ਘਰ ਬਾਹਰ ਖੇਡਦਾ ਬੱਚਾ ਹੋਇਆ ਲਾਪਤਾ, ਗੁਆਂਢੀਆਂ ਦੀ ਛੱਤ ਤੋਂ ਮਿਲੀ ਲਾਸ਼
Sunday, Nov 15, 2026 - 02:11 PM (IST)
ਲਾਲੜੂ (ਵੈੱਬ ਡੈਸਕ, ਅਨਿਲ ਸ਼ਰਮਾ, ਗੁਰਜੀਤ) : ਇੱਥੇ ਪਿੰਡ ਬੱਲੋਪੁਰ 'ਚ ਢਾਈ ਸਾਲਾ ਮਾਸੂਮ ਗੁਰਸਾਜ਼ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਦੁਪਹਿਰ ਘਰ ਦੇ ਸਾਹਮਣੇ ਗਲੀ 'ਚ ਖੇਡਦੇ ਸਮੇਂ ਅਚਾਨਕ ਲਾਪਤਾ ਹੋਏ ਬੱਚੇ ਦੀ ਲਾਸ਼ ਐਤਵਾਰ ਨੂੰ ਗੁਆਂਢੀਆਂ ਦੇ ਮਕਾਨ ਦੀ ਛੱਤ ਤੋਂ ਬਰਾਮਦ ਹੋਈ। ਇੱਕ ਦਿਨ ਤੱਕ ਪਰਿਵਾਰ ਅਤੇ ਪਿੰਡ ਵਾਸੀ ਜਿਸ ਮਾਸੂਮ ਦੀ ਸਲਾਮਤੀ ਲਈ ਦੁਆਵਾਂ ਕਰਦੇ ਹੋਏ ਉਸ ਦੀ ਭਾਲ ਕਰ ਰਹੇ ਸਨ, ਉਸ ਦੀ ਲਾਸ਼ ਮਿਲਣ ਦੀ ਖ਼ਬਰ ਨਾਲ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਉੱਧਰ, ਬੱਚਾ ਘਰ ਦੇ ਸਾਹਮਣੇ ਤੋਂ ਲਾਪਤਾ ਹੋ ਕੇ ਗੁਆਂਢੀਆਂ ਦੀ ਛੱਤ ਤੱਕ ਕਿਵੇਂ ਪਹੁੰਚਿਆ, ਇਹ ਸਵਾਲ ਹੁਣ ਪੁਲਸ ਜਾਂਚ ਦਾ ਮੁੱਖ ਵਿਸ਼ਾ ਬਣ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਬੱਲੋਪੁਰ ਵਾਸੀ ਗੁਰਵਿੰਦਰ ਸਿੰਘ ਦਾ ਢਾਈ ਸਾਲਾ ਪੁੱਤਰ ਗੁਰਸਾਜ਼ ਸ਼ਨੀਵਾਰ ਦੁਪਹਿਰ ਕਰੀਬ ਸਾਢੇ 12 ਵਜੇ ਆਪਣੇ ਘਰ ਦੇ ਸਾਹਮਣੇ ਗਲੀ 'ਚ ਖੇਡ ਰਿਹਾ ਸੀ। ਬੱਚੇ ਦੇ ਦਾਦਾ ਬਹਾਦਰ ਸਿੰਘ ਮੁਤਾਬਕ ਕਰੀਬ 20 ਮਿੰਟ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੇ ਬੱਚੇ ਨੂੰ ਦੇਖਿਆ ਤਾਂ ਉਹ ਉੱਥੇ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਪਰਿਵਾਰ ਨੇ ਆਲੇ-ਦੁਆਲੇ ਦੀਆਂ ਗਲੀਆਂ, ਮੁਹੱਲੇ ਅਤੇ ਰਿਸ਼ਤੇਦਾਰਾਂ ਦੇ ਘਰਾਂ 'ਚ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ ਤਾਂ ਪਰਿਵਾਰ ਨੇ ਲਾਲੜੂ ਪੁਲਸ ਥਾਣੇ 'ਚ ਲਿਖਤੀ ਸ਼ਿਕਾਇਤ ਦੇ ਕੇ ਬੱਚੇ ਦੀ ਭਾਲ ਕਰਨ ਦੀ ਅਪੀਲ ਕੀਤੀ।
