ਬਿੱਟੂ ਹੱਤਿਆਕਾਂਡ ਦੀ ਹਾਈ ਕੋਰਟ ਰਾਹੀਂ ਸਮਾਂਬੱਧ ਜਾਂਚ ਹੋਵੇ : ਹਰਪਾਲ ਚੀਮਾ

Monday, Jun 24, 2019 - 07:43 PM (IST)

ਬਿੱਟੂ ਹੱਤਿਆਕਾਂਡ ਦੀ ਹਾਈ ਕੋਰਟ ਰਾਹੀਂ ਸਮਾਂਬੱਧ ਜਾਂਚ ਹੋਵੇ : ਹਰਪਾਲ ਚੀਮਾ

ਚੰਡੀਗੜ੍ਹ (ਰਮਨਜੀਤ)— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਤੇ ਹਰਚੰਦ ਸਿੰਘ ਬਰਸਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਚੋਰੀ ਕਰਨ ਤੇ ਬੇਅਦਬੀ ਕਰਨ ਦੇ ਦੋਸ਼ ਦਾ ਸਾਹਮਣਾ ਕਰ ਰਹੇ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੀ ਨਾਭਾ ਜੇਲ 'ਚ ਹੋਈ ਹੱਤਿਆ ਪਿੱਛੇ ਵੱਡੀ ਸਾਜ਼ਿਸ਼ ਦੱਸਿਆ ਹੈ ਤੇ ਇਸ ਵਾਰਦਾਤ ਦੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਸਮਾਂਬੱਧ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਆਪਸੀ ਸਦਭਾਵਨਾ ਤੇ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਕੀਤੀ ਹੈ। 'ਆਪ' ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ 'ਆਪ' ਆਗੂਆਂ ਨੇ ਕਿਹਾ ਕਿ ਨਾਭਾ ਦੀ ਸਭ ਤੋਂ ਸੁਰੱਖਿਅਤ ਕਹੀ ਜਾਂਦੀ ਜੇਲ ਅੰਦਰ ਬੰਦ ਬੇਅਦਬੀ ਮਾਮਲਿਆਂ ਨਾਲ ਸਬੰਧਤ ਅਹਿਮ ਦੋਸ਼ੀ ਦਾ ਕਤਲ ਹੋਣਾ ਸਾਧਾਰਨ ਮਾਮਲਾ ਨਹੀਂ ਹੈ, ਇਹ ਬੇਅਦਬੀ ਦੀਆਂ ਘਟਨਾਵਾਂ ਨਾਲ ਜੁੜੇ ਸਬੂਤਾਂ ਨੂੰ ਖਤਮ ਕਰਨ ਦੀ ਕੜੀ ਦਾ ਹਿੱਸਾ ਹੈ। ਦੂਜੇ ਪਾਸੇ ਕਾਨੂੰਨ ਵਿਵਸਥਾ ਦੇ ਲਿਹਾਜ਼ ਨਾਲ ਜੰਗਲ ਰਾਜ ਬਣੇ ਪੰਜਾਬ ਦੀ ਅਸਲੀਅਤ ਬਿਆਨ ਕਰਨ ਵਾਲੀ ਘਟਨਾ ਹੈ ਕਿਉਂਕਿ ਜੇਲਾਂ ਨੂੰ ਸਭ ਤੋਂ ਸੁਰੱਖਿਅਤ ਜਗ੍ਹਾ ਮੰਨਿਆ ਜਾਂਦਾ ਹੈ।

'ਆਪ' ਆਗੂਆਂ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨਾਲ ਕਰੋੜਾਂ ਲੋਕਾਂ ਦੀਆਂ ਧਾਰਮਿਕ ਸਮਾਜਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਸਮੁੱਚੀ ਸੰਗਤ ਜਲਦੀ ਇਨਸਾਫ ਤੇ ਸਾਰੇ ਛੋਟੇ-ਵੱਡੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਸਰਕਾਰ ਵੱਲ ਦੇਖ ਰਹੀ ਹੈ ਪਰ ਪਹਿਲਾਂ ਅਕਾਲੀ-ਭਾਜਪਾ ਸਰਕਾਰ ਅਤੇ ਫਿਰ ਢਾਈ ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਪਣੇ ਵਾਅਦਿਆਂ-ਦਾਅਵਿਆਂ ਮੁਤਾਬਕ ਨਾ ਤਾਂ ਅਜੇ ਤੱਕ ਮੁੱਖ ਸਾਜ਼ਿਸ਼ਕਰਤਾਵਾਂ ਤੱਕ ਪਹੁੰਚ ਸਕੀ ਹੈ ਅਤੇ ਨਾ ਹੀ ਕੋਈ ਤੇਜ਼ੀ ਦਿਖਾ ਰਹੀ ਹੈ। ਉਹ ਕਮਿਸ਼ਨ ਤੋਂ ਬਾਅਦ ਕਮਿਸ਼ਨ ਅਤੇ ਜਾਂਚ ਦਰ ਜਾਂਚ ਦੀ ਆੜ ਵਿਚ ਵਕਤ ਟਪਾ ਰਹੀ ਹੈ, ਨਤੀਜਨ ਅਹਿਮ ਸਬੂਤ ਮਿਟਦੇ ਜਾ ਰਹੇ ਹਨ।


author

Baljit Singh

Content Editor

Related News