'ਦਿੱਲੀ 'ਚ ਪ੍ਰਦੂਸ਼ਣ ਦੀ ਜ਼ਿੰਮੇਵਾਰੀ ਤੋਂ ਪੱਲਾ ਛਡਾਉਣ ਲਈ 'ਆਪ' ਵੱਲੋਂ ਪੰਜਾਬ ਦੇ ਕਿਸਾਨਾਂ ’ਤੇ ਮੜ੍ਹਿਆ ਜਾ ਰਿਹੈ ਦੋਸ਼'

Monday, Nov 15, 2021 - 11:08 PM (IST)

'ਦਿੱਲੀ 'ਚ ਪ੍ਰਦੂਸ਼ਣ ਦੀ ਜ਼ਿੰਮੇਵਾਰੀ ਤੋਂ ਪੱਲਾ ਛਡਾਉਣ ਲਈ 'ਆਪ' ਵੱਲੋਂ ਪੰਜਾਬ ਦੇ ਕਿਸਾਨਾਂ ’ਤੇ ਮੜ੍ਹਿਆ ਜਾ ਰਿਹੈ ਦੋਸ਼'

ਚੰਡੀਗੜ/ਨਵੀਂ ਦਿੱਲੀ- ਦਿੱਲੀ ਦੇ ਪ੍ਰਦੂਸਣ ਲਈ ਪੰਜਾਬ ਦੇ ਕਿਸਾਨਾਂ ਨੂੰ ਗਲਤ ਤਰੀਕੇ ਨਾਲ ਜ਼ਿੰਮੇਵਾਰ ਠਹਿਰਾਉਣ ਲਈ ਆਮ ਆਦਮੀ ਪਾਰਟੀ (ਆਪ) ਦੀ ਨਿੰਦਾ ਕਰਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਨੇ ਅੱਜ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਆਪਣਾ ਅਕਸ ਬਚਾਉਣ ਲਈ ਦੂਜਿਆਂ ਸਿਰ ਦੋਸ਼ ਮੜਨ ਦੀ ਨੀਤੀ ਅਪਣਾਈ ਹੋਈ ਹੈ ਜੋ ਰਾਸਟਰੀ ਰਾਜਧਾਨੀ ’ਚ ਪ੍ਰਦੂਸਣ ’ਤੇ ਕਾਬੂ ਪਾਉਣ ’ਚ ਪੂਰੀ ਤਰਾਂ ਅਸਫ਼ਲ ਰਹੀ ਹੈ।
ਸ੍ਰੀ ਗੁਰਕੀਰਤ ਸਿੰਘ, ਜੋ ਇੱਥੇ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਚੱਲ ਰਹੇ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ 2021 ਦੌਰਾਨ ਕਰਵਾਏ ਗਏ ਪੰਜਾਬ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ, ਨੇ ਕੇਂਦਰ ਸਰਕਾਰ ਨੂੰ ਕਰਤਾਰਪੁਰ ਲਾਂਘਾ ਮੁੜ ਖੋਲਣ ਦੀ ਅਪੀਲ ਵੀ ਕੀਤੀ, ਜੋ ਕਿ ਕੋਵਿਡ-19 ਮਹਾਂਮਾਰੀ ਕਰਕੇ ਮਾਰਚ 2020 ਤੋਂ ਬੰਦ ਪਿਆ ਹੈ।
ਪੰਜਾਬ ਵਿੱਚ ਉਦਯੋਗਿਕ ਵਿਕਾਸ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਅਤੇ ਪੰਜਾਬ ਵਿੱਚ ਉਦਯੋਗਿਕ ਖੇਤਰ ਦੇ ਸਥਿਰ ਵਿਕਾਸ ਨੂੰ ਯਕੀਨੀ ਬਣਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ ਲਿਆਂਦਾ ਹੈ, ਜਿਸ ਨਾਲ ਨਾ ਸਿਰਫ ਆਰਥਿਕਤਾ ਨੂੰ ਲੋੜੀਂਦਾ ਹੁਲਾਰਾ ਮਿਲਿਆ ਹੈ ਸਗੋਂ ਰੁਜਗਾਰ ਵੀ ਪੈਦਾ ਹੋਇਆ ਹੈ।

