ਪੰਜਾਬ ਦੇ ਸਕੂਲਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ! ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਐਲਾਨ

Saturday, Dec 20, 2025 - 09:48 AM (IST)

ਪੰਜਾਬ ਦੇ ਸਕੂਲਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ! ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਐਲਾਨ

ਚੰਡੀਗੜ੍ਹ (ਅੰਕੁਰ) : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ 'ਆਪ' ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ 'ਹੁਨਰ ਸਿੱਖਿਆ ਸਕੂਲ' ਹੈਂਡਬੁੱਕ ਲਾਂਚ ਕੀਤੀ ਗਈ। ਇਸ ਮੌਕੇ ਅਕਾਦਮਿਕ ਸਾਲ 2025-26 ਲਈ 40 ਸਕੂਲਾਂ ’ਚ ਸ਼ੁਰੂ ਕੀਤੇ ਗਏ ਹੁਨਰ ਸਿੱਖਿਆ ਸਕੂਲ ਪ੍ਰੋਗਰਾਮ ਵਾਸਤੇ ਉਦਯੋਗ-ਕੇਂਦਰਿਤ ਪਾਠਕ੍ਰਮ ਤਿਆਰ ਕਰਨ ’ਚ ਸਹਿਯੋਗ ਦੇਣ ਵਾਲੇ ਅਧਿਆਪਕਾਂ, ਵਿਸ਼ਾ ਮਾਹਿਰਾਂ ਅਤੇ ਤਕਨੀਕੀ ਭਾਈਵਾਲਾਂ ਦਾ ਸਨਮਾਨ ਵੀ ਕੀਤਾ ਗਿਆ। ਚੰਡੀਗੜ੍ਹ ਦੇ ਐੱਮ. ਸੀ. ਭਵਨ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਬੈਂਸ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਲੰਬੇ ਸਮੇਂ ਤੋਂ ਉਦਯੋਗ ਦੀਆਂ ਲੋੜਾਂ ਨੂੰ ਅੱਖੋਂ ਪਰੋਖੇ ਕਰ ਕੇ ਚੱਲੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ 2.8 ਲੱਖ ਵਿਦਿਆਰਥੀਆਂ ਨੂੰ ਲੈ ਕੇ ਸਾਡੇ ਵੱਲੋਂ ਕੀਤੇ ਗਏ ਸਰਵੇਖਣ ਅਤੇ ਰਾਸ਼ਟਰੀ ਅੰਕੜਿਆਂ ਨੇ ਕੌੜੀ ਹਕੀਕਤ ਪੇਸ਼ ਕੀਤੀ ਹੈ ਕਿ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 45 ਫ਼ੀਸਦੀ ਤੋਂ ਵੱਧ ਵਿਦਿਆਰਥੀ ਨੌਕਰੀ ਲਈ ਤਿਆਰ ਨਹੀਂ ਹੁੰਦੇ, ਜਿਸ ਦਾ ਕਾਰਨ ਸਹੀ ਹੁਨਰ ਸਿਖਲਾਈ ਨਾ ਮਿਲਣਾ ਤੇ ਕਮਜ਼ੋਰ ਸਮਾਜਿਕ-ਆਰਥਿਕ ਪਿਛੋਕੜ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 5,27,728 ਕਾਰਡ ਕੀਤੇ ਗਏ ਰੱਦ! ਇਸ ਯੋਜਨਾ ਬਾਰੇ ਹੋਇਆ ਹੈਰਾਨ ਕਰਨ ਵਾਲਾ ਖ਼ੁਲਾਸਾ

