ਇੱਕਾ-ਦੁੱਕਾ ਘਟਨਾਵਾਂ ਵਿਚਕਾਰ ਪੰਜਾਬ ''ਚ ਹੋਈ 62.07 ਫੀਸਦੀ ਵੋਟਿੰਗ
05/19/2019 9:34:50 PM
![](https://static.jagbani.com/multimedia/2019_5image_21_34_259424110election.jpg)
ਚੰਡੀਗੜ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਪੰਜਾਬ ਦੇ ਲੋਕਾਂ ਵਲੋਂ ਸ਼ਾਂਤੀਪੂਰਨ ਵੋਟਾਂ ਪਾਉਣ ਲਈ ਮੁੱਖ ਚੋਣ ਅਫਸਰ ਵਲੋਂ ਧੰਨਵਾਦ ਕੀਤਾ ਗਿਆ ਹੈ। ਪੰਜਾਬ ਦੇ ਲੋਕਾਂ ਵਲੋਂ ਅੱਜ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਨ ਨਾਲ ਨੇਪਰੇ ਚਾੜਿਆ ਗਿਆ ਤੇ ਲੋਕਾਂ ਨੇ ਬਿਨਾ ਕਿਸੇ ਡਰ-ਭੈਅ ਤੋਂ ਹੁੰਮ-ਹੁੰਮਾ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਦੌਰਾਨ ਸਿਰਫ 3 ਥਾਵਾਂ 'ਤੇ ਘਟਨਾਵਾਂ ਨੂੰ ਛੱਡ ਬਾਕੀ ਸਭ ਥਾਈਂ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਹੋ ਨਿਬੜਿਆ।
ਮੁੱਖ ਚੋਣ ਅਫਸਰ ਡਾ. ਐਸ ਕਰੁਣਾ ਰਾਜੂ ਨੇ ਸ਼ਾਮ ਨੂੰ ਵੋਟਾਂ ਪੈਣ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਇਸ ਬਾਰੇ ਜਾਣਕਾਰੀ ਦਿੱਤੀ। ਖ਼ਬਰ ਲਿਖੇ ਜਾਣ ਤਕ ਪੰਜਾਬ ਰਾਜ 'ਚ 62.07 ਫੀਸਦੀ ਵੋਟਿੰਗ ਦਰਜ ਕੀਤੀ ਗਈ। ਮੁੱਖ ਚੋਣ ਅਫਸਰ ਨੇ ਸੂਬੇ ਦੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਇੰਨੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਤੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾਈਆਂ। ਉਨਾਂ ਕਿਹਾ ਕਿ ਪੰਜਾਬ ਦੇ ਵੋਟਰਾਂ ਨੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਵੋਟਾਂ ਦੇ ਕੰਮ 'ਚ ਲੱਗੇ ਮੁਲਾਜ਼ਮਾਂ ਤੇ ਸੁਰੱਖਿਆ ਕਰਮੀਆਂ ਸਿਰ ਇਸ ਪ੍ਰਾਪਤੀ ਦਾ ਸਿਹਰਾ ਵੀ ਬੰਨਿਆ ਤੇ ਵਿਸ਼ੇਸ ਕਰਕੇ ਆਂਗਨਵਾੜੀ ਵਰਕਰਾਂ, ਮਿਡ ਡੇ ਮੀਲ ਵਰਕਰ, ਆਸ਼ਾ ਵਰਕਰ ਤੇ ਚੌਂਕੀਦਾਰਾਂ ਦਾ ਵੀ ਚੋਣਾਂ ਕਰਵਾਉਣ 'ਚ ਪਾਏ ਗਏ ਯੋਗਦਾਨ ਲਈ ਵਿਸ਼ੇਸ ਧੰਨਵਾਦ ਕੀਤਾ।
