ਮਿਜ਼ੋਰਮ : ਲਾਲਦੁਹੋਮਾ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼
Thursday, Dec 07, 2023 - 03:25 PM (IST)
ਆਈਜ਼ੋਲ, (ਭਾਸ਼ਾ)- ਜ਼ੋਰਾਮ ਪੀਪਲਜ਼ ਮੂਵਮੈਂਟ (ਜ਼ੈੱਡ. ਪੀ. ਐੱਮ.) ਦੇ ਨੇਤਾ ਲਾਲਦੁਹੋਮਾ ਨੇ ਬੁੱਧਵਾਰ ਨੂੰ ਮਿਜ਼ੋਰਮ ਦੇ ਰਾਜਪਾਲ ਹਰੀ ਬਾਬੂ ਕੰਭਮਪਤੀ ਨਾਲ ਮੁਲਾਕਾਤ ਕਰ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਜ਼ੈੱਡ. ਪੀ. ਐੱਮ. ਸੋਮਵਾਰ ਨੂੰ ਵਿਧਾਨ ਸਭਾ ਚੋਣਾਂ ’ਚ ਜੇਤੂ ਬਣ ਕੇ ਉੱਭਰੀ ਤੇ ਉਸਨੇ ਕੁੱਲ 40 ਸੀਟਾਂ ’ਚੋਂ 27 ’ਤੇ ਜਿੱਤ ਹਾਸਲ ਕੀਤੀ।
ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੇ ਸਾਬਕਾ ਅਧਿਕਾਰੀ ਲਾਲਦੁਹੋਮਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸੁਰੱਖਿਆ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਪਾਰਟੀ ਦੇ ਇਕ ਨੇਤਾ ਨੇ ਕਿਹਾ ਕਿ ਉਨ੍ਹਾਂ ਨਵੇਂ ਚੁਣੇ ਮੈਂਬਰਾਂ ਅਤੇ ਹੋਰ ਨੇਤਾਵਾਂ ਨਾਲ ਮੰਗਲਵਾਰ ਸ਼ਾਮ ਨੂੰ ਮੀਟਿੰਗ ਕੀਤੀ ਅਤੇ ਮੰਤਰੀ ਮੰਡਲ ਦੇ ਗਠਨ ਅਤੇ ਵਿਭਾਗਾਂ ਦੀ ਵੰਡ ’ਤੇ ਚਰਚਾ ਕੀਤੀ।
ਜ਼ੈੱਡ. ਪੀ. ਐੱਮ. ਦੀ ਨੀਤੀਗਤ ਫੈਸਲੇ ਲੈਣ ਵਾਲੀ ਇਕਾਈ ‘ਵਾਲ ਉਪਾ ਪ੍ਰੀਸ਼ਦ’ ਦੇ ਮੈਂਬਰਾਂ ਨੇ ਵੀ ਮੀਟਿੰਗ ’ਚ ਹਿੱਸਾ ਲਿਆ। ਜ਼ੈੱਡ. ਪੀ. ਐੱਮ. ਦੇ ਸੂਤਰ ਨੇ ਕਿਹਾ ਕਿ ਲਾਲਦੁਹੋਮਾ ਦੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ। ਲਾਲਦੂਹੋਮਾ ਨੇ ਆਪਣੀ ਪਾਰਟੀ ਦੇ ਸਦਨ ’ਚ ਜ਼ਿਆਦਾਤਰ ਸੀਟਾਂ ਜਿੱਤਣ ’ਤੇ ਤਸੱਲੀ ਪ੍ਰਗਟ ਕੀਤੀ ਅਤੇ ਕੇਂਦਰ ਸਰਕਾਰ ਨਾਲ ਮਜ਼ਬੂਤ ਸਬੰਧ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।