2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਯੋਗੀ ਸਰਕਾਰ ਦਾ ਵੱਡਾ ਫੈਸਲਾ, 52 ਨੇਤਾਵਾਂ ਦੀ ਵਧੀ ਸੁਰੱਖਿਆ
Saturday, Aug 22, 2026 - 03:33 AM (IST)
ਲਖਨਊ - ਯੋਗੀ ਸਰਕਾਰ ਨੇ ਯੂ. ਪੀ. ’ਚ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਪ੍ਰਮੁੱਖ ਨੇਤਾਵਾਂ ਦੀ ਸੁਰੱਖਿਆ ਵਿਵਸਥਾ ਮਜ਼ਬੂਤ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸੁਰੱਖਿਆ ਹੈੱਡਕੁਆਰਟਰ ਨੇ ਅਖਿਲੇਸ਼ ਯਾਦਵ, ਮਾਇਆਵਤੀ ਸਮੇਤ 52 ਨੇਤਾਵਾਂ ਨੂੰ ਬੁਲੇਟਪਰੂਫ ਜੈਕੇਟਾਂ ਮੁਹੱਈਆ ਕਰਵਾਈਆਂ ਹਨ। ਇਨ੍ਹਾਂ ’ਚ ਸੂਬਾ ਸਰਕਾਰ ਦੇ 11 ਕੈਬਨਿਟ ਮੰਤਰੀ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਈ ਪ੍ਰਮੁੱਖ ਨੇਤਾ ਸ਼ਾਮਲ ਹਨ।
ਬੁਲੇਟਪਰੂਫ ਜੈਕੇਟ ਲੈਣ ਵਾਲਿਆਂ ’ਚ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਪ੍ਰਧਾਨ ਓਮ ਪ੍ਰਕਾਸ਼ ਰਾਜਭਰ, ਨਿਸ਼ਾਦ ਪਾਰਟੀ ਦੇ ਪ੍ਰਧਾਨ ਸੰਜੇ ਨਿਸ਼ਾਦ, ਕੈਬਨਿਟ ਮੰਤਰੀ ਨੰਦ ਗੋਪਾਲ ਗੁਪਤਾ ‘ਨੰਦੀ’ ਅਤੇ ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਸਨ ਅਪਰਣਾ ਯਾਦਵ ਦੇ ਨਾਂ ਸ਼ਾਮਲ ਦੱਸੇ ਜਾ ਰਹੇ ਹਨ। ਪੱਛਮੀ ਉੱਤਰ ਪ੍ਰਦੇਸ਼ ਦੇ ਭਾਜਪਾ ਨੇਤਾਵਾਂ ਸੰਗੀਤ ਸੋਮ ਅਤੇ ਸੁਰੇਸ਼ ਰਾਣਾ ਨੂੰ ਵੀ ਜੈਕੇਟਾਂ ਮੁਹੱਈਆ ਕਰਵਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ, ਪਹਿਲੇ ਗੇੜ ’ਚ 8 ਨੇਤਾਵਾਂ ਨੂੰ ਬੁਲੇਟਪਰੂਫ ਜੈਕੇਟਾਂ ਦਿੱਤੀਆਂ ਗਈਆਂ ਸਨ, ਜਦਕਿ ਦੂਜੇ ਗੇੜ ’ਚ 44 ਹੋਰ ਨੇਤਾਵਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਈ ਗਈ। ਇਸ ਤਰ੍ਹਾਂ ਕੁੱਲ 52 ਨੇਤਾਵਾਂ ਨੂੰ ਜੈਕੇਟਾਂ ਦਿੱਤੀਆਂ ਜਾ ਚੁੱਕੀਆਂ ਹਨ।