ਸਾਫ-ਸੁਥਰੇ ਢੰਗ ਨਾਲ ਵੋਟਾਂ ਪੈਣ ਦੀ ਪ੍ਰਕਿਰਿਆ ਹੋਈ ਪੂਰੀ
ਭਾਰਤੀ ਚੋਣ ਕਮਿਸ਼ਨ ਵਲੋਂ ਬਿਨਾਂ ਕਿਸੇ ਪੱਖਪਾਤ ਦੇ ਸਾਫ-ਸੁਥਰੇ ਢੰਗ ਨਾਲ ਵੋਟਾਂ ਪੈਣ ਦੇ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੜੇ ਮਾਣ ਦੀ ਗੱਲ ਹੈ ਕਿ ਇਸ ਵਾਰ 117 ਅਜਿਹੇ ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ, ਜਿੱਥੇ ਸਿਰਫ ਔਰਤ ਮੁਲਾਜ਼ਮਾਂ ਡਿਊਟੀ 'ਤੇ ਤਾਇਨਾਤ ਸਨ।ਵੋਟਾਂ ਦੇ ਕੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਭਾਰਤੀ ਚੋਣ ਕਮਿਸ਼ਨ ਵਲੋਂ 17 ਜਨਰਲ ਓਬਜ਼ਰਵਰ, 7 ਪੁਲਸ ਓਬਜ਼ਰਵਰ ਤੇ 19 ਐਕਸਪੈਂਡੀਚਰ ਓਬਜ਼ਰਵਰ ਤਾਇਨਾਤ ਕੀਤੇ ਗਏ ਸਨ। ਇਸ ਤੋਂ ਇਲਾਵਾ 9390 ਮਾਈਕਰੋ ਓਬਜ਼ਰਵਰ ਤਾਇਨਾਤ ਕੀਤੇ ਗਏ ਸਨ। ਉਨਾਂ ਦੱਸਿਆ ਕਿ ਸਵੇਰੇ ਵੋਟਾਂ ਪਾਉਣ ਤੋਂ ਪਹਿਲਾਂ ਕਰਵਾਈ ਮੌਕ ਪੋਲ ਦੌਰਾਨ 290 ਬੈਲਟ ਯੂਨੀਟ, 219 ਕੰਟਰੋਲ ਯੂਨੀਟ ਅਤੇ 508 ਵੀ.ਵੀ.ਪੀ.ਏ.ਟੀ. ਮਸ਼ੀਨਾਂ ਬਦਲੀਆਂ ਗਈਆਂ ਜਦੋਂ ਕਿ ਵੋਟਾਂ ਪੈਣ ਦੀ ਪ੍ਰਕ੍ਰਿਆ ਦੌਰਾਨ 169 ਬੈਲਟ ਯੂਨੀਟ, 88 ਕੰਟਰੋਲ ਯੂਨੀਟ ਅਤੇ 695 ਵੀ.ਵੀ.ਪੀ.ਏ.ਟੀ. ਮਸ਼ੀਨਾਂ ਨੂੰ ਬਦਲਿਆ ਗਿਆ।
ਵੋਟਾਂ ਪੈਣ ਦੇ ਕੰਮ 'ਚ ਨਹੀਂ ਪਿਆ ਵਿਘਨ
