ਸੂਬੇ 'ਚ 21 ਹੋਰ ਨਵੀਆਂ ਜਨਤਕ ਰੇਤ ਖੱਡਾਂ ਲੋਕਾਂ ਨੂੰ ਕੀਤੀਆਂ ਜਾਣਗੀਆਂ ਸਮਰਪਿਤ : ਮੀਤ ਹੇਅਰ

Wednesday, Mar 01, 2023 - 09:26 PM (IST)

ਸੂਬੇ 'ਚ 21 ਹੋਰ ਨਵੀਆਂ ਜਨਤਕ ਰੇਤ ਖੱਡਾਂ ਲੋਕਾਂ ਨੂੰ ਕੀਤੀਆਂ ਜਾਣਗੀਆਂ ਸਮਰਪਿਤ : ਮੀਤ ਹੇਅਰ

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬਾ ਵਾਸੀਆਂ ਨੂੰ ਸਸਤੀਆਂ ਦਰਾਂ 'ਤੇ ਰੇਤ ਦੀ ਸਪਲਾਈ ਦੀ ਵਚਨਬੱਧਤਾ ਉੱਤੇ ਪਹਿਰਾ ਦਿੰਦਿਆਂ ਖਣਨ ਵਿਭਾਗ ਵੱਲੋਂ ਆਮ ਲੋਕਾਂ ਲਈ ਸ਼ੁਰੂ ਕੀਤੀਆਂ ਜਨਤਕ ਖੱਡਾਂ ਦੀ ਗਿਣਤੀ 15 ਮਾਰਚ ਤੱਕ 32 ਖੱਡਾਂ ਤੋਂ ਵਧਾ ਕੇ 50 ਤੱਕ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਹ ਜਾਣਕਾਰੀ ਖਣਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਵਿਭਾਗ ਦੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨਾਲ ਜਨਤਕ ਖੱਡਾਂ ਦੇ ਕੰਮ ਦੀ ਸਮੀਖਿਆ ਲਈ ਰੱਖੀ ਮੀਟਿੰਗ ਦੌਰਾਨ ਕੀਤਾ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਮੀਟਿੰਗ ਦੌਰਾਨ ਦੱਸਿਆ ਗਿਆ ਕਿ ਮੁੱਖ ਮੰਤਰੀ ਵੱਲੋਂ 6 ਫਰਵਰੀ ਨੂੰ ਜਨਤਕ ਖੱਡਾਂ ਤੋਂ ਲੋਕਾਂ ਨੂੰ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤ ਦੀ ਸਪਲਾਈ ਦੇਣ ਦੇ ਉਦਘਾਟਨ ਤੋਂ ਬਾਅਦ 3 ਹਫ਼ਤਿਆਂ ਦੇ ਛੋਟੇ ਸਮੇਂ ਦੌਰਾਨ ਆਮ ਲੋਕਾਂ ਨੇ ਹੁਣ ਤੱਕ 19516 ਟਰਾਲੀਆਂ ਰਾਹੀਂ 1,99,991.67 ਮੀਟ੍ਰਿਕ ਟਨ ਰੇਤਾ ਵਰਤਿਆ ਹੈ। ਲੋਕਾਂ ਵੱਲੋਂ ਜਿੱਥੇ ਭਰਵਾਂ ਹੁੰਗਾਰਾ ਮਿਲਿਆ ਹੈ, ਉੱਥੇ ਸਥਾਨਕ ਕਿਰਤੀਆਂ ਨੂੰ ਵੀ ਕੰਮ ਮਿਲਿਆ ਹੈ। ਇਸ ਨਾਲ ਬਹੁਤ ਸਾਰੇ ਨੌਜਵਾਨਾਂ ਨੂੰ ਸਿੱਧੇ ਤੇ ਅਸਿੱਧੇ ਤੌਰ 'ਤੇ ਰੋਜ਼ਗਾਰ ਮਿਲਿਆ ਹੈ।

ਇਹ ਵੀ ਪੜ੍ਹੋ : ਕੁਲਦੀਪ ਧਾਲੀਵਾਲ ਨੇ ਅੰਮ੍ਰਿਤਸਰ ਤੇ ਮੋਹਾਲੀ ਤੋਂ ਕੈਨੇਡਾ ਅਤੇ ਯੂਐੱਸ ਵਿਚਾਲੇ ਸਿੱਧੀਆਂ ਉਡਾਣਾਂ ਦੀ ਕੀਤੀ ਮੰਗ

