ਜ਼ਾਕਿਰ ਨਾਇਕ ਨੂੰ ਭਾਰਤ ਹਵਾਲੇ ਕਰਨ ਲਈ ਤਿਆਰ ਹੈ ਮਲੇਸ਼ੀਆ ਸਰਕਾਰ

Wednesday, Nov 08, 2017 - 09:53 PM (IST)

ਜ਼ਾਕਿਰ ਨਾਇਕ ਨੂੰ ਭਾਰਤ ਹਵਾਲੇ ਕਰਨ ਲਈ ਤਿਆਰ ਹੈ ਮਲੇਸ਼ੀਆ ਸਰਕਾਰ

ਕੁਆਲਾਲੰਪੁਰ— ਮਲੇਸ਼ੀਆ 'ਚ ਪਨਾਹ ਲੈਣ ਵਾਲੇ ਜ਼ਾਕਿਰ ਨਾਇਕ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ ਹੋ ਗਿਆ ਹੈ। ਮਲੇਸ਼ੀਅਨ ਸਰਕਾਰ ਨੇ ਖੁਦ ਪੇਸ਼ਕਸ਼ ਕੀਤੀ ਹੈ ਕਿ ਜੇਕਰ ਭਾਰਤ ਸਰਕਾਰ ਉਨ੍ਹਾਂ ਨੂੰ ਜ਼ਾਕਿਰ ਨੂੰ ਭਾਰਤ ਨੂੰ ਸੌਂਪਣ ਦੀ ਮੰਗ ਕਰੇ ਤਾਂ ਉਸ ਨੂੰ ਭਾਰਤ ਨੂੰ ਸੌਂਪ ਦਿੱਤਾ ਜਾਵੇਗਾ। ਮਲੇਸ਼ੀਆ ਸਰਕਾਰ ਦੇ ਇਸ ਰੁਖ ਨਾਲ ਸਾਫ ਹੈ ਕਿ ਇਥੋਂ ਦੀ ਸਰਕਾਰ ਹੁਣ ਜ਼ਾਕਿਰ ਨਾਇਕ 'ਤੇ ਸਖਤ ਹੋ ਚੁੱਕੀ ਹੈ।
ਪਾਸਪੋਰਟ ਨਹੀਂ ਕਰਨਗੇ ਰੱਦ
ਮਲੇਸ਼ੀਆ ਦੇ ਉਪ ਪ੍ਰਧਾਨ ਮੰਤਰੀ ਅਹਿਮਦ ਜ਼ਾਹਿਦ ਹਮੀਦੀ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਜ਼ਾਕਿਰ ਨੂੰ ਸੌਂਪਣ ਲਈ ਕਹੇਗੀ ਤਾਂ ਉਹ ਉਸ ਨੂੰ ਸੌਂਪ ਦੇਣਗੇ। ਉਨ੍ਹਾਂ ਨੇ ਦੱਸਿਆ ਕਿ ਅਜੇ ਇਸ ਸਬੰਧ 'ਚ ਮਲੇਸ਼ੀਆ ਸਰਕਾਰ ਦੇ ਕੋਲ ਕੋਈ ਮੰਗ ਨਹੀਂ ਆਈ ਹੈ। ਹਮੀਦੀ ਨੇ ਕਿਹਾ ਕਿ ਫਿਲਹਾਲ ਜ਼ਾਕਿਰ ਦਾ ਪਾਸਪੋਰਟ ਰੱਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਸ ਨੇ ਅਜੇ ਤੱਕ ਮਲੇਸ਼ੀਆ ਦੇ ਕਿਸੇ ਕਾਨੂੰਨ ਦਾ ਉਲੰਘਣ ਨਹੀਂ ਕੀਤਾ ਹੈ। 
ਧਾਰਮਿਕ ਕੱਟੜਤਾ ਫੈਲਾਉਣ ਦਾ ਦੋਸ਼
ਹਾਲ ਹੀ 'ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਸੀ ਕਿ ਜ਼ਾਕਿਰ ਨਾਇਕ ਨੂੰ ਭਾਰਤ ਲਿਆਉਣ ਲਈ ਉਹ ਮਲੇਸ਼ੀਆਈ ਸਰਕਾਰ ਨੂੰ ਅਪੀਲ ਕਰਨਗੇ। ਜ਼ਾਕਿਰ ਨਾਇਕ 'ਤੇ ਧਾਰਮਿਕ ਕੱਟੜਤਾ ਫੈਲਾਉਣ ਦਾ ਦੋਸ਼ ਹੈ। ਇਸ ਮਾਮਲੇ ਦੀ ਐੱਨ.ਆਈ.ਏ. ਜਾਂਚ ਕਰ ਰਿਹਾ ਹੈ। ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਨਾਇਕ ਨੂੰ ਪੰਜ ਸਾਲ ਪਹਿਲਾਂ ਉਥੇ ਸਥਾਈ ਨਿਵਾਸ ਦੇ ਦਿੱਤਾ ਗਿਆ ਸੀ। 
