ਨੌਜਵਾਨ ਨੇ ਏਜੰਟਾਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ, 4 ਨਾਮਜ਼ਦ

Saturday, Jul 05, 2025 - 03:41 PM (IST)

ਨੌਜਵਾਨ ਨੇ ਏਜੰਟਾਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ, 4 ਨਾਮਜ਼ਦ

ਰਾਜਪੁਰਾ (ਹਰਵਿੰਦਰ) : ਚੌਹਾਨ ਕਾਲੋਨੀ ਵਾਸੀ ਨਾਜਰ ਖਾਨ ਪੁੱਤਰ ਰਮਜ਼ਾਨ ਅਲੀ ਨੇ ਥਾਣਾ ਗੰਢਾਖੇੜੀ ਪੁਲਸ ਕੋਲ ਆਪਣੇ ਭਰਾ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ 4 ਵਿਅਕਤੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਜਤਿੰਦਰ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਕਾਲੋਨੀ, ਰਾਜਪੁਰਾ, ਹਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪੀਰ ਕਾਲੋਨੀ, ਸੈਦਖੇੜੀ, ਲਖਵਿੰਦਰ ਸਿੰਘ ਵਾਸੀ ਮਾਛੀਵਾੜਾ ਅਤੇ ਅਮਰੀਕ ਸਿੰਘ ਵਾਸੀ ਫਰੀਦਕੋਟ ਖਿਲਾਫ ਬੀ. ਐੱਨ. ਐੱਸ. ਦੀ ਧਾਰਾ 108, 351(3) 61(2) ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਾਜਰ ਖਾਨ ਨੇ ਗੰਢਾਖੇੜੀ ਸ਼ਿਕਾਇਤ ’ਚ ਕਿਹਾ ਕਿ ਉਸ ਦੇ ਭਰਾ ਰਫੀ ਮੁਹੰਮਦ (35) ਨੇ ਉਕਤ ਵਿਅਕਤੀਆਂ ਨੂੰ ਵਿਦੇਸ਼ ਜਾਣ ਲਈ 13 ਲੱਖ ਰੁਪਏ ਦਿੱਤੇ ਸਨ। ਉਕਤ ਵਿਅਕਤੀਆਂ ਕੋਲ ਉਸ ਦਾ ਭਰਾ ਵਾਰ-ਵਾਰ ਗੇੜੇ ਮਾਰ ਰਿਹਾ ਸੀ ਪਰ ਨਾ ਤਾਂ ਉਸ ਦੇ ਭਰਾ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ, ਬਲਕਿ ਉਕਤ ਵਿਅਕਤੀ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਧਮਕੀਆਂ ਦੇ ਰਹੇ ਸਨ, ਜਿਸ ਤੋਂ ਤੰਗ ਆ ਕੇ ਉਸ ਦੇ ਭਰਾ ਨੇ ਬੀਤੀ ਦੋ ਜੁਲਾਈ ਨੂੰ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ। ਜਦੋਂ ਉਸ ਨੂੰ ਇਲਾਜ ਲਈ ਰਾਜਪੁਰਾ ਦੇ ਨਿੱਜੀ ਨਰਸਿੰਗ ਹੋਮ ਲਿਜਾਇਆ ਗਿਆ ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਨਾਜਰ ਖਾਨ ਦੀ ਸ਼ਿਕਾਇਤ ’ਤੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਦੋਂ ਜਾਂਚ ਅਧਿਕਾਰੀ ਸੁਖਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।


author

Gurminder Singh

Content Editor

Related News