ਇਹ ਵੀ ਪੜ੍ਹੋ- ਦਿੱਲੀ ਪੁਲਸ ਵੱਲੋਂ ਨਿਊ ਅੰਮ੍ਰਿਤਸਰ 'ਚ ਛਾਪਾ, ਨਕਲੀ ਨੋਟ ਬਣਾਉਣ ਵਾਲੀ ਫੈਕਟਰੀ ਦਾ ਹੋਇਆ ਪਰਦਾਫਾਸ਼
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ 26 ਅਤੇ 27 ਅਕਤੂਬਰ ਨੂੰ ਦੋ ਰੋਜਾ ਪ੍ਰਗਤੀਸ਼ੀਲ ਪੰਜਾਬ ਨਿਵੇਸਕ ਸੰਮੇਲਨ ਕਰਵਾਇਆ ਸੀ, ਜਿਸ ਦੌਰਾਨ ਉੱਘੇ ਉਦਯੋਗਪਤੀਆਂ ਨੇ ਆਪਣੇ ਕਾਰੋਬਾਰਾਂ ਦਾ ਵਿਸਥਾਰ ਕਰਨ ਲਈ ਪੰਜਾਬ ਵਿੱਚ ਹੋਰ ਨਿਵੇਸ ਕਰਨ ਦੀ ਗੱਲ ਦੁਹਰਾਈ।    

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਿਵੇਸ਼ਕਾਰਾਂ ਦੀ ਸਹੂਲਤ ਵਾਸਤੇ ਇਕੋ ਥਾਂ ਉਤੇ ਸੰਪਰਕ ਸਾਧਣ ਲਈ ‘ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ’ ਦੀ ਸਥਾਪਨਾ ਕੀਤੀ ਹੈ। ਨਵੀਂ ਉਦਯੋਗਿਕ ਨੀਤੀ ਦੇ ਤਹਿਤ ਵਿਸਥਾਰਤ ਸਕੀਮਾਂ ਅਤੇ ਕਾਰਜਸ਼ੀਲ ਦਿਸ਼ਾ-ਨਿਰਦੇਸ਼ ਲਾਗੂ ਕਰਨ ਦਾ ਇਕ ਮਾਤਰ ਉਦੇਸ਼ ਮੁਲਕ ਵਿਚ ਨਿਵੇਸ਼ਕਾਰਾਂ ਅਤੇ ਕਾਰੋਬਾਰ ਲਈ ਪੰਜਾਬ ਨੂੰ ਨੰਬਰ ਇਕ ਸਥਾਨ ਬਣਾਉਣਾ ਹੈ। ਨਵੀਂ ਨੀਤੀ ਹੇਠ ਬਦਲਾਅ ਦੇ ਅੱਠ ਮੁੱਖ ਨੁਕਤਿਆਂ ਉਤੇ ਅਧਾਰਿਤ ਕਈ ਵੱਡੇ ਸੁਧਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨਾਂ ਵਿਚ ਬੁਨਿਆਦੀ ਢਾਂਚਾ, ਬਿਜਲੀ, ਹੁਨਰ, ਐਮ.ਐਸ.ਐਮ.ਈਜ, ਨਵਾਂ ਕਾਰੋਬਾਰ ਚਲਾਉਣ ਅਤੇ ਉੱਦਮ, ਕਾਰੋਬਾਰ ਨੂੰ ਸੁਖਾਲਾ ਬਣਾਉਣ, ਵਿੱਤੀ ਤੇ ਗੈਰ-ਵਿੱਤੀ ਰਿਆਇਤਾਂ ਅਤੇ ਨੀਤੀ ਸ਼ਾਮਲ ਹਨ।

