ਬਿਨਾਂ ਡਰਾਈਵਰ ਦੇ ਟਰੇਨ ਚੱਲਣ ਦੇ ਮਾਮਲੇ 'ਚ ਰੇਲਵੇ ਦਾ ਵੱਡਾ ਐਕਸ਼ਨ, 6 ਮੁਲਾਜ਼ਮਾਂ ’ਤੇ ਡਿੱਗੀ ਗਾਜ

Monday, Feb 26, 2024 - 02:33 PM (IST)

ਬਿਨਾਂ ਡਰਾਈਵਰ ਦੇ ਟਰੇਨ ਚੱਲਣ ਦੇ ਮਾਮਲੇ 'ਚ ਰੇਲਵੇ ਦਾ ਵੱਡਾ ਐਕਸ਼ਨ, 6 ਮੁਲਾਜ਼ਮਾਂ ’ਤੇ ਡਿੱਗੀ ਗਾਜ

ਜਲੰਧਰ/ਹੁਸ਼ਿਆਰਪੁਰ (ਗੁਲਸ਼ਨ)- ਬਿਨਾਂ ਡਰਾਈਵਰ ਅਤੇ ਗਾਰਡ ਦੇ ਪੰਜਾਬ ਵਿਚ ਐਤਵਾਰ ਟਰੇਨ ਚੱਲਣ ਦੇ ਮਾਮਲੇ ਵਿਚ ਰੇਵਲੇ ਵਿਭਾਗ ਨੇ ਸਖ਼ਤ ਐਕਸ਼ਨ ਲਿਆ ਹੈ। ਦਰਅਸਲ ਰੇਲਵੇ ਵਿਭਾਗ ਨੇ ਬਿਨਾਂ ਡਰਾਈਵਰ ਅਤੇ ਗਾਰਡ ਦੇ ਰੇਲ ਗੱਡੀ ਚੱਲਣ ਦੇ ਮਾਮਲੇ 'ਚ 6 ਰੇਲ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਰੇਲਵੇ ਕਰਮਚਾਰੀਆਂ 'ਚ ਸਟੇਸ਼ਨ ਮਾਸਟਰ ਕਠੂਆ, ਲੋਕੋ ਪਾਇਲਟ, ਅਸਿਸਟੈਂਟ ਲੋਕੋ ਪਾਇਲਟ, ਪੁਆਇੰਟ ਮੈਨ, ਟਰੈਫਿਕ ਇੰਸਪੈਕਟਰ ਅਤੇ ਲੋਕੋ ਇੰਸਪੈਕਟਰ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਰੇਲ ਹਾਦਸਿਆਂ ਤੋਂ ਸਬਕ ਨਾ ਲੈਂਦੇ ਹੋਏ ਐਤਵਾਰ ਨੂੰ ਮੁੜ ਰੇਲ ਵਿਭਾਗ ਦੀ ਨਾਲਾਇਕੀ ਉਸ ਸਮੇਂ ਸਾਹਮਣੇ ਆਈ, ਜਦੋਂ ਇਕ ਮਾਲ ਗੱਡੀ ਬਿਨ੍ਹਾਂ ਡਰਾਈਵਰ ਅਤੇ ਬਿਨ੍ਹਾਂ ਗਾਰਡ ਦੇ ਕਰੀਬ 80 ਦੀ ਸਪੀਡ ਨਾਲ ਦੌੜਦੀ ਹੋਈ ਲਗਭਗ 78 ਕਿਲੋਮੀਟਰ ਦਾ ਸਫ਼ਰ ਤੈਅ ਕਰ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਐਤਵਾਰ ਤੜਕਸਾਰ ਡੀ. ਐੱਮ. ਟੀ. ਮਾਲ ਗੱਡੀ ਕਠੂਆ ਤੋਂ ਬਿਨ੍ਹਾਂ ਡਰਾਈਵਰ ਅਤੇ ਗਾਰਡ ਦੇ ਟਰੈਕ ’ਤੇ ਦੌੜ ਪਈ ਸੀ। ਇਸ ਰੇਲ ਗੱਡੀ ਦੇ ਚੱਲਣ ਤੋਂ ਬਾਅਦ ਰੇਲਵੇ ਵਿਭਾਗ ਵਿਚ ਹੜਕੰਪ ਮਚ ਗਿਆ ਸੀ ਅਤੇ ਵਿਭਾਗ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਸੂਚਨਾ ਮਿਲਦਿਆਂ ਹੀ ਐਮਰਜੈਂਸੀ ਡਿਕਲੇਅਰ ਕਰਦੇ ਹੋਏ ਪਠਾਨਕੋਟ ਕੈਂਟ, ਮੀਰਥਲ, ਭੰਗਾਲਾ, ਮਕੇਰੀਆਂ, ਜਲੰਧਰ ਅਤੇ ਲੁਧਿਆਣਾ ਆਦਿ ਰੇਲਵੇ ਸਟੇਸ਼ਨਾਂ ’ਤੇ ਜਿੱਥੇ ਰੇਲਵੇ ਟਰੈਕ ਤੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ, ਉੱਥੇ ਇਨ੍ਹਾਂ ਸਟੇਸ਼ਨਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ, ਮਾਰਚ ਦੇ ਪਹਿਲੇ ਹਫ਼ਤੇ ਜਾਰੀ ਕਰ ਸਕਦੀ ਹੈ 150 ਉਮੀਦਵਾਰਾਂ ਦੀ ਸੂਚੀ

