ਅਮਰੀਕਾ 'ਚ ਅਕਾਲੀ ਆਗੂ ਰੋਜ਼ੀ ਬਰਕੰਦੀ ਦੇ ਭਰਾ ਸਣੇ 3 ਪੰਜਾਬੀ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
Saturday, Apr 15, 2023 - 10:23 AM (IST)
 
            
            ਵਾਸ਼ਿੰਗਟਨ - ਅਮਰੀਕਾ ਦੇ ਈਸਟਨ ਡਿਸਟ੍ਰਿਕ ਕੋਰਟ ਆਫ ਕੈਲੀਫੋਰਨੀਆ ਤੋਂ ਪ੍ਰਾਪਤ ਦਸਤਾਵੇਜਾਂ ਮੁਤਾਬਕ ਪੰਜਾਬ ਦੇ 3 ਵਿਅਕਤੀਆਂ ਦੇ ਨਾਮ ਸੁਪਾਰੀ ਦੇ ਕੇ ਕਤਲ ਕਰਨ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਕੇਸ ਵਿਚ ਸਾਹਮਣੇ ਆ ਰਹੇ ਹਨ। ਅਮਰੀਕਾ ਦੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਵੱਲੋਂ ਇਸ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਸ਼ਮਿੰਦਰਜੀਤ ਸਿੰਘ ਸੰਧੂ, ਰਾਕੇਸ਼ ਕੁਮਾਰ ਬਿਰਲਾ ਜੂਨੀਅਰ ਅਤੇ ਜਗਨਿੰਦਰ ਸਿੰਘ ਬੋਪਾਰਾਏ ਦਾ ਨਾਮ ਆਇਆ ਹੈ। ਸ਼ਮਿੰਦਰਜੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਕਤਸਰ ਨਾਲ ਸਬੰਧਿਤ ਵੱਡੇ ਆਗੂ ਰੋਜ਼ੀ ਬਰਕੰਦੀ ਦਾ ਛੋਟਾ ਭਰਾ ਹੈ। ਇਨ੍ਹਾਂ ਵਿਅਕਤੀਆਂ ਨੇ 2 ਹੋਰਾਂ ( ਸੁਰੱਖਿਆ ਕਾਰਨਾਂ ਕਰਕੇ ਜਿਨ੍ਹਾਂ ਦੇ ਨਾਵਾਂ ਨੂੰ ਡਿਸਕਲੋਜ ਨਹੀਂ ਕੀਤਾ ਜਾ ਰਿਹਾ) ਨੂੰ ਮਰਵਾਉਣ ਅਤੇ ਭਾਰੀ ਸਰੀਰਕ ਨੁਕਸਾਨ ਪਹੁੰਚਾਉਣ ਲਈ ਅਮਰੀਕਾ ਵਿਚ ਇਕ ਸਾਜ਼ਿਸ਼ ਰਚੀ ਪਰ ਇਸ ਵਿਚ ਅਸਫਲ ਰਹੇ, ਕਿਉਂਕਿ FBI ਨੇ ਇਨ੍ਹਾਂ ਦੀ ਯੋਜਨਾ ਦਾ ਪਰਦਾਫਾਸ਼ ਕਰ ਦਿੱਤਾ।
ਇਹ ਵੀ ਪੜ੍ਹੋ: ਮੈਂ ਕਿਸੇ ਦੇ ਬਹਿਕਾਵੇ 'ਚ ਆ ਕੇ ਪਾਰਟੀ ਨਹੀਂ ਬਦਲੀ: ਮੋਹਿੰਦਰ ਭਗਤ
ਸਾਰੇ ਸਬੂਤ ਹੱਥ ਲੱਗਣ 'ਤੇ ਐੱਫ.ਬੀ.ਆਈ. ਨੇ ਸਭ ਤੋਂ ਪਹਿਲਾਂ ਇਸ ਸੁਪਾਰੀ ਕਾਂਡ ਦੇ ਮਾਸਟਰ ਮਾਈਂਡ ਜਗਨਿੰਦਰ ਸਿੰਘ ਬੋਪਾਰਾਏ ਅਤੇ ਰਾਕੇਸ਼ ਕੁਮਾਰ ਬਿਰਲਾ ਨੂੰ ਅੰਡਰ ਸੈਕਸ਼ਨ ਟਾਈਟਲ-18 ਯੁਨਾਈਟਿਡ ਸਟੇਟ ਕੋਡ ਦੀ ਧਾਰਾ 1958 ਤਹਿਤ ਗ੍ਰਿਫ਼ਤਾਰ ਕੀਤਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ਮਿੰਦਰਜੀਤ ਸਿੰਘ ਸੰਧੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੇਕਰ ਇਨ੍ਹਾਂ ਲੋਕਾਂ ’ਤੇ ਦੋਸ਼ ਸਾਬਿਤ ਹੋ ਜਾਂਦਾ ਹੈ ਤਾਂ ਇਨ੍ਹਾਂ ਨੂੰ 10 ਸਾਲ ਦੀ ਸਜ਼ਾ ਅਤੇ ਢਾਈ ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ। ਇਸ ਸਾਰੇ ਕਾਂਡ ਵਿੱਚ ਇੱਕ ਹੋਰ ਵਿਅਕਤੀ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਜਿਸ ਦਾ ਨਾਮ ਗੁਪਤ ਰੱਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਐੱਫ.ਬੀ.ਆਈ. ਵੱਲੋਂ ਇਹ ਆਪ੍ਰੇਸ਼ਨ 20 ਫਰਵਰੀ ਤੋਂ ਲੈ ਕੇ 29 ਮਾਰਚ ਤੱਕ ਚਲਾਇਆ ਗਿਆ ਅਤੇ ਇਸ ਦੌਰਾਨ ਬਹੁਤ ਸਾਰੇ ਸਬੂਤ ਇਕੱਠੇ ਕੀਤੇ ਗਏ। ਸ਼ਮਿੰਦਰਜੀਤ ਸੰਧੂ ’ਤੇ ਪੰਜਾਬ ਵਿੱਚ ਵੀ ਫਰਜੀਵਾੜੇ ਦਾ ਇੱਕ ਮਾਮਲਾ ਦਰਜ ਹੈ। ਪਤਾ ਲੱਗਾ ਹੈ ਕਿ ਸ਼ਮਿੰਦਰਜੀਤ ਸਿੰਘ ਸੰਧੂ ’ਤੇ ਪੰਜਾਬ ਵਿੱਚ ਇੱਕ ਬੈਂਕ ਨਾਲ 16 ਕਰੋੜ ਰੁਪਏ ਦੇ ਕਰਜ ਵਿੱਚ ਹੇਰਫੇਰ ਦਾ ਮਾਮਲਾ ਦਰਜ ਹੈ ਅਤੇ ਇਨ੍ਹਾਂ ਦਾ ਮੁਕਤਸਰ ਨਾਲ ਸਬੰਧਿਤ ਪਿੰਡ ਬਰਕੰਦੀ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸਿੰਗਾਪੁਰ ਜੇਲ੍ਹ 'ਚ ਬੰਦ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ, ਮਾਂ ਦੇ ਕਤਲ ਦੇ ਲੱਗੇ ਸਨ ਦੋਸ਼

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            