ਪੰਜਾਬ ਦੇ ਭੱਖਦੇ ਮਸਲਿਆਂ ’ਤੇ ਭਗਵੰਤ ਮਾਨ ਸਰਕਾਰ ਕਰ ਚੁਕੀ ਕੇਂਦਰ ਅੱਗੇ ਸਰੰਡਰ : ਪ੍ਰੋ. ਚੰਦੂਮਾਜਰਾ

07/06/2022 2:04:11 PM

ਪਟਿਆਲਾ(ਬਲਜਿੰਦਰ) : ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਭੱਖਦੇ ਮਸਲਿਆਂ, ਲੋਕਾਂ ਦੇ ਹੱਕ-ਹਕੂਕਾਂ ’ਤੇ ਡਾਕੇ ਮਾਰਨ ਦਾ ਕੰਮ ਕਰ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ‘ਆਪ’ ਸਰਕਾਰ ਕੇਂਦਰ ਅੱਗੇ ਝੁਕੀ ਨਜ਼ਰ ਆ ਰਹੀ ਹੈ, ਜਿਸ ਦੀ ਮਿਸਾਲ ਪੰਜਾਬ ਯੂਨੀਵਰਸਿਟੀ ਦੇ ਹੋ ਰਹੀ ਕੇਂਦਰੀਕਰਨ ਨੂੰ ਲੈ ਕੇ ਆਵਾਜ਼ ਨਾ ਚੁੱਕਣ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੇ ਹੱਕ ਅਤੇ ਅਧਿਕਾਰ ਕੇਂਦਰ ਸਰਕਾਰ ਵੱਲੋਂ ਕੁਚਲੇ ਜਾ ਰਹੇ ਹਨ ਪਰ ਭਗਵੰਤ ਮਾਨ ਸਰਕਾਰ ਆਵਾਜ਼ ਚੁੱਕਣ ਦੀ ਬਜਾਏ ਕੇਂਦਰ ਸਰਕਾਰ ਅੱਗੇ ਸਰੰਡਰ ਕਰਦੀ ਵਿਖਾਈ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਵਿਧਾਨ ਸਭਾ ’ਚ ਕੇਂਦਰੀਕਰਨ ਦੇ ਵਿਰੋਧ ’ਚ ਮਤਾ ਪਾ ਕੇ ਜਾਂ ਫੌਰੀ ਸ਼ੌਹਰਤ ਲਈ ਬਿਆਨਬਾਜ਼ੀ ਕਰਨ ਦਾ ਢਕਵੰਜ ਛੱਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਖਡ਼ਾ ਮੈਨੇਜਮੈਂਟ ਦੀ ਬੋਰਡ ਦੀ ਮੈਂਬਰਸ਼ਿਪ ਦਾ ਰੱਦ ਹੋਣਾ ਅਤੇ ਪਾਣੀਆਂ ਦੇ ਅਹਿਮ ਮਸਲਿਆਂ ’ਤੇ ਵੀ ਸਰਕਾਰ ਨੇ ਚੁੱਪ ਵੱਟੀ ਹੋਈ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਰਾਜਸਥਾਨ-ਸਰਹਿੰਦ ਫੀਡਰ ਨਹਿਰ ਐੱਸ. ਵਾਈ. ਐੱਲ. ਦੀ ਮੁਰੰਮਤ ਲਈ 780 ਕਰੋਡ਼ ਰੁਪਏ ਦਾ ਮਤਾ ਲੈ ਕੇ ਆਉਣ ਤੋਂ ਸਪੱਸ਼ਟ ਹੁੰਦਾ ਹੈ ਕਿ ਹਰਿਆਣਾ ਨੂੰ ਪੰਜਾਬ ਦਾ ਪਾਣੀ ਦੇਣ ’ਚ ਸਰਕਾਰ ਮਨ ’ਚ ਖੋਟ ਰੱਖੀ ਬੈਠੀ ਹੈ। ਇਕ ਸਵਾਲ ਦੇ ਜਵਾਬ ’ਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਬੇਅਦਬੀ ਮਾਮਲੇ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਕਲੀਨ ਚਿੱਟ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਮਾਮਲੇ ’ਚ ਵਿਰੋਧੀ ਸਿਆਸੀ ਪਾਰਟੀਆਂ ਨੇ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਸਾਰੀ ਸਾਜ਼ਿਸ਼ ਘਡ਼ੀ ਸੀ, ਜਿਸ ਦਾ ਜਵਾਬ ਆਉਣ ਵਾਲੇ ਸਮੇਂ ’ਚ ਲੋਕ ਹੀ ਦੇਣਗੇ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਦਾ ਦੋਸ਼ੀ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਣਾ ਚਾਹੀਦਾ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਲਈ ਦ੍ਰੋਪਦੀ ਮੁਰਮੂ ਦੇ ਹੱਕ ’ਚ ਵੋਟ ਪਾਉਣ ਦਾ ਮੰਤਵ ਪੰਜਾਬ ਦੇ ਭੱਖਦੇ ਅਤੇ ਸਿੱਖਾਂ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਚੱਲਣਾ ਤਾਂ ਕਿ ਭਵਿੱਖ ’ਚ ਮੰਗਾਂ ਦੀ ਪੂਰਤੀ ਕਰਵਾਈ ਜਾਵੇ ਸਕੇ, ਜਿਸ ’ਚ ਬੰਦੀ ਸਿੱਖਾਂ ਦੀ ਰਿਹਾਈ ਦਾ ਮਸਲਾ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਐੱਨ. ਡੀ. ਏ. ਦੀ ਉਮੀਦਵਾਰ ਦ੍ਰੋਪਦੀ ਮੁਰਮੂ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਹੀ ਅਕਾਲੀ ਦਲ ਵੋਟ ਪਾਉਣ ਦੀ ਹਮਾਇਤ ਕਰ ਰਿਹਾ ਹੈ।