ਰੇਲ ਗੱਡੀ ਦੀ ਸਪੀਡ ਨੂੰ ਘੱਟ ਕਰਨ ਲਈ ਇਨ੍ਹਾਂ ਰੇਲਵੇ ਸਟੇਸ਼ਨਾਂ ’ਤੇ ਅਧਿਕਾਰੀਆਂ ਅਤੇ ਜੀ. ਆਰ. ਪੀ. ਦੇ ਮੁਲਾਜ਼ਮਾਂ ਨੇ ਗੱਡੀ ਨੂੰ ਰੋਕਣ ਲਈ ਵੱਡੇ ਪੱਥਰ ਅਤੇ ਲੱਕੜ ਦੇ ਵੱਡੇ ਗੁੱਲੇ ਰੱਖਣੇ ਸ਼ੁਰੂ ਕੀਤੇ ਸਨ। ਆਖਿਰ ਬਹੁਤ ਹੀ ਜੱਦੋ-ਜਹਿਦ ਉਪਰੰਤ ਉੱਚੀ ਬੱਸੀ ਵਿਖੇ ਇਸ ਗੱਡੀ ਨੂੰ ਹੌਲੀ ਕਰਕੇ ਰੋਕਿਆ ਗਿਆ ਸੀ। ਇਸ ਗੱਡੀ ਦੇ ਆਪ ਮੁਹਾਰੇ ਟਰੈਕ ’ਤੇ ਦੌੜਨ ਕਾਰਨ ਜੰਮੂ ਤਵੀ ਐਕਸਪ੍ਰੈੱਸ ਨੂੰ ਢਾਈ ਘੰਟੇ ਲੇਟ ਕਰ ਦਿੱਤਾ ਗਿਆ, ਜਦਕਿ ‘ਵੰਦੇ ਭਾਰਤ’ ਰੇਲ ਗੱਡੀ ਅਤੇ ਹੋਰ ਗੱਡੀਆਂ ਵੀ ਪ੍ਰਭਾਵਿਤ ਹੋਈਆਂ। ਇਸ ਹਾਦਸੇ ਦੀ ਜਾਂਚ ਰੇਲਵੇ ਵਿਭਾਗ ਦੇ ਉੱਪ ਮੰਡਲ ਮੁਕੇਰੀਆਂ ਵੱਲੋਂ ਕੀਤੀ ਜਾ ਰਹੀ ਹੈ।

ਜਦੋਂ ਇਸ ਸਬੰਧੀ ਉੱਚੀ ਬੱਸੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਤੇਜ ਰਾਮ ਅਤੇ ਹੋਰ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੀਡੀਆ ਤੋਂ ਬਚਦੇ ਹੋਏ ਨਜ਼ਰ ਆਏ ਤੇ ਕੁਝ ਵੀ ਦੱਸਣ ਤੋਂ ਇਨਕਾਰੀ ਹੋ ਗਏ। ਇਸ ਮੌਕੇ ਏ. ਡੀ. ਆਰ. ਐੱਮ. ਫਿਰੋਜ਼ਪੁਰ ਅਰਪਿਤ ਸ਼ੁਕਲਾ ਉੱਚੀ ਬੱਸੀ ਵਿਖੇ ਪਹੁੰਚ ਗਏ ਸਨ। ਜਾਣਕਾਰੀ ਅਨੁਸਾਰ ਕੇਂਦਰੀ ਰੇਲਵੇ ਵਿਭਾਗ ਨੇ ਉੱਚ ਪੱਧਰੀ ਜਾਂਚ ਦੇ ਨਿਰਦੇਸ਼ ਦੇ ਦਿੱਤੇ ਸਨ, ਜਿਸ ਤੋਂ ਬਾਅਦ ਅੱਜ 6 ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ਗਰਮੀਆਂ ਦੇ ਸੀਜ਼ਨ ਦੌਰਾਨ ਬਿਜਲੀ ਦੀ ਹੁਣ ਨਹੀਂ ਆਵੇਗੀ ਦਿੱਕਤ, ਪਾਵਰਕਾਮ ਕਰ ਰਿਹਾ ਇਹ ਤਿਆਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News