ਉਨ੍ਹਾਂ ਕਿਹਾ ਕਿ ਅੱਜ ਪੂਰਾ ਦਿਨ ਕਮਿਸ਼ਨ ਦੇ ਧਿਆਨ 'ਚ ਇਕ ਵੀ ਅਜਿਹੀ ਘਟਨਾ ਜਾਂ ਸ਼ਿਕਾਇਤ ਸਾਹਮਣੇ ਨਹੀਂ ਆਈ ਕਿ ਵੋਟਾਂ ਪੈਣ ਦੇ ਕੰਮ 'ਚ ਵਿਘਨ ਪਿਆ ਹੋਵੇ ਜਾਂ ਫੇਰ ਵੋਟਰਾਂ ਨੂੰ ਵੋਟ ਪਾਉਣ ਲਈ ਕਿਸੇ ਨੇ ਧੱਕੇਸ਼ਾਹੀ ਕੀਤੀ ਹੋਵੇ, ਜਿਹੜੀ ਕਿ ਪੰਜਾਬ ਦੇ ਲੋਕਾਂ ਲਈ ਤਸੱਲੀ ਦੀ ਗੱਲ ਹੈ। ਮੁੱਖ ਚੋਣ ਅਫਸਰ ਨੇ ਦੱਸਿਆ ਕਿ 1.25 ਲੱਖ ਮੁਲਾਜ਼ਮਾਂ ਨੇ ਵੋਟਾਂ ਪਾਉਣ ਦੇ ਕੰਮ 'ਚ ਆਪਣੀ ਡਿਊਟੀ ਨਿਭਾਈ ਜਦ ਕਿ ਸ਼ਾਂਤਮਈ ਤਰੀਕੇ ਨਾਲ ਚੋਣਾਂ ਕਰਵਾਉਣ ਲਈ 25000 ਤੋਂ ਵੱਧ ਕੇਂਦਰੀ ਨੀਮ ਸੁਰੱਖਿਆ ਬਲਾਂ ਦੇ ਜਵਾਨ ਤੇ 75000 ਪੰਜਾਬ ਪੁਲਸ ਦੇ ਮੁਲਾਜ਼ਮਾਂ ਨੇ ਮੁਸਤੈਦੀ ਨਾਲ ਡਿਊਟੀ ਕੀਤੀ ।
ਇੰਨਾਂ ਥਾਂਵਾਂ ਤੇ ਵਾਪਰੀਆਂ ਇੱਕਾ-ਦੁੱਕਾ ਘਟਨਾਵਾਂ
ਬਠਿੰਡਾ ਦੇ ਤਲਵੰਡੀ ਸਾਬੋ ਹਲਕੇ ਵਿੱਖੇ ਵਾਪਰੀ ਇਕ ਘਟਨਾ 'ਚ ਖੁਸ਼ਬਾਜ ਜਟਾਣਾ ਵਲੋਂ ਦੇਸੀ ਹਥਿਆਰ ਨਾਲ ਫਾਇਰਿੰਗ ਕੀਤੀ ਗਈ। ਇਸ ਘਟਨਾ 'ਚ 2 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀ ਵਿਅਕਤੀਆਂ 'ਚੋਂ ਕੋਈ ਵੀ ਗੋਲੀ ਜਾਂ ਛਰ੍ਹੇ ਨਾਲ ਜ਼ਖਮੀ ਨਹੀਂ ਹੋਇਆ ਸੀ। ਪੁਲਸ ਨੇ ਇਸ ਸਬੰਧੀ 12 ਵਿਅਕਤੀਆਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 307, ਆਰਮਜ਼ ਐਕਟ ਅਤੇ ਐਸ.ਸੀ./ਐਸ.ਟੀ. ਅਧੀਨ ਮਾਮਲਾ ਦਰਜ਼ ਕੀਤਾ ਹੈ। ਇਸ ਤੋਂ ਇਲਾਵਾ ਇਸੇ ਮਾਮਲੇ 'ਚ 15 ਅਣਪਛਾਤੇ ਵਿਅਕਤੀਆਂ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਹੱਕਾਵਾਲਾ ਪਿੰਡ 'ਚ 2 ਧੜਿਆਂ ਦਰਮਿਆਨ ਲੜਾਈ ਝਗੜੇ ਦੀ ਘਟਨਾ ਵੀ ਵਾਪਰੀ ਜਿਸ 'ਚ 1 ਵਿਅਕਤੀ ਜ਼ਖਮੀ ਹੋ ਗਿਆ, ਜਦਕਿ 2 ਵਹੀਕਲਾਂ ਨੂੰ ਵੀ ਨੁਕਸਾਨ ਪੁੱਜਿਆ। ਇਸ ਸਬੰਧੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਚੋਣ ਪ੍ਰਕ੍ਰਿਆ ਦੌਰਾਨ ਖਡੂਰ ਸਾਹਿਬ ਦੇ ਪਿੰਡ ਸਰਾਲੀ ਕਲਾਂ ਪੁਲਿਸ ਸਟੇਸ਼ਨ ਵੈਰੋਵਾਲ 'ਚ ਇਕ ਕਾਂਗਰਸੀ ਵਰਕਰ ਬੰਟੀ ਪੁੱਤਰ ਚਰਨਜੀਤ ਸਿੰਘ ਦੇ ਸੁੱਖਾ, ਗੋਰਾ ਤੇ ਸੋਨੀ ਪੁਤਰਾਨ ਰਣਧੀਰ ਸਿੰਘ ਵਾਸੀ ਸਰਾਲੀ ਕਲਾਂ ਵਲੋਂ ਕਤਲ ਦੀ ਘਟਨਾ ਵਾਪਰੀ। ਜਿਸ ਸਬੰਧੀ ਜਾਂਚ ਕਰਾਉਣ 'ਤੇ ਪਾਇਆ ਗਿਆ ਕਿ ਇਹ ਹਾਦਸਾ ਆਪਸੀ ਪੁਰਾਣੀ ਰੰਜਿਸ਼ ਦੇ ਕਾਰਨ ਵਾਪਰਿਆ ਹੈ। ਇਸ ਸਬੰਧੀ ਐਫ.