ਵਿਸ਼ੇਸ਼ ਅਧਿਕਾਰ ਹਨਨ ਮਾਮਲੇ ''ਚ ''ਆਪ'' ''ਤੇ ਇਤਰਾਜ਼ ਜਤਾਉਣਾ ਅਕਾਲੀ-ਕਾਂਗਰਸ ਦੀ ਚਾਲ

09/07/2019 10:30:59 AM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਨ ਅਰੋੜਾ ਨੇ ਇਥੇ ਸ਼੍ਰੋਮਣੀ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਮਿਲ ਕੇ ਬਰਗਾੜੀ ਅਤੇ ਬਹਿਬਲ ਕਲਾਂ ਜਾਂਚ ਨੂੰ ਭਟਕਾ ਕੇ ਸਿਰੇ ਨਾਲ ਲੱਗਣ ਦੇਣ ਅਤੇ ਦੋਸ਼ੀ ਅਫਸਰਾਂ ਨੂੰ ਬਚਾਉਣ ਦੇ ਗੰਭੀਰ ਦੋਸ਼ ਲਾਏ। ਅਰੋੜਾ ਨੇ ਬੀਤੇ ਦਿਨੀਂ ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਉਨ੍ਹਾਂ ਅਤੇ 'ਆਪ' ਦੇ ਬਾਕੀ ਸਾਥੀਆਂ ਵਲੋਂ ਸਪੀਕਰ ਵਿਧਾਨ ਸਭਾ ਰਾਣਾ ਕੇ. ਪੀ. ਨੂੰ ਪ੍ਰਬੋਧ ਕੁਮਾਰ ਡੀ. ਜੀ. ਪੀ. ਖਿਲਾਫ ਦਿਤੇ ਵਿਸ਼ੇਸ਼ ਅਧਿਕਾਰ ਹਨਨ ਪ੍ਰਸਤਾਵ 'ਤੇ ਇਤਰਾਜ਼ ਕਰਨ 'ਤੇ ਹੈਰਾਨੀ ਅਤੇ ਚਿੰਤਾ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੂੰ ਹੀ ਕਟਹਿਰੇ ਵਿਚ ਖੜ੍ਹਾ ਕੀਤਾ।
ਅਰੋੜਾ ਨੇ ਕਿਹਾ ਕਿ ਜਿਥੇ ਅਕਾਲੀ ਦਲ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਆਪਣੇ-ਆਪ ਨੂੰ ਪੰਥ ਦਾ ਪਹਿਰੇਦਾਰ ਕਹਾਉਣ ਵਾਲੇ ਅਕਾਲੀ ਦਲ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਹੋਈ, ਉਥੇ ਹੀ ਅਕਾਲੀ ਦਲ ਵੱਲੋਂ ਦੋਸ਼ੀ ਅਫਸਰਾਂ ਨੂੰ ਬਚਾਉਣਾ ਚਿੰਤਾ ਦਾ ਵਿਸ਼ਾ ਹੈ। ਅਰੋੜਾ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ 3 ਕੇਸਾਂ ਨੂੰ ਬਹਿਬਲ ਕਲਾਂ ਅਤੇ ਕੋਟਕਪੂਰਾ ਦੇ ਗੋਲੀ ਕਾਂਡ ਨਾਲ ਜੋੜ ਕੇ ਲੋਕਾਂ ਨੂੰ ਭੰਬਲਭੂਸੇ ਵਿਚ ਪਾ ਕੇ ਰੱਖਣਾ ਚਾਹੁੰਦੇ ਹਾਂ ਜਦਕਿ ਜਾਂਚ ਪੱਖੋਂ ਇਹ ਦੋਵੇਂ ਕੇਸ ਬਿਲਕੁੱਲ ਵੱਖ ਹਨ।
ਅਰੋੜਾ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਈ ਕਿ ਡੀ. ਜੀ. ਪੀ ਪ੍ਰਬੋਧ ਕੁਮਾਰ ਖਿਲਾਫ ਦਿੱਤੇ ਵਿਸ਼ੇਸ਼ ਅਧਿਕਾਰ ਹਨਨ ਦੇ ਮਾਮਲੇ ਉਤੇ ਮਜੀਠੀਆ ਨੂੰ ਇੰਨੀ ਤਕਲੀਫ ਕਿਉਂ ਹੋਈ ਹੈ? ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀਆਂ ਖਿਲਾਫ ਵਿਸ਼ੇਸ਼ ਅਧਿਕਾਰ ਹਨਨ ਦੀ ਕਾਰਵਾਈ ਨਾ ਮੰਗਣ ਦੇ ਸਵਾਲ 'ਤੇ ਅਰੋੜਾ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨ 'ਚ ਮਜੀਠੀਆ ਨੇ ਪੀ. ਐੱਚ. ਡੀ. ਕੀਤੀ ਲੱਗਦੀ ਹੈ ਕਿਉਂਕਿ ਇਹ ਤਾਂ ਇਕ ਅਣਜਾਣ ਵਿਅਕਤੀ ਨੂੰ ਵੀ ਪਤਾ ਹੈ ਕਿ ਜੋ ਵੀ ਅਧਿਕਾਰੀ ਵਿਧਾਨ ਸਭਾ ਦੇ ਮਤੇ ਦੇ ਵਿਰੁੱਧ ਜਾਵੇ, ਉਸ ਉਪਰ ਹੀ ਵਿਸ਼ੇਸ਼ ਅਧਿਕਾਰ ਹਨਨ ਦਾ ਕੇਸ ਬਣਦਾ ਹੈ ਨਾ ਕਿ ਕਿਸੇ ਹੋਰ ਉੱਪਰ। ਉਨ੍ਹਾਂ ਮਜੀਠੀਆ ਨੂੰ ਸਲਾਹ ਦਿੱਤੀ ਕਿ ਜੇ ਫਿਰ ਵੀ ਮਜੀਠੀਆ ਨੂੰ ਕੋਈ ਸ਼ੱਕ ਹੈ ਤਾਂ ਉਨ੍ਹਾਂ ਨੂੰ ਪੰਥ ਦੀ ਅਖੌਤੀ ਰਖਵਾਲਾ ਪਾਰਟੀ ਦਾ ਸੀਨੀਅਰ ਆਗੂ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਵਿਸ਼ੇਸ਼ ਅਧਿਕਾਰ ਹਨਨ ਦਾ ਕੇਸ ਕਰਨ ਤੋਂ ਕੌਣ ਰੋਕਦਾ ਹੈ।


Babita

Content Editor

Related News