ਚਾਕਲੇਟ 'ਚ ਮਿਲਿਆ ਖ਼ਤਰਨਾਕ ਬੈਕਟੀਰੀਆ, ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਨੇ ਵਾਪਸ ਮੰਗਵਾਏ ਉਤਪਾਦ
Friday, Jul 01, 2022 - 06:35 PM (IST)
ਨਵੀਂ ਦਿੱਲੀ - ਦੁਨੀਆ ਦੇ ਸਭ ਤੋਂ ਵੱਡੇ ਚਾਕਲੇਟ ਪਲਾਂਟ ਵਿੱਚ ਸਾਲਮੋਨੇਲਾ ਬੈਕਟੀਰੀਆ ਪਾਇਆ ਗਿਆ ਹੈ। ਦੁਨੀਆ ਦਾ ਸਭ ਤੋਂ ਵੱਡਾ ਚਾਕਲੇਟ ਪਲਾਂਟ ਬੈਲਜੀਅਮ ਵਿੱਚ ਹੈ, ਜਿੱਥੇ ਸਾਲਮੋਨੇਲਾ ਬੈਕਟੀਰੀਆ ਪਾਏ ਜਾਣ ਤੋਂ ਬਾਅਦ ਕੰਮ ਬੰਦ ਕਰ ਦਿੱਤਾ ਗਿਆ ਹੈ। ਪਲਾਂਟ ਤੋਂ ਜਿੱਥੇ ਵੀ ਚਾਕਲੇਟ ਤੋਂ ਬਣੇ ਉਤਪਾਦ ਭੇਜੇ ਗਏ ਹਨ, ਉਨ੍ਹਾਂ ਸਾਰਿਆਂ ਨੂੰ ਬੈਕਟੀਰੀਆ ਦੀ ਮੌਜੂਦਗੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਵਰਤਮਾਨ ਵਿੱਚ, ਡੀਲਰਾਂ ਨੂੰ ਉਤਪਾਦ ਵੇਚਣ ਦੀ ਮਨਾਹੀ ਕਰ ਦਿੱਤੀ ਗਈ ਹੈ। ਇਹ ਦੂਜੀ ਵਾਰ ਹੈ ਜਦੋਂ ਸਾਲਮੋਨੇਲਾ ਬੈਕਟੀਰੀਆ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਇਹ ਫਰੇਰੋ ਫੈਕਟਰੀ ਵਿੱਚ ਪਾਇਆ ਗਿਆ ਸੀ ਜੋ ਕਿ ਆਰਲੋਨ, ਦੱਖਣੀ ਬੈਲਜੀਅਮ ਵਿੱਚ ਕਿੰਡਰ ਚਾਕਲੇਟ ਬਣਾਉਂਦਾ ਹੈ।
ਇਹ ਵੀ ਪੜ੍ਹੋ : Byju's ਦਾ ਸਖ਼ਤ ਫ਼ੈਸਲਾ, 2500 ਮੁਲਾਜ਼ਮ ਕੱਢੇ ਨੌਕਰੀਓ
ਬੈਰੀ ਕੈਲੇਬੌਟ ਕੰਪਨੀ ਦਾ ਪਲਾਂਟ
ਦੁਨੀਆ ਦਾ ਸਭ ਤੋਂ ਵੱਡਾ ਪਲਾਂਟ ਬੈਲਜੀਅਮ ਦੇ ਵਿਏਜ਼ ਸ਼ਹਿਰ ਵਿੱਚ ਬਣਾਇਆ ਗਿਆ ਹੈ। ਇਹ ਪਲਾਂਟ ਬੈਰੀ ਕੈਲੇਬੌਟ ਕੰਪਨੀ ਦਾ ਹੈ ਅਤੇ ਇੱਥੇ ਤਰਲ ਚਾਕਲੇਟ ਬਣਾਈ ਜਾਂਦੀ ਹੈ। ਇਹ ਪਲਾਂਟ ਕਈ ਵੱਡੇ ਬ੍ਰਾਂਡਾਂ ਨੂੰ ਚਾਕਲੇਟ ਉਤਪਾਦਾਂ ਦੀ ਸਪਲਾਈ ਕਰਦਾ ਹੈ, ਜਿਸ ਵਿੱਚ ਹਰਸ਼ੇਜ਼, ਮੋਂਡੇਲੇਜ਼, ਨੇਸਲੇ ਅਤੇ ਯੂਨੀਲੀਵਰ ਸ਼ਾਮਲ ਹਨ।
ਚਾਕਲੇਟ ਦੇ ਬਣੇ ਉਤਪਾਦਾਂ ਨੂੰ ਵੇਚਣ ਤੋਂ ਰੋਕਿਆ ਗਿਆ
ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਪਲਾਂਟ ਵਿੱਚ ਬੈਕਟੀਰੀਆ ਪਾਏ ਜਾਣ ਦੀ ਖ਼ਬਰ ਮਿਲਦਿਆਂ ਹੀ ਸਾਰੇ ਬ੍ਰਾਂਡਾਂ ਨੂੰ 25 ਜੂਨ ਤੋਂ ਕੋਈ ਵੀ ਉਤਪਾਦ ਵੇਚਣ ਦੀ ਮਨਾਹੀ ਕਰ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਬੈਲਜੀਅਮ ਫੂਡ ਸੇਫਟੀ ਏਜੰਸੀ AFSCA ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਅਮਰੀਕਾ ਨੇ ਚੀਨ-ਪਾਕਿਸਤਾਨ ਸਮੇਤ ਕਈ ਦੇਸ਼ਾਂ ਦੀਆਂ ਕੰਪਨੀਆਂ ਨੂੰ ਕੀਤਾ ਬਲੈਕਲਿਸਟ
ਸਾਲਮੋਨੇਲਾ ਬੈਕਟੀਰੀਆ ਕੀ ਹੈ?
ਸਾਲਮੋਨੇਲਾ ਇੱਕ ਬੈਕਟੀਰੀਆ ਹੈ ਜੋ ਟਾਈਫਾਈਡ ਅਤੇ ਸਾਲਮੋਨੇਲੋਸਿਸ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਹ ਆਮ ਤੌਰ 'ਤੇ ਪੰਛੀਆਂ, ਜਾਨਵਰਾਂ ਅਤੇ ਮਨੁੱਖਾਂ ਦੀਆਂ ਅੰਤੜੀਆਂ ਨੂੰ ਪ੍ਰਭਾਵਿਤ ਕਰਦਾ ਹੈ। ਮਨੁੱਖਾਂ ਵਿੱਚ, ਇਹ ਜ਼ਿਆਦਾਤਰ ਅੰਡੇ, ਕੱਚੇ ਮਾਸ ਜਾਂ ਇਸ ਤੋਂ ਬਣੀਆਂ ਚੀਜ਼ਾਂ ਜਾਂ ਗੰਦੇ ਫਲਾਂ ਅਤੇ ਸਬਜ਼ੀਆਂ ਰਾਹੀਂ ਫੈਲਦਾ ਹੈ। ਇਸ ਤੋਂ ਇਲਾਵਾ ਇਹ ਸੱਪਾਂ, ਕੱਛੂਆਂ ਅਤੇ ਕਿਰਲੀਆਂ ਦੁਆਰਾ ਵੀ ਫੈਲਦਾ ਹੈ। ਇਹ ਬੈਕਟੀਰੀਆ ਆਮ ਤੌਰ 'ਤੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸ਼ਿਕਾਰ ਬਣਾਉਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਾਲਮੋਨੇਲਾ ਬੈਕਟੀਰੀਅਲ ਇਨਫੈਕਸ਼ਨ ਦਾ ਪਤਾ 6 ਤੋਂ 36 ਘੰਟਿਆਂ ਦੇ ਅੰਦਰ ਲੱਗ ਜਾਂਦਾ ਹੈ। ਜੇਕਰ ਕਿਸੇ ਦੇ ਸਰੀਰ ਵਿੱਚ ਇਹ ਬੈਕਟੀਰੀਆ ਹੈ ਤਾਂ ਦਸਤ, ਪੇਟ ਦਰਦ, ਉਲਟੀਆਂ, ਬੁਖਾਰ, ਸਿਰ ਦਰਦ ਅਤੇ ਜੀਅ ਕੱਚਾ ਹੋਣਾ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ।
ਇਹ ਵੀ ਪੜ੍ਹੋ : ਅਮਰੀਕਾ ਨੇ ਚੀਨ-ਪਾਕਿਸਤਾਨ ਸਮੇਤ ਕਈ ਦੇਸ਼ਾਂ ਦੀਆਂ ਕੰਪਨੀਆਂ ਨੂੰ ਕੀਤਾ ਬਲੈਕਲਿਸਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।