ਵਾਟਰ ਸਪਲਾਈ ਵਿਭਾਗ ਵੱਲ ਪਾਵਰਕਾਮ ਦਾ 30 ਕਰੋੜ ਬਕਾਇਆ

Friday, Aug 11, 2017 - 01:01 AM (IST)

ਵਾਟਰ ਸਪਲਾਈ ਵਿਭਾਗ ਵੱਲ ਪਾਵਰਕਾਮ ਦਾ 30 ਕਰੋੜ ਬਕਾਇਆ

ਨਵਾਂਸ਼ਹਿਰ, (ਤ੍ਰਿਪਾਠੀ)- ਵਾਟਰ ਸਪਲਾਈ ਵਿਭਾਗ ਵੱਲੋਂ ਪਾਵਰਕਾਮ ਦੇ ਕਰੋੜਾਂ ਰੁਪਏ ਦੇ ਬਿਜਲੀ ਦੇ ਬਿੱਲ ਜਮ੍ਹਾ ਨਾ ਕਰਵਾਉਣ ਦਾ ਖਮਿਆਜ਼ਾ ਬਲਾਕ ਨਵਾਂਸ਼ਹਿਰ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭੁਗਤਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬਿਜਲੀ ਬਿੱਲ ਜਮ੍ਹਾ ਨਾ ਹੋਣ ਨਾਲ ਵਿਭਾਗ ਵੱਲੋਂ ਵਾਟਰ ਸਪਲਾਈ ਦੀਆਂ ਮੋਟਰਾਂ ਦੇ ਕੁਨੈਕਸ਼ਨ ਕੱਟੇ ਜਾਣ ਕਾਰਨ ਦਰਜਨਾਂ ਪਿੰਡਾਂ 'ਚ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ। 3 ਦਿਨਾਂ ਤੋਂ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣ ਲੱਗੇ ਹਨ। ਵਾਟਰ ਸਪਲਾਈ ਵਿਭਾਗ ਵੱਲੋਂ ਬਿਜਲੀ ਬਿੱਲਾਂ ਦੇ 30 ਕਰੋੜ ਰੁਪਏ ਜਮ੍ਹਾ ਨਾ ਕਰਵਾਉਣ ਕਾਰਨ ਪਾਵਰਕਾਮ ਨੇ ਬਲਾਕ ਨਵਾਂਸ਼ਹਿਰ ਦੇ ਕਈ ਪਿੰਡਾਂ 'ਚ ਪਾਣੀ ਦੀਆਂ ਮੋਟਰਾਂ ਦੇ ਕੁਨੈਕਸ਼ਨ ਕੱਟੇ ਹਨ। ਪਾਵਰਕਾਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਬਘੌਰਾ, ਬਰਨਾਲਾ ਕਲਾਂ, ਚੂਹੜਪੁਰ, ਸਾਹਲੋਂ, ਔੜ, ਸਹਾਬਪੁਰ, ਸਨਾਵਾ, ਰਾਣੇਵਾਲ, ਦੌਲਤਪੁਰ, ਮੀਰਪੁਰ ਜੱਟਾਂ, ਸ਼ੇਖੂਪੁਰ, ਚੱਕ ਇਲਾਹੀ ਬਖ਼ਸ਼ ਆਦਿ ਪਿੰਡਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਗਏ ਹਨ।
ਜਲ ਘਰਾਂ ਦੇ ਕੁਨੈਕਸ਼ਨ ਮੁੜ ਜੋੜੇ : ਡੀ. ਸੀ.
ਨਵਾਂਸ਼ਹਿਰ, (ਮਨੋਰੰਜਨ)- ਪੇਂਡੂ ਜਲ ਘਰਾਂ ਦੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਕਾਰਨ ਕੱਟੇ ਗਏ ਬਿਜਲੀ ਕੁਨੈਕਸ਼ਨ ਅੱਜ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੇ ਹੁਕਮਾਂ 'ਤੇ ਮੁੜ ਜੋੜ ਦਿੱਤੇ ਗਏ। ਉਨ੍ਹਾਂ ਆਖਿਆ ਕਿ ਜ਼ਿਲੇ 'ਚ ਆਮ ਲੋਕਾਂ ਨੂੰ ਜ਼ਰੂਰੀ ਸੇਵਾਵਾਂ 'ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਬਿੱਲਾਂ ਦੀ ਅਦਾਇਗੀ ਪਾਵਰਕਾਮ ਨੂੰ ਜਲਦ ਕਰਨ ਦੇ ਭਰੋਸੇ 'ਤੇ ਇਹ ਕੁਨੈਕਸ਼ਨ ਮੁੜ ਜੋੜ ਦਿੱਤੇ ਗਏ ਹਨ।


Related News