ਪ੍ਰੋ. ਚੰਦੂਮਾਜਰਾ ਨੇ ਕਾਂਗਰਸ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਅਤੇ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵੱਲੋਂ ਬੇਅਦਬੀ ਮਾਮਲੇ ’ਤੇ ਉਠਾਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪਿਛਲੇ 5 ਸਾਲ ਕਾਂਗਰਸ ਨੇ ਬੇਅਦਬੀ ਮਾਮਲੇ ’ਤੇ ਸਿਆਸਤ ਕੀਤੀ ਹੈ। ਹੁਣ ਬਾਜਵਾ ਹਵਾ ’ਚ ਸੋਟੀ ਘੁੰਮਾ ਰਹੇ ਹਨ, ਜਦਕਿ ਕਾਂਗਰਸ ਸੱਚਾਈ ਲੋਕਾਂ ਸਾਹਮਣੇ ਲਿਆਉਣਾ ਹੀ ਨਹੀਂ ਸੀ ਚਾਹੁੰਦਾ ਅਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਨੂੰ ਤਾਂ ਉਨ੍ਹਾਂ ਦੀ ਆਪਣੀ ਪਾਰਟੀ ਹੀ ਕੁਝ ਸੁਣਨ ਨੂੰ ਤਿਆਰ ਨਹੀਂ, ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਅਤੇ ਸਿਆਸੀ ਰੋਟੀਆਂ ਸੇਕਣ ਲਈ ਹੀ ਇਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਮੌਕੇ ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ, ਪ੍ਰਧਾਨ ਬੀ. ਸੀ. ਵਿੰਗ ਗੁਰਦੀਪ ਸਿੰਘ ਸ਼ੇਖੂਪੁਰ, ਪਲਵਿੰਦਰ ਸਿੰਘ ਰਿੰਕੂ, ਸੁਖਬੀਰ ਸਿੰਘ ਅਬਲੋਵਾਲ ਤੋਂ ਇਲਾਵਾ ਵੱਡੀ ਗਿਣਤੀ ’ਚ ਅਕਾਲੀ ਦਲ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News