ਸ੍ਰੀ ਗੁਰਕੀਰਤ ਸਿੰਘ ਨੇ ਖੁਲਾਸਾ ਕੀਤਾ ਕਿ ਨਿਵੇਸ਼ ਪੰਜਾਬ ਨੇ ਸਿੰਗਲ ਵਿੰਡੋ ਪੋਰਟਲ ਪ੍ਰਣਾਲੀ ਲਾਗੂ ਕਰਨ ਲਈ ਬਿਜਨਸ ਫਸਟ ਪੋਰਟਲ  ਦੀ ਸ਼ੁਰੂਆਤ ਕਰ ਦਿੱਤੀ ਹੈ ਤਾਂ ਕਿ ਵੱਖ-ਵੱਖ ਪ੍ਰਵਾਨਗੀਆਂ ਇਕ ਥਾਂ ਦਿੱਤੀਆਂ ਜਾ ਸਕਣ ਜਿਸ ਦੇ ਨਿਰਮਾਣ ਲਈ ਪਰਮਿਟ, ਵਿੱਤੀ ਰਿਆਇਤਾਂ, ਪ੍ਰਾਪਰਟੀ ਟੈਕਸ ਸਮੇਤ ਪ੍ਰਾਪਰਟੀ ਦਾ ਆਨਲਾਈਨ ਡਾਟਾ ਅਤੇ ਈ-ਆਕਸ਼ਨ ਦੇ ਰਾਹੀਂ ਜਮੀਨ ਅਲਾਟ ਕੀਤੇ ਜਾਣਾ ਸ਼ਾਮਲ ਹੈ। ਕਿਰਤ ਵਿਭਾਗ ਲਈ ਕੇਂਦਰੀ ਨਿਰੀਖਣ ਪ੍ਰਣਾਲੀ ਨੂੰ ਲਾਗੂ ਕਰ ਦਿੱਤਾ ਹੈ। ਵਿਵਾਦ ਦੇ ਛੇਤੀ ਹੱਲ ਲਈ ਲੁਧਿਆਣਾ ਵਿਖੇ ਕਮਰਸ਼ੀਅਲ ਅਦਾਲਤਾਂ ਸਥਾਪਤ ਕੀਤੀਆਂ ਗਈਆਂ ਹਨ।

ਮੰਤਰੀ ਨੇ ਕਿਹਾ ਕਿ ਸਿਖਰਲੇ ਬੁਨਿਆਦੀ ਢਾਂਚੇ ਅਤੇ ਪੰਜਾਬ ਸਰਕਾਰ ਦੀਆਂ ਵੱਡੀਆਂ ਪਹਿਲਕਦਮੀਆਂ ਦੀ ਮੌਜੂਦਗੀ ਸਦਕਾ ਨਿਵੇਸ਼ਕਾਰਾਂ ਲਈ ਪੰਜਾਬ, ਸਭ ਤੋਂ ਢੁਕਵਾਂ ਸਥਾਨ ਬਣਿਆ। ਪੰਜਾਬ ਵਿਚ ਉਚ ਸਾਖਰਤਾ ਹੈ ਅਤੇ ਇਸ ਦੀ ਜਮੀਨ ਬੜੀ ਉਪਜਾਊ ਹੈ। ਭਾਰਤ ਵਿਚ ਪੰਜਾਬ ਦੀ ਸੰਪਰਕ ਵਿਵਸਥਾ ਸਭ ਤੋਂ ਬਿਹਤਰੀਨ ਹੈ। ਮੌਜੂਦਾ ਉਦਯੋਗ/ਐਮ.ਐਸ.ਐਮ.ਈਜ ਲਈ ਜ਼ਿਲਾ ਪੱਧਰ ਉਤੇ ਸਥਾਪਤ ਕੀਤੇ ਜਾਣ ਵਾਲੀ ਵਿਸ਼ੇਸ਼ ਸਿੰਗਲ ਵਿੰਡੋ ਫੈਸਲਿਟੀ ਦੀਆਂ ਮੁੱਖ ਵਿਸ਼ੇਸ਼ਤਾਵਾਂ, 5 ਰੁਪਏ ਪ੍ਰਤੀ ਯੂਨਿਟ ਦੀ ਢੁਕਵੀਂ ਦਰ (ਅਗਲੇ ਪੰਜ ਸਾਲਾਂ ਲਈ ਨਿਰਧਾਰਤ) ਉਤੇ ਮਿਆਰੀ ਬਿਜਲੀ ਨੇ ਨਵੇਂ ਨਿਵੇਸ਼ਕਾਰਾਂ ਨੂੰ ਆਕਰਸ਼ਿਤ ਕੀਤਾ ਹੈ।

ਮੁੱਖ ਮਹਿਮਾਨ ਨੇ ਪੰਜਾਬ ਪੈਵੇਲੀਅਨ ਦਾ ਵੀ ਦੌਰਾ ਕੀਤਾ ਜਿਸ ਨੂੰ ਆਈ.ਆਈ.ਟੀ.ਐਫ.-2021 ਦੇ ਵਿਸ਼ੇ ‘ਆਤਮਨਿਰਭਰ ਭਾਰਤ-ਸਵੈ ਨਿਰਭਰ ਭਾਰਤ’ ਮੁਤਾਬਕ ਉਲੀਕਿਆ ਅਤੇ ਸ਼ਿੰਗਾਰਿਆ ਗਿਆ ਹੈ।  ਇਸ ਦੇ ਖੇਤਰ ਦਾ ਮੂੰਹ-ਮਹਾਂਦਰਾ, ਪ੍ਰਵੇਸ਼ ਦੁਆਰ ਅਤੇ ਆਕਰਸ਼ਨ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ- ਖੇਤੀਬਾੜੀ ਵਿਭਾਗ ਦੀਆਂ ਖਾਲੀ ਅਸਾਮੀਆਂ ਨਾ ਭਰ ਕੇ ਪੰਜਾਬ ਦੀ ਖੇਤੀ ਨੂੰ ਖ਼ਤਮ ਕਰਨ ’ਤੇ ਤੁਲੀ ਕਾਂਗਰਸ ਸਰਕਾਰ: ਸੰਧਵਾਂ

