ਪੁਲਸ ਕੁਆਰੰਟੀਨ ਸਹੂਲਤ 'ਚ ਰਹੇ 1200 ਕਸ਼ਮੀਰੀ ਪ੍ਰਵਾਸੀ ਮੁੜੇ ਘਰ, ਪੰਜਾਬ ਪੁਲਸ ਦਾ ਕੀਤਾ ਧੰਨਵਾਦ

Tuesday, Apr 21, 2020 - 09:22 AM (IST)

ਚੰਡੀਗੜ/ਜਲੰਧਰ (ਧਵਨ) - ਜੰਮੂ-ਕਸ਼ਮੀਰ ਦੀ ਸਰਕਾਰ ਵੱਲੋਂ ਕਸ਼ਮੀਰੀ ਪ੍ਰਵਾਸੀਆਂ ਦੇ ਦਾਖਲੇ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਪਿਛਲੇ 20 ਦਿਨਾਂ ਤੋਂ ਪਠਾਨਕੋਟ 'ਚ ਫਸੇ ਵੱਖ-ਵੱਖ ਸੂਬਿਆਂ ਤੋਂ ਆਏ 1200 ਕਸ਼ਮੀਰੀ ਪ੍ਰਵਾਸੀਆਂ ਲਈ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਫਰਿਸ਼ਤੇ ਸਾਬਤ ਹੋਈ। ਅੱਜ ਇਹ ਪ੍ਰਵਾਸੀ ਆਖਰਕਾਰ ਆਪਣੇ ਸੂਬੇ ਵਿੱਚ ਦਾਖਲ ਹੋ ਗਏ। ਪ੍ਰਵਾਸੀਆਂ ਨੇ ਘਰ ਵਾਪਸੀ ਤੋਂ ਪਹਿਲਾਂ ਆਪਣੀ ਲਾਜ਼ਮੀ 20 ਦਿਨਾਂ ਕੁਅਰੰਟੀਨ ਅਵਧੀ ਦੌਰਾਨ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਕੀਤੇ ਯਤਨਾਂ ਲਈ ਧੰਨਵਾਦ ਕੀਤਾ ਜਿਹਨਾਂ ਨੇ ਇਹਨਾਂ ਪ੍ਰਵਾਸੀਆਂ ਨੂੰ ਸਹਾਰਾ, ਖਾਣਾ ਅਤੇ ਰਹਿਣ ਦੀ ਸਹੂਲਤ ਦਿੱਤੀ।
ਡੀ.ਜੀ.ਪੀ ਸ਼੍ਰੀ ਦਿਨਕਰ ਗੁਪਤਾ ਨੇ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਨੇ ਤਾਲਾਬੰਦੀ ਕਾਰਨ ਵੱਖ-ਵੱਖ ਸੂਬਿਆਂ ਤੋਂ ਪਠਾਨਕੋਟ ਪਹੁੰਚੇ ਪ੍ਰਵਾਸੀਆਂ ਨੂੰ ਸੂਬੇ ਵਿਚ ਦਾਖਲ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਪੰਜਾਬ ਸਰਕਾਰ ਨੇ ਉਨ੍ਹਾਂ ਲਈ 9 ਸ਼ੈਲਟਰ ਹੋਮ (ਕੁਆਰੰਟੀਨ ਸਹੂਲਤਾਂ) ਸਥਾਪਤ ਕਰਨ ਲਈ ਕਦਮ ਚੁੱਕੇ। ਉਨ੍ਹਾਂ ਨੂੰ ਭੋਜਨ ਦੇ ਨਾਲ ਨਾਲ ਰਹਿਣ ਲਈ ਥਾਂ ਸਬੰਧੀ ਦਿਨ-ਰਾਤ ਸਹਾਇਤਾ ਪ੍ਰਦਾਨ ਕੀਤੀ ਗਈ। ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਸਿਹਤ ਦੀ ਨਿਯਮਤ ਜਾਂਚ ਲਈ ਅਤੇ ਉਨ੍ਹਾਂ ਨੂੰ ਨਿਯਮਤ ਤੌਰ 'ਤੇ ਦਵਾਈਆਂ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਮੈਡੀਕਲ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਜੰਮੂ ਕਸ਼ਮੀਰ ਸਰਕਾਰ ਤੋਂ ਆਖਰਕਾਰ ਸੂਬੇ ਵਿਚ ਦਾਖਲ ਹੋਣ ਦੀ ਪ੍ਰਵਾਨਗੀ ਮਿਲਣ 'ਤੇ ਇਹ ਪ੍ਰਵਾਸੀ ਪੰਜਾਬ ਸਰਕਾਰ ਖਾਸਕਰ ਪੰਜਾਬ ਪੁਲਸ ਵੱਲੋਂ ਮਿਲੀ ਸਹਾਇਤਾ ਲਈ ਸ਼ੁਕਰਗੁਜ਼ਾਰ ਹੋਏ। ਉਨ੍ਹਾਂ ਇਸ ਨਾਜ਼ੁਕ ਸਮੇਂ ਦੌਰਾਨ ਰਾਧਾ ਸੁਆਮੀ ਡੇਰਾ ਬਿਆਸ ਅਤੇ ਹੋਰਨਾਂ ਸੰਸਥਾਵਾਂ ਵੱਲੋਂ ਕੀਤੀ ਗਈ ਮਦਦ ਦਾ ਵੀ ਧੰਨਵਾਦ ਕੀਤਾ। ਜੰਮੂ-ਕਸ਼ਮੀਰ ਦੇ ਜ਼ਿਲਾ ਰਾਮਬੰਨ ਦੇ ਵਸਨੀਕ ਨੇ ਕਿਹਾ, “ਇਨ੍ਹਾਂ ਕਾਲੇ ਦਿਨਾਂ 'ਚ ਪੰਜਾਬ ਪੁਲਸ 20 ਦਿਨਾਂ ਲਈ ਚੰਗੀ ਮੇਜ਼ਬਾਨ ਰਹੀ।”ਪ੍ਰਵਾਸੀਆਂ ਦੇ ਅਨੁਸਾਰ, ਪੁਲਸ ਨੇ ਉਨ੍ਹਾਂ ਨੂੰ ਖਾਣਾ, ਹੋਰ ਜ਼ਰੂਰੀ ਚੀਜ਼ਾਂ, ਰਹਿਣ ਲਈ ਥਾਂ, ਡਾਕਟਰੀ ਸਹੂਲਤਾਂ ਤੇ ਢੁਕਵੀਂ ਸੈਨੀਟਾਈਜੇਸ਼ਨ ਪ੍ਰਦਾਨ ਕੀਤੀ ਅਤੇ ਪਿਛਲੇ 20 ਦਿਨਾਂ ਤੋਂ ਉਨ੍ਹਾਂ ਨੂੰ ਸੁਰੱਖਿਅਤ ਰੱਖਿਆ। ਜ਼ਿਕਰਯੋਗ ਹੈ ਕਿ ਕਸ਼ਮੀਰੀ ਪਰਵਾਸੀਆਂ ਦੇ ਇੱਕ ਵੱਡੇ ਸਮੂਹ ਨੂੰ ਪਹਿਲਾਂ ਦਿੱਲੀ ਤੋਂ ਪੰਜਾਬ ਪੁਲਸ ਨੇ ਅੰਤਰ-ਰਾਜ ਸਰਹੱਦ ਪਾਰ ਕਰਕੇ ਜੰਮੂ ਕਸ਼ਮੀਰ ਪਹੁੰਚਣ ਵਿਚ ਸਹਾਇਤਾ ਪ੍ਰਦਾਨ ਕੀਤੀ ਸੀ।


Bharat Thapa

Content Editor

Related News