ਇਸ ਲਈ ਪੰਜਾਬ ਸਰਕਾਰ ਵੱਲੋਂ ਦੇਸ਼ ਭਰ ’ਚ ਹੁਨਰ ਦੇ ਇਸ ਪਾੜੇ ਨੂੰ ਪੂਰਨ ਲਈ ਇਹ ਪਹਿਲ ਸ਼ੁਰੂ ਕੀਤੀ ਗਈ ਹੈ। 'ਹੁਨਰ ਸਿੱਖਿਆ ਸਕੂਲ' ਪਹਿਲਕਦਮੀ ਸੀਨੀਅਰ ਸੈਕੰਡਰੀ ਪਾਠਕ੍ਰਮ ’ਚ ਤਿੰਨ ਵਿਸ਼ਿਆਂ ’ਤੇ ਆਧਾਰਤ ਮਾਡਲ ਨਾਲ ਕਿੱਤਾਮੁਖੀ ਸਿਖਲਾਈ ’ਚ ਕ੍ਰਾਂਤੀ ਲਿਆਵੇਗੀ। ਇਸ ਨੂੰ ਰਵਾਇਤੀ ਕਿੱਤਾਮੁਖੀ ਸਿਖਲਾਈ ਤੋਂ ਬਿਲਕੁਲ ਵੱਖਰਾ ਤਿਆਰ ਕੀਤਾ ਗਿਆ ਹੈ। ਇਸ ਸਿਖਲਾਈ ਪ੍ਰੋਗਰਾਮ ਤਹਿਤ ਵਿਦਿਆਰਥੀ ਆਲਮੀ ਤੇ ਸਨਅਤੀ ਆਗੂਆਂ ਵਲੋਂਤਿਆਰ ਤੇ ਪ੍ਰਮਾਣਿਤ ਪਾਠਕ੍ਰਮ ਨਾਲ ਚਾਰ ਉੱਚ-ਮੰਗ ਵਾਲੇ ਖੇਤਰਾਂ ’ਚੋਂ ਕਿਸੇ ਇਕ ’ਚ ਮੁਹਾਰਤ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ ਸਕੂਲ ਸਿੱਖਿਆ ’ਚ ਮੋਹਰੀ ਪੰਜਾਬ ਵੱਲੋਂ ਕਲਾਸਰੂਮਾਂ ’ਚ ਉਦਯੋਗ ਦੀਆਂ ਲੋੜਾਂ ਮੁਤਾਬਕ ਪਾਠਕ੍ਰਮ ਨੂੰ ਸ਼ਾਮਲ ਕਰ ਕੇ ਆਪਣੇ ਸਿੱਖਿਆ ਮਾਡਲ ’ਚ ਕ੍ਰਾਂਤੀ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਲੱਗਣ ਜਾ ਰਿਹਾ ਵੱਡਾ ਪ੍ਰਾਜੈਕਟ, ਮੁੰਡੇ-ਕੁੜੀਆਂ ਨੂੰ ਮਿਲਣਗੀਆਂ ਨੌਕਰੀਆਂ, 500 ਕਰੋੜ ਰੁਪਏ ਦੇ...(ਵੀਡੀਓ)

'ਹੁਨਰ ਸਿੱਖਿਆ ਸਕੂਲ' ਪ੍ਰੋਗਰਾਮ ਵਿਦਿਆਰਥੀਆਂ ਨੂੰ ਏ.ਆਈ., ਡਿਜੀਟਲ ਡਿਜ਼ਾਈਨ ਤੇ ਭਵਿੱਖ-ਕੇਂਦ੍ਰਿਤ ਕਾਰਜਖੇਤਰਾਂ ’ਚ ਹੁਨਰਾਂ ਨਾਲ ਲੈਸ ਕਰੇਗਾ, ਜਿਸ ਨਾਲ ਉਹ ਪਹਿਲੇ ਦਿਨ ਤੋਂ ਹੀ ਨੌਕਰੀ ਲਈ ਤਿਆਰ ਹੋਣਗੇ। ਮਨੀਸ਼ ਸਿਸੋਦੀਆ ਨੇ ਰੱਟੇ ਮਾਰਨ ਤੋਂ ਹਟ ਕੇ ਵਿਹਾਰਕ ਹੁਨਰਾਂ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਹਾਰਕ ਗਿਆਨ ਤੇ ਹੁਨਰ ਵਿਕਾਸ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਦਸਵੀਂ ਜਮਾਤ ਤੋਂ ਬਾਅਦ ਆਈ. ਟੀ. ਤੇ ਹੋਰ ਖੇਤਰਾਂ ’ਚ ਮੌਕਿਆਂ ਦੀ ਪੜਚੋਲ ਕਰਨ ਦੇ ਯੋਗ ਬਣਾਉਣਾ ਜ਼ਰੂਰੀ ਹੈ। ਇਸ ਮੌਕੇ ਸਕੂਲ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਸਕੱਤਰਅਨਿੰਦਿਤਾ ਮਿੱਤਰਾ, ਮਿਸ਼ਨ ਡਾਇਰੈਕਟਰ ਪੀ.ਐੱਸ.ਡੀ.ਐੱਮ. ਅੰਮ੍ਰਿਤ ਸਿੰਘ, ਮੈਂਬਰ ਪੰਜਾਬ ਵਿਕਾਸ ਕਮਿਸ਼ਨ ਅਨੁਰਾਗ ਕੁੰਡੂ, ਵਧੀਕ ਸਕੱਤਰ ਸਕੂਲ ਸਿੱਖਿਆ ਕਲਪਨਾ ਕੇ., ਡਾਇਰੈਕਟਰ ਸੈਕੰਡਰੀ ਸਿੱਖਿਆ ਗੁਰਿੰਦਰ ਸਿੰਘ ਸੋਢੀ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News