ਦੇਸ਼ ਧਰੋਹ ਦਾ ਹੈ ਦੋਸ਼
ਦੇਸ਼ ਧਰੋਹ ਦੇ ਨਾਲ ਜ਼ਾਕਿਰ ਨਾਇਕ 'ਤੇ ਅੱਤਵਾਦੀ ਬਣਨ ਲਈ ਉਕਸਾਉਣ ਦਾ ਵੀ ਦੋਸ਼ ਹੈ। ਐੱਨ.ਆਈ.ਏ. ਨੇ 18 ਨਵੰਬਰ 2016 ਨੂੰ ਆਪਣੀ ਮੁੰਬਈ ਸ਼ਾਖਾ 'ਚ ਨਾਇਕ ਦੇ ਖਿਲਾਫ ਯੂ.ਪੀ.ਏ. ਕਾਨੂੰਨ ਤੇ ਆਈ.ਪੀ.ਸੀ. ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ।
1 ਜੁਲਾਈ 2016 ਨੂੰ ਹੋਇਆ ਸੀ ਫਰਾਰ
ਜ਼ਾਕਿਰ ਨਾਇਕ ਜੁਲਾਈ 2016 ਨੂੰ ਬੰਗਲਾਦੇਸ਼ ਦੇ ਢਾਕਾ 'ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਐੱਨ.ਆਈ.ਏ. ਦੇ ਰਾਡਾਰ 'ਤੇ ਆਇਆ ਸੀ। ਹਮਲੇ ਤੋਂ ਬਾਅਦ ਅੱਤਵਾਦੀਆਂ ਨੇ ਕਿਹਾ ਸੀ ਕਿ ਜ਼ਾਕਿਰ ਨਾਇਕ ਦੇ ਭਾਸ਼ਣ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇਹ ਹਮਲਾ ਕੀਤਾ ਹੈ।
ਇਸਲਾਮਿਕ ਰਿਸਰਚ ਫਾਉਂਡੇਸ਼ਨ ਗੈਰ-ਕਾਨੂੰਨੀ
ਜ਼ਾਕਿਰ ਨਾਇਕ ਦੇ ਸੰਗਠਨ ਇਸਲਾਮਿਕ ਰਿਸਰਚ ਫਾਉਂਡੇਸ਼ਨ ਨੂੰ ਪਹਿਲਾਂ ਹੀ ਗ੍ਰਹਿ ਮੰਤਰਾਲੇ ਗੈਰ ਕਾਨੂੰਨੀ ਐਲਾਨ ਕਰ ਚੁੱਕਾ ਹੈ। ਨਾਲ ਹੀ ਉਸ ਦਾ ਪਾਸਪੋਰਟ ਵੀ ਰੱਦ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜ਼ਾਕਿਰ ਨਾਇਕ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ। ਆਰਥਿਕ ਅਪਰਾਧਾਂ ਦੀ ਜਾਂਚ ਕਰਨ ਵਾਲੀ ਏਜੰਸੀ ਈ.ਡੀ. ਵੀ ਜ਼ਾਕਿਰ ਨਾਇਕ ਦੀ ਸੰਸਥਾ 'ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਮੁੰਬਈ 'ਚ ਨਾਇਕ ਦੀ ਸੰਸਥਾ ਦੇ ਦਫਤਰਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਹੈ।


Related News