ਕਰਜ਼ਾ ਮੁਆਫੀ ਦੇ ਤੀਸਰੇ ਗੇੜ ''ਚ ਡੇਢ ਲੱਖ ਕਿਸਾਨਾਂ ਦਾ ਕਰਜ਼ਾ ਮੁਆਫ : ਸਿੱਧੂ

Sunday, Jan 27, 2019 - 06:44 PM (IST)

ਕਰਜ਼ਾ ਮੁਆਫੀ ਦੇ ਤੀਸਰੇ ਗੇੜ ''ਚ ਡੇਢ ਲੱਖ ਕਿਸਾਨਾਂ ਦਾ ਕਰਜ਼ਾ ਮੁਆਫ : ਸਿੱਧੂ

ਅੰਮ੍ਰਿਤਸਰ (ਬਿਊਰੋ)- ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਲਕਾ ਪੂਰਬੀ ਦੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਤਕਸੀਮ ਕਰਦੇ ਐਲਾਨ ਕੀਤਾ ਕਿ ਕਰਜ਼ਾ ਮੁਆਫੀ ਦੇ ਤੀਸਰੇ ਗੇੜ ਵਿਚ ਪੰਜਾਬ ਦੇ ਕਰੀਬ ਡੇਢ ਲੱਖ ਕਿਸਾਨਾਂ ਦਾ 1009 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਵੱਲੋਂ ਮੁਆਫ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਨੂੰ ਪੂਰਾ ਕਰਦੇ ਸਵਾ ਚਾਰ ਲੱਖ ਕਿਸਾਨਾਂ ਦਾ 3452 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨੇ ਇਸ ਮੁਆਫੀ ਰੂਪੀ ਹੱਲਾਸ਼ੇਰੀ ਨੂੰ ਕਬੂਲਦੇ ਹੋਏ ਪੰਜਾਬ ਦੇ ਅਨਾਜ ਭੰਡਾਰ 'ਚ 3 ਫੀਸਦੀ ਦਾ ਵਾਧਾ ਵੀ ਦਰਜ ਕੀਤਾ ਹੈ।

ਸਿੱਧੂ ਨੇ ਅੱਜ ਹਲਕਾ ਪੂਰਬੀ ਦੇ 45 ਕਿਸਾਨਾਂ ਨੂੰ 37 ਲੱਖ ਰੁਪਏ ਦੀ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਤਕਸੀਮ ਕੀਤੇ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਚ 11663 ਕਿਸਾਨਾਂ ਦਾ 82.70 ਕਰੋੜ ਰੁਪਏ ਕਰਜ਼ਾ ਮੁਆਫ ਕੀਤਾ ਜਾ ਚੁੱਕਾ ਹੈ ਅਤੇ ਹੁਣ ਪੰਜ ਏਕੜ ਤੱਕ ਦੀ ਮਾਲਕੀ ਵਾਲੇ 5174 ਕਿਸਾਨਾਂ ਦਾ 41.30 ਕਰੋੜ ਰੁਪਏ ਮੁਆਫ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੋਲਦੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਭਲੇ ਲਈ ਕੁੱਝ ਨਹੀਂ ਕੀਤਾ, ਜਿਸ ਕਾਰਨ ਕਿਸਾਨਾਂ ਦੀ ਹਾਲਤ ਖਰਾਬ ਹੁੰਦੀ ਗਈ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੰਦੇ ਹੋਏ ਆਪਣੇ ਵਾਅਦੇ ਨੂੰ ਪੂਰਾ ਕਰ ਵਿਖਾਇਆ ਹੈ। ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੀ ਆਮਦਨ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਅੱਗੇ ਜੋ ਪੈਸਾ ਅਖੌਤੀ ਨੇਤਾਵਾਂ ਦੀ ਜੋਬ ਵਿਚ ਜਾਂਦਾ ਸੀ, ਉਹ ਹੁਣ ਸਰਕਾਰ ਦੇ ਖਜ਼ਾਨੇ ਵਿਚ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਾਰੇ ਪੰਜਾਬ ਦੀ ਇਸ਼ਤਹਾਰ ਆਮਦਨ ਕੇਵਲ 18 ਕਰੋੜ ਰੁਪਏ ਸੀ, ਜਦਕਿ ਅਸੀਂ ਇਕੱਲੇ ਲੁਧਿਆਣੇ ਵਿਚੋਂ ਹੀ 32 ਕਰੋੜ ਰੁਪਏ ਕਮਾ ਲਏ ਹਨ।


author

Sunny Mehra

Content Editor

Related News