ਸ੍ਰੀ ਹਜ਼ੂਰ ਸਾਹਿਬ ਤੋਂ ਹੁਸ਼ਿਆਰਪੁਰ ਪਹੁੰਚੇ 142 ਸ਼ਰਧਾਲੂਆਂ ਨੂੰ ਕੀਤਾ ਇਕਾਂਤਵਾਸ, ਸਕਰੀਨਿੰਗ ਤੋਂ ਬਾਅਦ ਲਏ ਸੈਂਪਲ

04/30/2020 7:25:35 PM

ਹੁਸ਼ਿਆਰਪੁਰ(ਘੁੰਮਣ) - ਕੋਵਿਡ-19 ਸਬੰਧੀ ਦੇਸ਼ ਭਰ ’ਚ ਕੀਤੇ ਗਏ ਲਾਕਡਾਊਨ ਦੌਰਾਨ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਨਾਂਦੇੜ (ਮਹਾਰਾਸ਼ਟਰ) ਗਏ ਜ਼ਿਲ੍ਹੇ ਦੇ ਸ਼ਰਧਾਲੂਆਂ ਨੂੰ ਬੁੱਧਵਾਰ ਦੇਰ ਰਾਤ ਹੁਸ਼ਿਆਰਪੁਰ ਵਾਪਸ ਲਿਆਂਦਾ ਗਿਆ। ਪੰਜਾਬ ਸਰਕਾਰ ਦੇ ਯਤਨਾਂ ਕਾਰਨ 142 ਸ਼ਰਧਾਲੂਆਂ ਨੂੰ ਬੱਸਾਂ ਰਾਹੀਂ ਮੁਫ਼ਤ ਵਾਪਸ ਬੁਲਾਇਆ ਗਿਆ ਅਤੇ ਸਾਵਧਾਨੀ ਦੇ ਦੌਰ ’ਤੇ ਸਾਰੇ ਸ਼ਰਧਾਲੂਆਂ ਨੂੰ ਹੁਸ਼ਿਆਰਪੁਰ ਵਿਚ ‘ਇਕਾਂਤਵਾਸ’ ਕੀਤਾ ਗਿਆ ਅਤੇ ਸਿਹਤ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਆਰੰਭੀ ਜਾਵੇਗੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਵੱਖ-ਵੱਖ ਸਪੈਸ਼ਲ ਬੱਸਾਂ ਰਾਹੀਂ ਕੁੱਲ 142 ਸ਼ਰਧਾਲੂਆਂ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਹੁਸ਼ਿਆਰਪੁਰ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਵਰਤੀ ਗਈ ਸਾਵਧਾਨੀ ਕਰਕੇ ਕੋਵਿਡ ਕੇਅਰ ਸੈਂਟਰ ਰਿਆਤ ਬਾਹਰਾ ’ਚ 93 ਅਤੇ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਫਤਿਹਗੜ੍ਹ ਵਿਖੇ 49 ਸ਼ਰਧਾਲੂਆਂ ਨੂੰ ‘ਇਕਾਂਤਵਾਸ’ ਲਈ ਰੱਖਿਆ ਗਿਆ ਹੈ। ਸਿਹਤ ਵਿਭਾਗ ਵੱਲੋਂ ਸਾਰੇ ਸ਼ਰਧਾਲੂਆਂ ਦੇ ਸੈਂਪਲ ਲਏ ਗਏ ਹਨ, ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਕੋਵਿਡ ਕੇਅਰ ਸੈਂਟਰਾਂ ਵਿਚ ਸ਼ਰਧਾਲੂਆਂ ਦੀ ਸੁਵਿਧਾ ਲਈ ਸਾਰੀਆਂ ਜ਼ਰੂਰੀ ਸਾਵਧਾਨੀਆਂ ਦੇ ਨਾਲ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੈਂਟਰ ਵਿਚ ਸਮਾਜਕ ਦੂਰੀ ਦੇ ਨਾਲ-ਨਾਲ ਹਰ ਜ਼ਰੂਰੀ ਸਾਵਧਾਨੀ ਅਪਣਾਈ ਜਾ ਰਹੀ ਹੈ, ਜਿਸ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਟੀਮ ਵੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਥੇ ਸ਼ਰਧਾਲੂਆਂ ਦੇ ਰਹਿਣ ਅਤੇ ਭੋਜਨ ਦੀ ਪੂਰੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੈਗੇਟਿਵ ਸੈਂਪਲ ਆਉਣ ’ਤੇ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਇਕਾਂਤਵਾਸ ’ਚ ਰੱਖਿਆ ਜਾਵੇਗਾ ਅਤੇ ਜੇਕਰ ਕਿਸੇ ਸ਼ਰਧਾਲੂ ਦਾ ਸੈਂਪਲ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਇਲਾਜ ਲਈ ਦਾਖ਼ਲ ਕੀਤਾ ਜਾਵੇਗਾ।
 


Harinder Kaur

Content Editor

Related News