ਇਨਸਾਨੀਅਤ ਮੱਥੇ ਲੱਗਾ ਕਲੰਕ, ਨੌਜਵਾਨ ਨੇ ਲਿਫਟ ਦੇਣ ਦੇ ਬਹਾਨੇ 90 ਸਾਲਾ ਬਜ਼ੁਰਗ ਨਾਲ ਕੀਤੀ ਦਰਿੰਦਗੀ

Sunday, Jan 15, 2023 - 02:13 AM (IST)

ਇਨਸਾਨੀਅਤ ਮੱਥੇ ਲੱਗਾ ਕਲੰਕ, ਨੌਜਵਾਨ ਨੇ ਲਿਫਟ ਦੇਣ ਦੇ ਬਹਾਨੇ 90 ਸਾਲਾ ਬਜ਼ੁਰਗ ਨਾਲ ਕੀਤੀ ਦਰਿੰਦਗੀ

ਮੱਧ ਪ੍ਰਦੇਸ਼ (ਭਾਸ਼ਾ): ਮੱਧ ਪ੍ਰਦੇਸ਼ ਤੋਂ ਸਮੁੱਚੀ ਇਨਸਾਨੀਅਤ ਦਾ ਸਿਰ ਸ਼ਰਮ ਨਾਲ ਝੁਕਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਨੌਜਵਾਨ ਨੇ 90 ਸਾਲਾ ਬਜ਼ੁਰਗ ਔਰਤ ਨੂੰ ਲਿਫਟ ਦੇਣ ਦੇ ਬਹਾਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਘਟਨਾ ਮੱਧ ਪ੍ਰਦੇਸ਼ ਦੇ ਸ਼ਾਹਡੋਲ ਜ਼ਿਲ੍ਹੇ ਦੀ ਹੈ ਜਿੱਥੇ 90 ਸਾਲਾ ਬਜ਼ੁਰਗ ਔਰਤ ਨੂੰ ਲਿਫ਼ਟ ਦੇਣ ਦੇ ਬਹਾਨੇ ਮੋਟਰਸਾਈਕਲ ਸਵਾਰ ਉਸ ਨੂੰ ਜੰਗਲ 'ਚ ਲੈ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - 'ਭਾਰਤ ਜੋੜੋ ਯਾਤਰਾ' ਦੌਰਾਨ MP ਸੰਤੋਖ ਚੌਧਰੀ ਦਾ ਦਿਹਾਂਤ, ਗੈਂਗਸਟਰ ਜ਼ੋਰਾ ਦਾ ਐਨਕਾਊਂਟਰ, ਪੜ੍ਹੋ TOP 10

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਸੁਪਰਡੈਂਟ ਕੁਮਾਰ ਪ੍ਰਤੀਕ ਨੇ ਸ਼ਨੀਵਾਰ ਨੂੰ ਦੱਸਿਆ ਕਿ ਬਜ਼ੁਰਗ ਔਰਤ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 15 ਕਿਲੋਮੀਟਰ ਦੂਰ ਇਕ ਪਿੰਡ 'ਚ ਆਪਣੇ ਰਿਸ਼ਤੇਦਾਰ ਨੂੰ ਮਿਲਣ ਵੀਰਵਾਰ ਰਾਤ ਨੂੰ ਜਬਲਪੁਰ ਤੋਂ ਸ਼ਾਹਡੋਲ ਰੇਲਵੇ ਸਟੇਸ਼ਨ ਪਹੁੰਚੀ ਸੀ। ਉਹ ਸਾਰੀ ਰਾਤ ਰੇਲਵੇ ਸਟੇਸ਼ਨ 'ਚ ਰੁਕੀ ਰਹੀ ਅਤੇ ਸ਼ੁੱਕਰਵਾਰ ਸਵੇਰੇ ਅੰਤਰਾ ਪਿੰਡ ਦੀ ਮੁੱਖ ਸੜਕ 'ਤੇ ਪਹੁੰਚਣ ਲਈ ਆਟੋ ਰਿਕਸ਼ਾ ਲੈ ਕੇ ਗਈ। ਜਦੋਂ ਉਹ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਇਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਉਸ ਨੂੰ ਪਿੰਡ ਜਾਣ ਲਈ ਲਿਫਟ ਦੇਣ ਦੀ ਪੇਸ਼ਕਸ਼ ਕੀਤੀ ਪਰ ਬਾਅਦ ਵਿਚ ਉਸ ਨੂੰ ਧੋਖੇ ਨਾਲ ਕਿਸੇ ਸੁੰਨਸਾਨ ਜਗ੍ਹਾ ’ਤੇ ਲੈ ਗਿਆ, ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਉਸ ਨੂੰ ਮੁੱਖ ਸੜਕ ’ਤੇ ਛੱਡ ਕੇ ਭੱਜ ਗਿਆ।

ਇਹ ਖ਼ਬਰ ਵੀ ਪੜ੍ਹੋ - ਰਿਸ਼ਭ ਪੰਤ ਦੀ ਸਿਹਤ ਨੂੰ ਲੈ ਕੇ ਵੱਡੀ ਖ਼ਬਰ, 2023 ਵਿਸ਼ਵ ਕੱਪ 'ਚ ਖੇਡਣ ਬਾਰੇ ਸਾਹਮਣੇ ਆਈ ਇਹ ਗੱਲ

ਐੱਸ.ਪੀ. ਕੁਮਾਰ ਪ੍ਰਤੀਕ ਨੇ ਅੱਗੇ ਦੱਸਿਆ ਕਿ ਪੀੜਤਾ ਨੇ ਰਿਸ਼ਤੇਦਾਰਾਂ ਨੂੰ ਆਪਣੀ ਤਕਲੀਫ਼ ਦੱਸੀ ਅਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੀੜਤਾ ਦੀ ਸ਼ਿਕਾਇਤ 'ਤੇ ਅਣਪਛਾਤੇ ਮੋਟਰਸਾਈਕਲ ਸਵਾਰ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਬਲਾਤਕਾਰ ਅਤੇ ਹੋਰ ਜੁਰਮਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਔਰਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਦਕਿ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News