5 ਕਰੋੜ ਦੀ ਹੈਰੋਇਨ ਤੇ ਲੱਖਾਂ ਦੀ ਡਰੱਗ ਮਨੀ ਸਮੇਤ 2 ਗ੍ਰਿਫ਼ਤਾਰ
Sunday, Jul 05, 2020 - 10:41 AM (IST)
ਕਪੂਰਥਲਾ (ਭੂਸ਼ਣ)— ਸੀ. ਆਈ. ਏ. ਕਪੂਰਥਲਾ ਦੀ ਪੁਲਸ ਨੇ ਰਾਜਸਥਾਨ ਦੇ ਜੈਪੁਰ ਸ਼ਹਿਰ 'ਚ ਇਕ ਆਪਰੇਸ਼ਨ ਦੌਰਾਨ 5 ਕਰੋੜ ਰੁਪਏ ਮੁੱਲ ਦੀ ਹੈਰੋਇਨ, 7.20 ਲੱਖ ਰੁਪਏ ਦੀ ਡਰੱਗ ਮਨੀ ਅਤੇ ਇਕ ਕਾਰ ਬਰਾਮਦ ਕਰਕੇ 2 ਡਰੱਗ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਦੋਵਾਂ ਡਰੱਗ ਸਮੱਗਲਰਾਂ ਨੂੰ ਅਦਾਲਤ ਨੇ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਐੱਸ. ਐੱਸ. ਪੀ. ਸਤਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਡਰੱਗ ਸਮੱਗਲਰ ਸਰਬਜੀਤ ਸਿੰਘ ਉਰਫ ਲੋਗਾ ਪੁੱਤਰ ਹਰਕੀਰਤ ਸਿੰਘ ਵਾਸੀ ਮੁਹੱਲਾ ਮਹਿਤਾਬਗੜ੍ਹ ਕਪੂਰਥਲਾ ਜੋ ਕਿ ਡਰੱਗ ਦੇ ਕਈ ਵੱਡੇ ਮਾਮਲਿਆਂ 'ਚ ਕਪੂਰਥਲਾ ਪੁਲਸ ਨੂੰ ਲੋੜੀਂਦਾ ਹੈ, ਉਹ ਇਸ ਸਮੇਂ ਰਾਜਸਥਾਨ ਦੇ ਜੈਪੁਰ ਸ਼ਹਿਰ 'ਚ ਬੈਠ ਕੇ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਹੈ ਅਤੇ ਡਰੱਗ ਦੀ ਸਪਲਾਈ ਕਰ ਰਿਹਾ ਹੈ। ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਇਕ ਵਿਸ਼ੇਸ਼ ਪੁਲਸ ਟੀਮ ਜਿਸ 'ਚ ਡੀ. ਐੱਸ. ਪੀ. (ਡੀ.) ਸੁਰਿੰਦਰ ਚਾਂਦ, ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਬਲਵਿੰਦਰ ਪਾਲ ਸਿੰਘ ਅਤੇ ਸੀ. ਆਈ. ਏ. ਸਟਾਫ ਫਗਵਾੜਾ ਦੇ ਇੰਚਾਰਜ ਇੰਸਪੈਕਟਰ ਹਰਮੀਕ ਸਿੰਘ ਨੂੰ ਸ਼ਾਮਲ ਕਰਕੇ ਜੈਪੁਰ ਜਾਣ ਦੇ ਨਿਰਦੇਸ਼ ਦਿੱਤੇ। ਜਿਸ ਦੌਰਾਨ ਜੈਪੁਰ ਪਹੁੰਚੀਆਂ ਪੁਲਸ ਟੀਮਾਂ ਨੇ ਛਾਪੇਮਾਰੀ ਕਰਕੇ ਸਰਬਜੀਤ ਸਿੰਘ ਉਰਫ ਲੋਗਾ ਅਤੇ ਉਸ ਦੇ ਇਕ ਸਾਥੀ ਵਰੁਣ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਸਰਪੰਚ ਕਾਲੋਨੀ ਕਰਤਾਰਪੁਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਦਾ ਵੱਡਾ ਧਮਾਕਾ, 58 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ
ਜਦੋਂ ਮੌਕੇ 'ਤੇ ਦੋਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਇਕ ਕਿੱਲੋ ਹੈਰੋਇਨ, 7.20 ਲੱਖ ਰੁਪਏ ਦੀ ਡਰੱਗ ਮਨੀ ਅਤੇ ਇਕ ਸਵਿੱਫਟ ਡਿਜ਼ਾਇਰ ਕਾਰ ਬਰਾਮਦ ਕੀਤੀ ਗਈ। ਪੁੱਛਗਿੱਛ ਦੌਰਾਨ ਮੁਲਜ਼ਮ ਸਰਬਜੀਤ ਸਿੰਘ ਉਰਫ ਲੋਗਾ ਨੇ ਦੱਸਿਆ ਕਿ ਉਹ ਕਪੂਰਥਲਾ ਪੁਲਸ ਦੇ ਡਰ ਨਾਲ ਕਈ ਮਹੀਨੇ ਪਹਿਲਾਂ ਦਿੱਲੀ ਦੇ ਨੇੜਲੇ ਮੇਵਾਤ ਖੇਤਰ 'ਚ ਜਾ ਕੇ ਲੁੱਕ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਰਾਜਸਥਾਨ ਦੇ ਜੈਪੁਰ ਸ਼ਹਿਰ ਜਾ ਕੇ ਡਰੱਗ ਦੀ ਸਮਗਲਿੰਗ ਦਾ ਕੰਮ ਕਰਨ ਲੱਗ ਪਿਆ। ਮੁਲਜ਼ਮ ਲੋਗਾ ਨੇ ਖੁਲਾਸਾ ਕੀਤਾ ਕਿ ਵਰੁਣ ਕੁਮਾਰ ਉਸ ਦਾ ਪੁਰਾਣਾ ਸਾਥੀ ਹੈ। ਉਸ ਨੇ ਕਪੂਰਥਲਾ ਸ਼ਹਿਰ 'ਚ ਬਣਾਈ ਕਰੀਬ 1 ਕਰੋੜ ਰੁਪਏ ਮੁੱਲ ਦੀ ਕੋਠੀ ਵਰੁਣ ਦੇ ਨਾਮ 'ਤੇ ਕਰਵਾਈ ਹੋਈ ਹੈ ਅਤੇ ਵਰੁਣ ਉਸ ਲਈ ਡਰੱਗ ਸਮਗਲਿੰਗ ਕਰਦਾ ਹੈ।
ਇਹ ਵੀ ਪੜ੍ਹੋ: ਐੱਸ.ਐੱਫ. ਜੇ. 'ਤੇ ਪੰਜਾਬ ਪੁਲਸ ਦੀ ਕਾਰਵਾਈ, ਕਪੂਰਥਲਾ ਤੋਂ ਗ੍ਰਿਫ਼ਤਾਰ ਕੀਤਾ ਪੰਨੂ ਦਾ ਸਾਥੀ
ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਬਜੀਤ ਸਿੰਘ ਉਰਫ ਲੋਗਾ ਨੇ ਡਰੱਗ ਦੇ ਧੰਦੇ ਤੋਂ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੈ, ਜਿਸ ਨੂੰ ਸਰਕਾਰੀ ਤੌਰ 'ਤੇ ਅਟੈਚ ਕੀਤਾ ਜਾ ਰਿਹਾ ਹੈ। ਉੱਥੇ ਹੀ ਉਸ ਦੇ ਬੈਂਕ ਲਾਕਰਾਂ ਦੀ ਜਾਂਚ ਚੱਲ ਰਹੀ ਹੈ, ਜਿੱਥੇ ਕਾਫੀ ਵੱਡੀ ਮਾਤਰਾ 'ਚ ਸੋਨਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਸਰਬਜੀਤ ਸਿੰਘ ਉਰਫ ਲੋਗਾ ਦੀ ਇਕ ਮਹਿਲਾ ਸਾਥੀ ਕੋਲੋਂ ਸਰਬਜੀਤ ਸਿੰਘ ਉਰਫ ਲੋਗਾ ਵੱਲੋਂ 9.10 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਰਬਜੀਤ ਸਿੰਘ ਇਸ ਤੋਂ ਪਹਿਲਾਂ ਵੀ 1 ਕਿੱਲੋ ਹੈਰੋਇਨ ਸਮੇਤ ਫੜਿਆ ਗਿਆਂ ਸੀ। ਇਸ ਮਾਮਲੇ 'ਚ ਉਸਨੂੰ 10 ਸਾਲ ਦੀ ਕੈਦ ਹੋਈ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦਾ ਦੌਰ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਡੀ. ਐੱਸ. ਪੀ. (ਡੀ.) ਸੁਰਿੰਦਰ ਚਾਂਦ, ਇੰਸਪੈਕਟਰ ਬਲਵਿੰਦਰ ਪਾਲ ਸਿੰਘ ਤੇ ਇੰਸਪੈਕਟਰ ਹਰਮੀਕ ਸਿੰਘ ਆਦਿ ਮੌਜੂਦ ਸਨ।