ਅਕਾਲੀ ਆਗੂ ਵੱਲੋਂ ਕੁੱਟ-ਮਾਰ, ਪੀੜਤ ਵਿਅਕਤੀ ਨੇ ਕੀਤੀ ਕਾਰਵਾਈ ਦੀ ਮੰਗ

Saturday, Mar 24, 2018 - 04:25 AM (IST)

ਅਕਾਲੀ ਆਗੂ ਵੱਲੋਂ ਕੁੱਟ-ਮਾਰ, ਪੀੜਤ ਵਿਅਕਤੀ ਨੇ ਕੀਤੀ ਕਾਰਵਾਈ ਦੀ ਮੰਗ

ਝਬਾਲ/ਬੀੜ ਸਾਹਿਬ, (ਲਾਲੂ ਘੁੰਮਣ, ਬਖਤਾਵਰ, ਭਾਟੀਆ)- ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਝਬਾਲ ਖੁਰਦ ਦੇ ਇਕ ਅਕਾਲੀ ਆਗੂ ਵੱਲੋਂ ਇਕ ਦਲਿਤ ਵਿਅਕਤੀ ਨੂੰ ਡਾਂਗ ਨਾਲ ਕੁੱਟ-ਕੁੱਟ ਕੇ ਉਸਦੀਆਂ ਦੋਵੇਂ ਬਾਹਾਂ ਤੋੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। 
ਕਾਂਗਰਸੀ ਆਗੂ ਹੈਪੀ ਲੱਠਾ, ਮੈਂਬਰ ਪੰਚਾਇਤ ਮੇਜਾ ਸਿੰਘ, ਸੁਖਵਿੰਦਰ ਸਿੰਘ, ਨੰਬਰਦਾਰ ਕੁਲਵੰਤ ਸਿੰਘ, ਬਲਜੀਤ ਸਿੰਘ ਸੋਹਲਾਂ ਵਾਲੇ ਤੇ ਸਵਿੰਦਰ ਸਿੰਘ ਸ਼ਿੰਦਾ ਦੀ ਹਾਜ਼ਰੀ 'ਚ ਜਾਣਕਾਰੀ ਦਿੰਦਿਆਂ ਮਲਕੀਤ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਪਿੰਡ ਨੌਸ਼ਹਿਰਾ ਪੰਨੂੰਆਂ ਨੇ ਦੱਸਿਆ ਕਿ ਉਹ ਪਿਛਲੇ 4-5 ਸਾਲ ਤੋਂ ਝਬਾਲ ਖੁਰਦ ਵਿਖੇ ਵੱਖ-ਵੱਖ ਕਿਸਾਨਾਂ ਨਾਲ ਸੀਰੀ ਵਜੋਂ ਰਹਿੰਦਾ ਆ ਰਿਹਾ ਹੈ ਅਤੇ ਇਸ ਸਮੇਂ ਉਹ ਪਿੰਡ ਦੇ ਕਿਸਾਨ ਤਰਸੇਮ ਸਿੰਘ ਦਾ ਸੀਰੀ ਲੱਗਾ ਹੋਇਆ ਹੈ। ਕੁਝ ਸਾਲ ਪਹਿਲਾਂ ਉਸਦੀ ਪਤਨੀ ਦੀ ਮੌਤ ਹੋ ਗਈ ਸੀ ਅਤੇ ਉਹ ਆਪਣੇ 2 ਬੱਚਿਆਂ ਦਾ ਪਾਲਣ-ਪੋਸ਼ਣ ਵੀ ਖੁਦ ਕਰ ਰਿਹਾ ਹੈ। ਉਸ ਨੇ ਦੱਸਿਆ ਕੁਝ ਦਿਨ ਪਹਿਲਾਂ ਪਿੰਡ ਦੇ ਇਕ ਅਕਾਲੀ ਆਗੂ ਕਾਬਲ ਸਿੰਘ ਵੱਲੋਂ ਉਸ ਨੂੰ ਕਿਸਾਨ ਜਤਿੰਦਰ ਸਿੰਘ ਪਹਿਲਵਾਨ ਦੇ ਮੱਛੀ ਫਾਰਮ 'ਚੋਂ ਮੱਛੀਆਂ ਫੜ ਕੇ ਦੇਣ ਲਈ ਕਿਹਾ ਗਿਆ ਪਰ ਉਸ ਵੱਲੋਂ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ। ਬੀਤੀ 20 ਮਾਰਚ ਨੂੰ ਜਦੋਂ ਉਹ ਗਲੀ 'ਚੋਂ ਦੀ ਲੰਘ ਰਿਹਾ ਸੀ ਤਾਂ ਸ਼ਰਨਜੀਤ ਸਿੰਘ ਨਾਮੀ ਵਿਅਕਤੀ ਵੱਲੋਂ ਉਸ ਨੂੰ ਰੋਕ ਲਿਆ ਗਿਆ ਤੇ ਮੱਛੀਆਂ ਫੜ ਕੇ ਦੇਣ ਵਾਲੀ ਕਹਾਣੀ ਸਬੰਧੀ ਉਸ ਨੂੰ ਪੁੱਛਣ ਲੱਗ ਪਿਆ। ਇੰਨੇ ਚਿਰ ਨੂੰ ਕਾਬਲ ਸਿੰਘ ਆਪਣੇ ਘਰ ਅੰਦਰੋਂ ਡਾਂਗ ਸਮੇਤ ਆਇਆ ਤੇ ਉਸਦੀ ਡਾਂਗ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ, ਜਿਸ ਨਾਲ ਉਸਦੀਆਂ ਦੋਵੇਂ ਬਾਹਾਂ ਟੁੱਟ ਗਈਆਂ।
