ਉਮਰ 23 ਤੇ ਵਿਆਹ 25! ਪੁਲਸ ਨੇ ਜਾਲ ਵਿਛਾ ਇੰਝ ਕਾਬੂ ਕੀਤੀ ''ਭਗੌੜੀ ਦੁਲਹਨ''

Wednesday, May 21, 2025 - 03:48 PM (IST)

ਉਮਰ 23 ਤੇ ਵਿਆਹ 25! ਪੁਲਸ ਨੇ ਜਾਲ ਵਿਛਾ ਇੰਝ ਕਾਬੂ ਕੀਤੀ ''ਭਗੌੜੀ ਦੁਲਹਨ''

ਜੈਪੁਰ- ਰਾਜਸਥਾਨ ਪੁਲਸ ਨੇ ਇਕ 23 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ 'ਤੇ ਘੱਟੋ-ਘੱਟ 25 'ਫਰਜ਼ੀ ਵਿਆਹ' ਕਰਵਾਉਣ ਦਾ ਦੋਸ਼ ਹੈ। ਔਰਤ 'ਤੇ ਦੋਸ਼ ਹੈ ਕਿ ਉਹ ਵਿਆਹ ਤੋਂ ਬਾਅਦ ਨਕਦੀ ਅਤੇ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਜਾਂਦੀ ਹੈ। ਸਵਾਈ ਮਾਧੋਪੁਰ ਪੁਲਸ ਦੀ ਇਕ ਟੀਮ ਨੇ ਮੱਧ ਪ੍ਰਦੇਸ਼ 'ਚ ਭੋਪਾਲ ਜ਼ਿਲ੍ਹੇ ਦੇ ਸ਼ਿਵ ਨਗਰ ਥਾਣਾ ਖੇਤਰ ਦੀ ਰਹਿਣ ਵਾਲੀ ਅਨੁਰਾਧਾ ਨੂੰ 18 ਮਈ ਨੂੰ ਗ੍ਰਿਫ਼ਤਾਰ ਕੀਤਾ। ਮਾਨਟਾਊਨ ਪੁਲਸ ਸਟੇਸ਼ਨ ਦੇ ਇੰਚਾਰਜ ਸੁਨੀਲ ਕੁਮਾਰ ਨੇ ਕਿਹਾ,"ਦੋਸ਼ੀ ਔਰਤ ਨੇ ਨਕਲੀ ਵਿਆਹ ਕਰਵਾ ਕੇ ਕਈ ਲੋਕਾਂ ਨਾਲ ਧੋਖਾ ਕੀਤਾ ਹੈ। ਉਹ ਨਕਦੀ ਅਤੇ ਮੋਬਾਈਲ ਫੋਨ ਸਮੇਤ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੀ ਹੈ।" ਉਨ੍ਹਾਂ ਨੇ ਕਿਹਾ ਕਿ ਜਿਸ ਮਾਮਲੇ 'ਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਹ ਵਿਸ਼ਨੂੰ ਗੁਪਤਾ ਨੇ 3 ਮਈ ਨੂੰ ਦਰਜ ਕਰਵਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਸੁਨੀਤਾ ਅਤੇ ਪੱਪੂ ਮੀਣਾ ਨਾਮ ਦੇ 2 ਲੋਕਾਂ ਨੇ ਉਸ ਨੂੰ ਵਿਆਹ ਕਰਵਾਉਣ ਦਾ ਝੂਠਾ ਭਰੋਸਾ ਦੇ ਕੇ ਗੁੰਮਰਾਹ ਕੀਤਾ। ਅਨੁਰਾਧਾ ਨੇ 7 ਮਹੀਨਿਆਂ 'ਚ 25 ਵਿਆਹ ਕਰਵਾਏ ਸਨ।