‘ਪੰਜਾਬ ਪੈਵੇਲੀਅਨ’ ਦੇ ਖੇਤਰ ਨੂੰ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਵਿਸ਼ਵ ਪੱਧਰ ਸਹੂਲਤਾਂ ਨਾਲ ਉਦਯੋਗ ਦੀ ਤਰੱਕੀ ਨੂੰ ਦਰਸਾਉਂਦਾ ਹੋਇਆ ਬਣਾਇਆ ਗਿਆ ਹੈ। ਮਿਲਕਫੈੱਡ ਦਾ ਸਟਾਲ ਉਤੇ ਵੇਰਕਾ ਦੇ ਉਤਪਾਦ ਅਤੇ ਪੀ.ਐਸ.ਆਈ.ਈ.ਸੀ. ਦਾ ਪੰਜਾਬ ਫੁਲਕਾਰੀ ਦਾ ਸਟਾਲ ਸਭ ਤੋਂ ਵੱਧ ਆਕਰਸ਼ਿਤ ਰਹੇ। ਮਾਰਕਫੈੱਡ ਨੇ ਆਪਣੀਆਂ 100 ਤੋਂ ਵੱਧ ਵਸਤਾਂ ਨੂੰ ਦਰਸਾਇਆ ਜੋ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਸਨ। ਪੰਜਾਬ ਬਾਇਓਟੈਕਨਾਲੋਜੀ ਇੰਕੂਬੇਟਰ ਰਾਹੀਂ ਸੂਚਨਾ ਤੇ ਤਕਨਾਲੋਜੀ ਵਿਭਾਗ, ਪੰਜਾਬ ਊਰਜਾ ਵਿਕਾਸ ਅਥਾਰਟੀ, ਪੰਜਾਬ ਸੈਰ ਸਪਾਟਾ, ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ , ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ ਦੇ ਸਟਾਲ ਆਦਿ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਸਨ।

ਇਸ ਮੌਕੇ ਐਂਫੀ ਥੀਏਟਰ ਵਿਖੇ ਸੱਭਿਆਚਾਰਕ ਸ਼ਾਮ ਵੀ ਕਰਵਾਈ ਗਈ। ਮੁੱਖ ਮਹਿਮਾਨ ਵੱਲੋਂ ਸ਼ਮਾਂ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕਰਵਾਈ ਗਈ।

ਇਸ ਮੌਕੇ ਪ੍ਰਮੁੱਖ ਸਕੱਤਰ ਉਦਯੋਗ ਤੇ ਕਾਮਰਸ ਸ੍ਰੀ ਤੇਜਵੀਰ ਸਿੰਘ, ਪੀ.ਐਸ.ਆਈ.ਈ.ਸੀ. ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਕੁਮਾਰ ਅਮਿਤ, ਪੰਜਾਬ ਪੈਵੇਲੀਅਨ ਦੇ ਪ੍ਰਸ਼ਾਸਕ ਸ੍ਰੀ ਜੇ.ਐਸ. ਰੰਧਾਵਾ ਅਤੇ ਪੰਜਾਬ ਪੈਵੇਲੀਅਨ ਦੇ ਕੋ-ਆਰਡੀਨੇਟਰ ਸ੍ਰੀ ਗੁਰਪ੍ਰੀਤ ਸਿੰਘ ਸਮੇਤ ਹੋਰ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।

ਪ੍ਰਸਿੱਧ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਅਤੇ ਕੁਲਵਿੰਦਰ ਬਿੱਲਾ ਨੇ ਆਪਣੀ ਦਿਲਕਸ਼ ਆਵਾਜ ਨਾਲ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਪੰਜਾਬੀ ਗੀਤਾਂ ਦੀ ਧਮਕ ਉਤੇ ਦਰਸ਼ਕ ਝੂਮ ਉਠੇ।


author

Bharat Thapa

Content Editor

Related News