ਮੀਤ ਹੇਅਰ ਨੇ ਅੱਗੇ ਕਿਹਾ ਕਿ ਜੇਕਰ ਖਣਨ ਵਾਸਤੇ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਦੇਣਾ ਚਾਹੁੰਦਾ ਹੈ ਤਾਂ ਉਹ ਵਿਭਾਗ ਦੇ ਜ਼ਿਲ੍ਹਾ ਖਣਨ ਅਧਿਕਾਰੀ ਕੋਲ ਪਹੁੰਚ ਕਰ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗ ਦੇ ਟੋਲ ਫ੍ਰੀ ਨੰਬਰ 18001802422 'ਤੇ ਸੰਪਰਕ ਕਰ ਸਕਦਾ ਹੈ ਜਾਂ chiefminingpb@gmail.com 'ਤੇ ਈਮੇਲ ਕਰ ਸਕਦਾ ਹੈ। ਮੀਟਿੰਗ 'ਚ ਲੋਕਾਂ ਦੀ ਮੰਗ ਨੂੰ ਦੇਖਦਿਆਂ ਅਤੇ ਸੂਬਾ ਵਾਸੀਆਂ ਨੂੰ ਸਸਤੀ ਰੇਤ ਦੀ ਸਪਲਾਈ ਵਧਾਉਣ ਲਈ ਅੱਜ ਜ਼ਿਲ੍ਹਾ ਅਧਿਕਾਰੀਆਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਹੋਰ ਜਨਤਕ ਖੱਡਾਂ ਦੀ ਸ਼ਨਾਖਤ ਕਰਨ ਲਈ ਆਖਿਆ ਗਿਆ। ਲੁਧਿਆਣਾ ਸੂਬੇ ਦਾ ਕੇਂਦਰ ਹੋਣ ਕਰਕੇ ਇਸ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਜਨਤਕ ਖੱਡਾਂ ਸਥਾਪਤ ਕਰਨ ਲਈ ਕਿਹਾ ਗਿਆ।

ਇਹ ਵੀ ਪੜ੍ਹੋ : ਕੈਨੇਡੀਅਨ MP ਜਾਰਜ ਚਾਹਲ ਇੰਡੋ-ਪੈਸੀਫਿਕ ਰਣਨੀਤੀ ਨੂੰ ਵਧਾਉਣ ਪਹੁੰਚੇ ਭਾਰਤ, ਨਿਵੇਸ਼ ਨੂੰ ਲੈ ਕੇ ਪ੍ਰਗਟਾਈ ਇਹ ਇੱਛਾ

ਖਣਨ ਮੰਤਰੀ ਨੇ ਇਕ ਵੱਡੀ ਲੋਕ-ਪੱਖੀ ਪਹਿਲਕਦਮੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੱਟ ਹੈੱਡ ਤੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤ ਦੀ ਸਪਲਾਈ ਦੇਣ ਦੇ ਨਿਰਦੇਸ਼ਾਂ ਦੀ ਪਾਲਣਾ ਲਈ ਹੁਣ ਤੱਕ 14 ਜ਼ਿਲ੍ਹਿਆਂ ਵਿੱਚ 33 ਰੇਤ ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ ਹਨ ਅਤੇ ਸੂਬਾ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ 150 ਜਨਤਕ ਰੇਤ ਖੱਡਾਂ ਚਾਲੂ ਕਰਨ ਦਾ ਟੀਚਾ ਰੱਖਿਆ ਹੈ, ਜਿਸ ਤਹਿਤ 15 ਮਾਰਚ ਤੱਕ 50 ਦਾ ਟੀਚਾ ਹੈ।

ਇਹ ਵੀ ਪੜ੍ਹੋ : ਪੰਜਾਬ ਦਾ 22 ਦਿਨਾਂ ਦਾ ਬਜਟ ਸੈਸ਼ਨ, 13 ਦਿਨ ਛੁੱਟੀਆਂ, ਜਾਣੋ ਬਾਕੀ ਦਿਨਾਂ 'ਚ ਕੀ ਹੋਵੇਗਾ

ਮੀਟਿੰਗ 'ਚ ਹਰ ਜਨਤਕ ਖੱਡ ਦੇ ਕੰਮ ਬਾਰੇ ਜਾਣਕਾਰੀ ਲਈ ਗਈ ਅਤੇ ਜਿੱਥੇ ਵੀ ਕੋਈ ਦਿੱਕਤ ਆ ਰਹੀ ਹੈ, ਉਸ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਕੁਝ ਥਾਵਾਂ 'ਤੇ ਪੰਚਾਇਤ ਵੱਲੋਂ ਕੰਮ ਵਿੱਚ ਅੜਚਨ ਪਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਵਾਰੇ ਖਣਨ ਮੰਤਰੀ ਨੇ ਉੱਚ ਅਧਿਕਾਰੀਆਂ ਨੂੰ ਪੰਚਾਇਤ ਵਿਭਾਗ ਨਾਲ ਗੱਲ ਕਰਨ ਲਈ ਆਖਿਆ। ਨਵੀਂ ਖਣਨ ਨੀਤੀ ਵੀ ਛੇਤੀ ਆ ਰਹੀ ਹੈ। ਨਾਜਾਇਜ਼ ਖਣਨ ਖ਼ਿਲਾਫ਼ ਸਰਕਾਰ ਦੀ ਜ਼ੀਰੋ ਟਾਲਰੈਂਸ ਹੈ। ਮੀਟਿੰਗ 'ਚ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ, ਡਾਇਰੈਕਟਰ ਡੀਪੀਐੱਸ ਖਰਬੰਦਾ, ਚੀਫ਼ ਇੰਜੀਨੀਅਰ ਐੱਨ.ਕੇ. ਜੈਨ, ਐੱਸ.ਈ. ਮਨੋਜ ਬਾਂਸਲ ਅਤੇ ਸਮੂਹ ਜ਼ਿਲ੍ਹਿਆਂ ਦੇ ਖਣਨ ਅਧਿਕਾਰੀ ਤੇ ਜ਼ੋਨਲ ਡੀਐੱਸਪੀ ਹਾਜ਼ਰ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News