ਸਿਹਤ ਸੇਵਾਵਾਂ ਦੇ ਖੇਤਰ 'ਚ ਮੀਲ ਪੱਥਰ ਸਾਬਿਤ ਹੋ ਰਹੇ ਆਮ ਆਦਮੀ ਕਲੀਨਿਕ

Wednesday, Oct 16, 2024 - 02:32 PM (IST)

ਸਿਹਤ ਸੇਵਾਵਾਂ ਦੇ ਖੇਤਰ 'ਚ ਮੀਲ ਪੱਥਰ ਸਾਬਿਤ ਹੋ ਰਹੇ ਆਮ ਆਦਮੀ ਕਲੀਨਿਕ

ਜਲੰਧਰ: ਜਨਤਾ ਦੀ ਸਿਹਤ ਦਾ ਖਿਆਲ ਰੱਖਣਾ ਹਰ ਸਰਕਾਰ ਦਾ ਪਹਿਲਾ ਫਰਜ਼ ਹੁੰਦਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਇਸ ਫ਼ਰਜ਼ ਨੂੰ ਨਿਭਾਉਣ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ। ਸੂਬਾ ਸਰਕਾਰ ਸਿਹਤ ਦੇ ਖੇਤਰ ਵਿਚ ਵੱਡੀਆਂ ਪੁਲਾਂਘਾ ਪੁੱਟ ਰਹੀ ਹੈ। ਸਰਕਾਰ ਨੇ ਹੋਂਦ ਵਿਚ ਆਉਂਦੇ ਸਾਰ ਆਪਣਾ ਵਾਅਦਾ ਨਿਭਾਉਂਦਿਆਂ ਪੰਜਾਬ ਵਿਚ ਆਮ ਆਦਮੀ ਕਲੀਨਿਕ ਖੋਲ੍ਹਣ ਦਾ ਐਲਾਨ ਕੀਤਾ। ਉਸ ਵੇਲੇ ਭਾਵੇਂ ਥੋੜ੍ਹੇ ਕਲੀਨਿਕਾਂ ਨਾਲ ਇਸ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ ਸੀ, ਪਰ ਅੱਜ ਪੰਜਾਬ ਭਰ ਵਿਚ 829 ਤੋਂ ਵੱਧ ਮੁਹੱਲਾ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। 

ਇੱਥੇ ਸਭ ਤੋਂ ਵੱਡੀ ਰਾਹਤ ਭਰੀ ਗੱਲ ਇਹ ਹੈ ਕਿ ਇਨ੍ਹਾਂ ਕਲੀਨਿਕਾਂ ਵਿਚ 2 ਕਰੋੜ ਤੋਂ ਵੀ ਵੱਧ ਲੋਕ ਮਾਹਰ ਡਾਕਟਰਾਂ ਕੋਲੋਂ ਇਲਾਜ ਕਰਵਾ ਚੁੱਕੇ ਹਨ। ਮੁਹੱਲਾ ਕਲੀਨਿਕ ਨੇੜੇ ਹੋਣ ਕਾਰਣ ਜਿੱਥੇ ਲੋਕਾਂ ਦੇ ਸਮੇਂ ਦੀ ਬਚਤ ਹੋ ਰਹੀ ਹੈ, ਉਥੇ ਹੀ ਹੁਣ ਉਨ੍ਹਾਂ ਨੂੰ ਮਹਿੰਗੇ ਇਲਾਜ ਤੋਂ ਵੀ ਛੁਟਕਾਰਾ ਮਿਲਿਆ ਹੈ। ਇਨ੍ਹਾਂ ਕਲੀਨਿਕਾਂ ਵਿਚ ਦਵਾਈਆਂ ਅਤੇ ਟੈਸਟ ਫਰੀ ਕੀਤੇ ਜਾ ਰਹੇ ਹਨ। ਲਗਭਗ 38 ਤਰ੍ਹਾਂ ਦੇ ਟੈਸਟ ਆਮ ਆਦਮੀ ਕਲੀਨਿਕ ਵਿਚ ਕੀਤੇ ਜਾ ਰਹੇ ਹਨ। ਜਿਹੜੇ ਟੈਸਟ ਪ੍ਰਾਈਵੇਟ ਲੈਬਾਂ ਵਿਚ ਮਹਿੰਗੇ ਭਾਅ 'ਤੇ ਮਰੀਜ਼ਾਂ ਨੂੰ ਕਰਵਾਉਣੇ ਪੈਂਦੇ ਸਨ ਅੱਜ ਉਹ ਪੰਜਾਬ ਸਰਕਾਰ ਦਾ ਕਲੀਨਿਕਾਂ ਵਿਚ ਮੁਫਤ ਕੀਤੇ ਜਾ ਰਹੇ ਹਨ। 

ਮੂਲੇਪੁਰ ਕਲੀਨਿਕ ਵਿਚ ਤਾਇਨਾਤ ਮੈਡੀਕਲ ਅਫ਼ਸਰ ਡਾ. ਹਿਮਾਂਸ਼ੂ ਜਿੰਦਲ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ ਹੁਣ ਸ਼ੂਗਰ ਦੀਆਂ ਦਵਾਈਆਂ ਵੀ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਮਰੀਜ਼ਾਂ ਦੀ ਟੈਸਟ ਵੀ ਫਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਪਹਿਲਾਂ ਸ਼ਹਿਰਾਂ ਵਿਚ ਦੂਰ ਦੁਰੇਡੇ ਆਪਣੇ ਇਲਾਜ ਲਈ ਜਾਣਾ ਪੈਂਦਾ ਸੀ ਪਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਨਾਲ ਹੁਣ ਉਨ੍ਹਾਂ ਦਾ ਘਰ ਨੇੜੇ ਹੀ ਇਲਾਜ ਹੋ ਰਿਹਾ ਹੈ। ਪੰਜਾਬ ਸਰਕਾਰ ਦਾ ਹੈਲਥ ਸੈਕਟਰ ਵਿਚ ਇਹ ਸਭ ਤੋਂ ਵਧੀਆ ਅਤੇ ਸ਼ਾਨਦਾਰ ਉਪਰਾਲਾ ਹੈ। 


author

Anmol Tagra

Content Editor

Related News