ਕਾਂਗਰਸ ਵੱਲੋਂ ਲਾਏ ਦੋਸ਼ਾਂ ’ਤੇ ''ਆਪ'' ਦੀ ਦੋ-ਟੁਕ, “ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੇ ਕਾਂਗਰਸ”
Wednesday, Apr 19, 2023 - 01:51 AM (IST)
 
            
            ਚੰਡੀਗੜ੍ਹ (ਰਮਨਜੀਤ ਸਿੰਘ) : ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਾਂਗਰਸ ਵਲੋਂ ਜਲੰਧਰ ਜ਼ਿਮਨੀ ਚੋਣ ਵਿੱਚ ‘ਆਪ ਉਮੀਦਵਾਰ ਸਮੇਤ ਪੰਜਾਬ ਸਰਕਾਰ ਵਿਰੁੱਧ ਕੂੜ-ਪ੍ਰਚਾਰ ਦੀ ਕੀਤੀ ਜਾ ਰਹੀ ਕੋਸ਼ਿਸ਼ ਦੀ ਕਰੜੇ ਸਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਾਂਗਰਸ ਨੂੰ ਉਸਦੀ ਅਸਲੀਅਤ ਤੋਂ ਜਾਣੂ ਕਰਵਾਉਂਦਿਆਂ ਲਾਸ਼ਾਂ ਦੀ ਸਿਆਸਤ ਕਰਨ ਬਦਲੇ ਪੰਜਾਬੀਆਂ ਤੋਂ ਮੁਆਫ਼ੀ ਮੰਗਣ ਅਤੇ ਹੋਰਾਂ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਨਸੀਹਤ ਦਿੱਤੀ। ਪਾਰਟੀ ਦਫ਼ਤਰ ਤੋਂ ਜਾਰੀ ਆਪਣੇ ਬਿਆਨ ਵਿਚ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸ ਵਲੋਂ ਜਲੰਧਰ ਜ਼ਿਮਨੀ ਚੋਣਾਂ ਵਿੱਚ ਹੋਣ ਵਾਲੀ ਹਾਰ ਤੋਂ ਡਰ ਕੇ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਖਿਲਾਫ਼ ਜੋ ਕੂੜ-ਪ੍ਰਚਾਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵਲੋਂ ਆਮ ਆਦਮੀ ਪਾਰਟੀ ਵਿੱਚ ਹਰ ਉਸ ਵਿਅਕਤੀ ਦਾ ਸਦਾ ਸੁਆਗਤ ਕੀਤਾ ਜਾਂਦਾ ਰਹੇਗਾ, ਜੋ ਦੇਸ਼ ਅਤੇ ਪੰਜਾਬ ਦੇ ਭਲੇ ਲਈ ਕੰਮ ਕਰਨਾ ਚਾਹੁੰਦਾ ਹੈ, ਫਿਰ ਚਾਹੇ ਉਹ ਕਿਸੇ ਵੀ ਦਲ ਨਾਲ ਸਬੰਧਤ ਹੋਵੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵੱਖ-ਵੱਖ ਅਸਾਮੀਆਂ ਲਈ ਵਿਭਾਗੀ ਪ੍ਰੀਖਿਆ ਦੀ ਤਾਰੀਖ਼ ਦਾ ਕੀਤਾ ਐਲਾਨ
ਇਸ ਦੇ ਨਾਲ ਹੀ ਮਲਵਿੰਦਰ ਕੰਗ ਨੇ ਕਾਂਗਰਸ ਦੇ ਅੰਦਰੂਨੀ ਕਲੇਸ਼ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਸ ਕਾਂਗਰਸ ਵਿਚ ਰਾਜਾ ਵੜਿੰਗ ਨੂੰ ਕੋਈ ਆਗੂ ਮੰਨਣ ਨੂੰ ਤਿਆਰ ਨਹੀਂ, ਨਵਜੋਤ ਸਿਧੂ ਵੜਿੰਗ ਨੂੰ ਪ੍ਰਧਾਨ ਨਹੀਂ ਮੰਨਦਾ, ਸੁਖਪਾਲ ਖਹਿਰਾ ਰਾਣਾ ਗੁਰਜੀਤ ਕਰਕੇ ਜਲੰਧਰ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਤਿਆਰ ਨਹੀਂ ਪ੍ਰਤਾਪ ਬਾਜਵਾ ਤੇ ਸੁਖਜਿੰਦਰ ਰੰਧਾਵਾ ਦੀ ਆਪੋ ਵਿਚ ਨਹੀਂ ਬਣਦੀ, ਐਸੀ ਪਾਰਟੀ ਜਿਸ ਤੋਂ ਆਪਣਾ ਘਰ ਨਹੀਂ ਸੰਭਾਲਿਆ ਜਾ ਰਿਹਾ ਉਸ ਤੋਂ ਸਾਨੂੰ ਨਸੀਹਤ ਦੀ ਕੋਈ ਲੋੜ ਨਹੀਂ। ਮਲਵਿੰਦਰ ਕੰਗ ਨੇ ਕਾਂਗਰਸ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਦੇਸ਼ ਵਿਚ ਐਮਰਜੰਸੀ ਕਿਸ ਨੇ ਲਾਈ, ਕਿਸ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ, ਸ੍ਰੀ ਅਕਾਲ ਤਖ਼ਤ ਢਹਿਢੇਰੀ ਕੀਤਾ ਤੇ ਅਣਗਿਣਤ ਬੇਕਸੂਰ ਸਿੱਖਾਂ ਤੇ ਪੰਜਾਬੀਆਂ ਨੂੰ ਮਾਰਿਆ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਧਿਆਪਕਾਂ ਨੂੰ ਇਹ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ
ਉਨ੍ਹਾਂ ਮਰਹੂਮ ਸਿੱਧੂ ਮੂਸੇਵਾਲਾ ਦੇ ਮਸਲੇ ’ਤੇ ਕਾਂਗਰਸ ਉਪਰ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਜਾਣਬੁੱਝ ਕੇ ਸਿੱਧੂ ਮੂਸੇਵਾਲੇ ਦਾ ਨਾਮ ਵਰਤਕੇ ਲਾਸ਼ਾਂ ਦੀ ਰਾਜਨੀਤੀ ਕਰ ਰਹੀ ਹੈ ਜਦਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਵਿਸ਼ਵ ਪ੍ਰਸਿੱਧ ਗਾਇਕ ਦੀ ਹੋਈ ਹੱਤਿਆ ਪਿੱਛੇ ਸ਼ਾਮਲ ਹਰ ਇਕ ਨੂੰ ਸਜ਼ਾ ਦੇਣ ਲਈ ਆਪਣੀ ਪੂਰੀ ਵਾਹ ਲਾਈ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਸਵ. ਮੂਸੇਵਾਲਾ ਦੇ ਮਸਲੇ ’ਤੇ ਸੌੜੀ ਸਿਆਸਤ ਕਰਨ ਵਾਲੀ ਕਾਂਗਰਸ ਜਵਾਬ ਦੇਵੇ ਕਿ ਉਨ੍ਹਾਂ ਵਿੱਕੀ ਮਿੱਡੂਖੇੜਾ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਭਗਵਾਨ ਕਤਲਕਾਂਡ ਦੇ ਦੋਸ਼ੀਆਂ ਖਿਲਾਫ਼ ਕੀ ਕਾਰਵਾਈ ਕੀਤੀ ਸੀ?
ਇਹ ਵੀ ਪੜ੍ਹੋ : ਨਗਰ ਨਿਗਮ ਦਾ ਬਿਲਡਿੰਗ ਇੰਸਪੈਕਟਰ ਤੇ ਕਲਰਕ ਰਿਸ਼ਵਤ ਲੈਣ ਦੇ ਦੋਸ਼ ਹੇਠ ਚੜ੍ਹੇ ਵਿਜੀਲੈਂਸ ਅੜਿੱਕੇ
ਕੰਗ ਨੇ ਕਿਹਾ ਕਿ ਇਹ ਅਕਾਲੀ-ਕਾਂਗਰਸੀ ਸਨ, ਜਿੰਨ੍ਹਾਂ ਨੇ ਪੰਜਾਬ ਸਿਰ ਕਰਜ਼ਾ ਚਾੜ੍ਹਿਆ ਅਤੇ ਲੋਕਾਂ ਦੇ ਪੈਸੇ ਨਾਲ ਸਿਸਵਾਂ ਫਾਰਮ ਅਤੇ ਸੁੱਖ ਵਿਲਾਸ ਖੜ੍ਹੇ ਕਰ ਲਏ। ਮਲਵਿੰਦਰ ਕੰਗ ਨੇ ਕਿਹਾ ਕਿ ਆਗਾਮੀ ਜਲੰਧਰ ਜ਼ਿਮਨੀ ਚੋਣਾਂ ਵਿਚ ‘ਆਪ’ ਦੀ ਹੋਣ ਵਾਲੀ ਜਿੱਤ ਤੋਂ ਬੌਖਲਾਏ ਕਾਂਗਰਸੀਆਂ ਨੂੰ ਕਿਸੇ ’ਤੇ ਝੂਠਾ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰਨਾ ਚਾਹੀਦਾ ਹੈ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            