ਆਈ.ਆਰ. ਨੰ. 22 ਮਿਤੀ 19.05.2019 ਭਾਰਤੀ ਦੰਡਾਵਲੀ ਦੀ ਧਾਰਾ 302/34 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਵਿਧਾਨ ਸਭਾ ਖੇਤਰ ਅਧੀਨ ਆਉਂਦੇ ਪਿੰਡ ਲੜੋਈ ਵਿੱਖੇ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਹਮਾਇਤੀਆਂ ਦੀ ਆਪਸੀ ਕਹੀ ਸੁਣੀ ਹੋਈ ਜਿਸ 'ਤੇ ਪ੍ਰਸ਼ਾਸਨ ਵੱਲੋਂ ਕਾਬੂ ਪਾ ਲਿਆ ਗਿਆ।
ਫੇਸਬੁੱਕ 'ਤੇ ਵੋਟ ਪਾਉਣ ਦੀ ਪ੍ਰਕ੍ਰਿਆ ਦੀ ਵੀਡੀਓ ਅਪਲੋਡ ਕਰਨ ਦੇ ਮਾਮਲੇ
ਮੁੱਖ ਚੋਣ ਅਫ਼ਸਰ ਪੰਜਾਬ ਨੇ ਦੱਸਿਆ ਕਿ ਫੇਸਬੁਕ 'ਤੇ ਵੋਟ ਪਾਉਣ ਦੀ ਪ੍ਰਕ੍ਰਿਆ ਦੀ ਵੀਡੀਓ ਅਪਲੋਡ ਕਰਨ ਦੇ ਮਾਮਲੇ 'ਚ ਵੱਖ-ਵੱਖ ਧਾਰਾਵਾਂ ਅਧੀਨ 3 ਮਾਮਲੇ ਦਰਜ ਕੀਤੇ ਗਏ ਹਨ। ਇਹ ਮਾਮਲੇ ਰੂਪਨਗਰ, ਲੁਧਿਆਣਾ ਤੇ ਗੁਰਦਾਸਪੁਰ 'ਚ ਦਰਜ ਕੀਤੇ ਗਏ ਹਨ। ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਕਾਰਵਾਈ ਕਰਦਿਆਂ ਡੇਰਾਬੱਸੀ ਮੁਬਾਰਕਪੁਰ ਰੋਡ 'ਤੇ ਸਥਿਤ ਮੋਹਨ ਫਾਈਬਰ ਕੰਪਨੀ ਨੂੰ ਸੀਲ ਕਰ ਦਿੱਤਾ ਗਿਆ। ਉਕਤ ਕੰਪਨੀ ਵਲੋਂ ਨੈਗੋਸ਼ੀਏਬਲ ਇੰਸਟਰੁਮੈਂਟਸ ਐਕਟ 1881 ਅਧੀਨ ਫੈਕਟਰੀ 'ਚ ਕੰਮ ਕਰਦੇ ਵਰਕਰਾਂ ਨੂੰ ਵੋਟ ਪਾਉਣ ਲਈ ਛੁੱਟੀ ਦੇਣ ਸਬੰਧੀ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ। ਕੰਪਨੀ ਵਿਰੁੱਧ ਕਿਰਤ ਵਿਭਾਗ ਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਵਲੋਂ ਸਬੰਧਤ ਧਾਰਾਵਾਂ ਅਧੀਨ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।