ਨੇ ਦੱਸਿਆ ਕਿ ਬਰਾਤ ਦੀ ਇੱਕ ਗੱਡੀ ਓਵਰਟੇਕ ਕਰ ਰਹੀ ਸੀ ਕਿ ਪਿੱਛੋਂ ਆ ਰਹੀ ਦਾਜ ਵਾਲੀ ਦੂਜੀ ਗੱਡੀ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਇਹ ਗੱਡੀ ਅੱਗੇ ਜਾ ਰਹੇ ਟਰੱਕ ਨਾਲ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਟਰੱਕ ਆਪਣੀ ਸਹੀ ਸਾਈਡ 'ਤੇ ਸੀ ਅਤੇ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਸੀ, ਜਿਸ ਕਾਰਨ ਟੱਕਰ ਇੰਨੀ ਭਿਆਨਕ ਸੀ ਕਿ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰ ਵਾਲਿਆਂ ਅਤੇ ਚਸ਼ਮਦੀਦਾਂ ਨੇ ਪ੍ਰਸ਼ਾਸਨ 'ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇਸ ਸੜਕ 'ਤੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦਾ ਹੈ ਪਰ ਹਾਈਵੇ ਨਾ ਹੋਣ ਕਾਰਨ ਇੱਥੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਹਾਈਵੇ ਵਿੱਚ ਤਬਦੀਲ ਕੀਤਾ ਜਾਵੇ ਤਾਂ ਜੋ ਹੋਰ ਲੋਕਾਂ ਦੀ ਜਾਨ ਬਚਾਈ ਜਾ ਸਕੇ। ਜਿਵੇਂ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਜੱਦੀ ਪਿੰਡ ਟਿਵਾਣਾ ਕਲਾਂ ਪਹੁੰਚੀਆਂ ਤਾਂ ਪੂਰੇ ਪਿੰਡ ਵਿੱਚ ਚੀਕ-ਚਿਹਾੜਾ ਮਚ ਗਿਆ ਅਤੇ ਹਰ ਅੱਖ ਨਮ ਹੋ ਗਈ।


author

Anmol Tagra

Content Editor

Related News