ਗੁਆਂਢੀਆਂ ਦੀ ਛੱਤ ਤੋਂ ਲਾਸ਼ ਮਿਲਣ ਨਾਲ ਡੂੰਘਾ ਹੋਇਆ ਰਹੱਸ
ਐਤਵਾਰ ਨੂੰ ਗੁਆਂਢੀਆਂ ਦੇ ਮਕਾਨ ਦੀ ਛੱਤ ਤੋਂ ਗੁਰਸਾਜ਼ ਦੀ ਲਾਸ਼ ਮਿਲਣ ਦੀ ਸੂਚਨਾ ਨੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ। ਮਾਸੂਮ ਦੀ ਮੌਤ ਕਿਹੜੇ ਹਾਲਾਤਾਂ 'ਚ ਹੋਈ ਅਤੇ ਉਹ ਗੁਆਂਢੀਆਂ ਦੇ ਮਕਾਨ ਦੀ ਛੱਤ ਤੱਕ ਕਿਵੇਂ ਪਹੁੰਚਿਆ, ਇਸ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਬੱਚੇ ਦੀ ਮੌਤ ਕਿਸੇ ਹਾਦਸੇ ਕਾਰਨ ਹੋਈ ਹੈ ਜਾਂ ਇਸ ਪਿੱਛੇ ਕੋਈ ਅਪਰਾਧਿਕ ਘਟਨਾ ਹੈ।
ਪੁਲਸ ਅਤੇ ਸੀ. ਆਈ. ਏ. ਦੀਆਂ ਟੀਮਾਂ ਜਾਂਚ 'ਚ ਜੁੱਟੀਆਂ
ਸੂਚਨਾ ਮਿਲਦੇ ਹੀ ਲਾਲੜੂ ਥਾਣੇ ਦੀ ਪੁਲਸ ਅਤੇ ਸੀ. ਆਈ. ਏ. ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਬੱਚੇ ਦੇ ਲਾਪਤਾ ਹੋਣ ਤੋਂ ਲੈ ਕੇ ਲਾਸ਼ ਮਿਲਣ ਤੱਕ ਦੀਆਂ ਸਾਰੀਆਂ ਘਟਨਾਵਾਂ ਦੀਆਂ ਕੜੀਆਂ ਜੋੜਨ 'ਚ ਜੁੱਟੀ ਹੋਈ ਹੈ। ਆਲੇ-ਦੁਆਲੇ ਦੇ ਮਕਾਨਾਂ ਅਤੇ ਘਟਨਾ ਸਥਾਨ ਦੇ ਹਾਲਾਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਮੌਤ ਦੇ ਅਸਲ ਕਾਰਨਾਂ ਦਾ ਖ਼ੁਲਾਸਾ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ। ਮਾਸੂਮ ਦੀ ਸ਼ੱਕੀ ਹਾਲਾਤਾਂ 'ਚ ਹੋਈ ਮੌਤ ਤੋਂ ਬਾਅਦ ਪਿੰਡ 'ਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਹੈ। ਪਰਿਵਾਰ ਡੂੰਘੇ ਸਦਮੇ 'ਚ ਹੈ, ਜਦਕਿ ਪਿੰਡ ਵਾਸੀ ਵੀ ਇਸ ਘਟਨਾ ਨਾਲ ਸਦਮੇ ਵਿੱਚ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ ਪੁਲਸ ਜਾਂਚ ਅਤੇ ਪੋਸਟਮਾਰਟਮ ਰਿਪੋਰਟ 'ਤੇ ਟਿਕੀਆਂ ਹੋਈਆਂ ਹਨ, ਜਿਨ੍ਹਾਂ ਤੋਂ ਗੁਰਸਾਜ਼ ਦੀ ਮੌਤ ਦੇ ਰਹੱਸ ਤੋਂ ਪਰਦਾ ਉੱਠਣ ਦੀ ਉਮੀਦ ਹੈ।