ਪੀੜਤ ਨੇ ਦੱਸਿਆ ਕਿ ਥਾਣਾ ਝਬਾਲ ਵਿਖੇ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕਥਿਤ ਵਿਅਕਤੀ ਵਿਰੁੱਧ ਅਜੇ ਤੱਕ ਕੋਈ ਵੀ ਕਾਰਵਾਈ ਪੁਲਸ ਵੱਲੋਂ ਨਹੀਂ ਕੀਤੀ ਗਈ ਹੈ। ਕਾਂਗਰਸੀ ਆਗੂ ਹੈਪੀ ਲੱਠਾ ਨੇ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਗਰੀਬ ਦਲਿਤ ਨੂੰ ਕੁੱਟਮਾਰ ਕਰ ਕੇ ਸੱਟਾਂ ਮਾਰਨ ਵਾਲੇ ਵਿਅਕਤੀ ਵਿਰੁੱਧ ਤੁਰੰਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਦਾ ਕਹਿਣਾ ਹੈ 
ਕਿ ਉਨ੍ਹਾਂ ਵੱਲੋਂ ਪੀੜਤ ਵਿਅਕਤੀ ਦਾ ਮੈਡੀਕਲ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ ਆਉਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਕੁਝ ਕਾਂਗਰਸੀ ਆਗੂ ਉਕਤ ਦਲਿਤ ਵਿਅਕਤੀ ਨੂੰ ਢਾਲ ਬਣਾ ਕੇ ਆਪਣੀ ਰੰਜਿਸ਼ ਕੱਢ ਰਹੇ ਹਨ। ਉਸ ਨੇ ਮਲਕੀਤ ਸਿੰਘ ਦੀਆਂ ਬਾਹਾਂ ਤੋੜਨ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪਿੰਡ ਦੇ ਕੁਲਵੰਤ ਸਿੰਘ ਨਾਮੀ ਵਿਅਕਤੀ ਵੱਲੋਂ ਮਲਕੀਤ ਸਿੰਘ ਨੂੰ ਸ਼ਰਾਬ ਪਿਆ ਕੇ ਉਸ ਵਿਰੁੱਧ ਉਕਸਾ ਕੇ ਭੇਜਿਆ ਗਿਆ ਸੀ, ਜਿਸ 'ਤੇ ਮਲਕੀਤ ਸਿੰਘ ਉਸਦੇ ਘਰ ਅੱਗੇ ਆ ਕੇ ਉਸ ਨੂੰ ਗਾਲ੍ਹਾਂ ਕੱਢਦਾ ਸੀ। ਉਸ ਨੇ ਮੰਨਿਆ ਕਿ ਉਸ ਨੇ 2-4 ਸੋਟੇ ਮਲਕੀਤ ਸਿੰਘ ਦੀ ਪਿੱਠ 'ਤੇ ਜ਼ਰੂਰ ਮਾਰੇ ਹਨ ਪਰ ਬਾਹਾਂ ਨਹੀਂ ਤੋੜੀਆਂ ਗਈਆਂ। ਉਸ ਨੂੰ ਝੂਠੇ ਕੇਸ 'ਚ ਫਸਾਉਣ ਲਈ ਮਲਕੀਤ ਸਿੰਘ ਨੂੰ ਉਕਤ ਕਾਂਗਰਸੀਆਂ ਵੱਲੋਂ ਸੱਟਾਂ ਲਾਈਆਂ ਗਈਆਂ ਹਨ, ਜਿਸ ਸਬੰਧੀ ਉਹ ਮੈਡੀਕਲ ਬੋਰਡ ਬਿਠਾਉਣ ਦੀ ਮੰਗ ਕਰਦਾ ਹੈ।
-ਅਕਾਲੀ ਆਗੂ ਕਾਬਲ ਸਿੰਘ।


Related News