ਇਹ ਵੀ ਪੜ੍ਹੋ : ਸਕੂਲਾਂ ਦਾ ਬਦਲਿਆ ਸਮਾਂ, ਹੁਣ ਇਹ ਰਹੇਗੀ Timing

ਵਿਆਹ ਦੇ ਇਕ ਹਫ਼ਤੇ ਬਾਅਦ ਨਕਦੀ, ਗਹਿਣੇ ਲੈ ਹੋਈ ਗਾਇਬ

ਸ਼ਿਕਾਇਤਕਰਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ,"ਉਨ੍ਹਾਂ ਨੇ ਮੈਨੂੰ ਅਨੁਰਾਧਾ ਦੀ ਫੋਟੋ ਦਿਖਾਈ, ਇਕ ਸਮਝੌਤੇ 'ਤੇ ਦਸਤਖਤ ਕਰਨ ਲਈ ਮਨਾ ਲਿਆ ਅਤੇ ਫਿਰ ਪਿਛਲੇ ਮਹੀਨੇ ਹੋਏ ਵਿਆਹ ਲਈ ਮੇਰੇ ਤੋਂ 2 ਲੱਖ ਰੁਪਏ ਲੈ ਲਏ। ਵਿਆਹ ਤੋਂ ਇਕ ਹਫ਼ਤੇ ਬਾਅਦ, ਅਨੁਰਾਧਾ ਨਕਦੀ, ਗਹਿਣੇ ਅਤੇ ਮੋਬਾਈਲ ਫੋਨ ਲੈ ਕੇ ਗਾਇਬ ਹੋ ਗਈ।" ਜਾਂਚ ਤੋਂ ਪਤਾ ਲੱਗਾ ਕਿ ਅਨੁਰਾਧਾ ਨੇ ਅਜਿਹੇ ਕਈ 'ਨਕਲੀ ਵਿਆਹ' ਕੀਤੇ ਸਨ। ਹਰ ਅਜਿਹੇ ਵਿਆਹ ਦੇ ਕੁਝ ਦਿਨਾਂ ਬਾਅਦ ਗਾਇਬ ਹੋ ਜਾਂਦੀ ਹੈ। ਅਧਿਕਾਰੀ ਨੇ ਕਿਹਾ,"ਜਾਂਚ ਤੋਂ ਪਤਾ ਲੱਗਾ ਹੈ ਕਿ ਅਨੁਰਾਧਾ ਘੱਟੋ-ਘੱਟ 25 ਅਜਿਹੇ ਧੋਖਾਧੜੀ ਵਾਲੇ ਵਿਆਹਾਂ 'ਚ ਸ਼ਾਮਲ ਰਹੀ ਹੈ।" ਜਾਂਚ ਟੀਮ ਨੇ ਪਾਇਆ ਕਿ ਅਨੁਰਾਧਾ ਭੋਪਾਲ ਦੇ ਕਈ ਲੋਕਾਂ ਦੇ ਸੰਪਰਕ 'ਚ ਸੀ ਜੋ ਵਿਆਹ ਦੇ ਨਾਮ 'ਤੇ ਧੋਖਾਧੜੀ 'ਚ ਸ਼ਾਮਲ ਇਕ ਵੱਡੇ ਗਿਰੋਹ ਦਾ ਹਿੱਸਾ ਹਨ। ਇਸ ਗਿਰੋਹ ਦਾ ਕੰਮ ਵਿਆਹ ਲਈ ਦੁਲਹਨ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਫਸਾਉਣਾ, ਉਨ੍ਹਾਂ ਨੂੰ 'ਦੁਲਹਨ' ਦੀਆਂ ਤਸਵੀਰਾਂ ਦਿਖਾਉਣਾ, 2 ਤੋਂ 5 ਲੱਖ ਰੁਪਏ ਦੀ ਮੋਟੀ ਰਕਮ ਲੈਣਾ ਅਤੇ ਫਿਰ ਨਕਲੀ ਵਿਆਹ ਕਰਵਾਉਣਾ ਹੈ।

ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ

ਪੁਲਸ ਟੀਮ ਦੇ ਜਾਲ ਵਿਛਾ ਇੰਝ ਕੀਤਾ ਟਰੈਕ

ਪੁਲਿਸ ਅਧਿਕਾਰੀ ਨੇ ਕਿਹਾ ਕਿ ਗਿਰੋਹ ਵੱਲੋਂ ਕਰਵਾਏ ਗਏ ਕਥਿਤ ਵਿਆਹ ਤੋਂ ਤੁਰੰਤ ਬਾਅਦ, 'ਦੁਲਹਨ' ਭੱਜ ਜਾਂਦੀ ਹੈ, ਜਿਸ ਤੋਂ ਬਾਅਦ ਨੌਜਵਾਨ ਵਿੱਤੀ ਅਤੇ ਭਾਵਨਾਤਮਕ ਸੰਕਟ 'ਚ ਫਸ ਜਾਂਦੇ ਹਨ। ਪੁਲਸ ਟੀਮ ਦੇ ਮੈਂਬਰ ਨੇ ਖ਼ੁਦ ਨੂੰ ਕੁਆਰਾ ਨੌਜਵਾਨ ਵਜੋਂ ਪੇਸ਼ ਕਰ ਕੇ ਭੋਪਾਲ 'ਚ ਅਨੁਰਾਧਾ ਨੂੰ ਟਰੈਕ ਕੀਤਾ। ਸਫਲਤਾ ਉਦੋਂ ਮਿਲੀ ਜਦੋਂ ਉਸ ਨੂੰ ਵਿਆਹ ਕਰਨ ਦੀਆਂ ਇੱਛੁਕ ਕੁੜੀਆਂ ਦੀ ਸੂਚੀ 'ਚ ਅਨੁਰਾਧਾ ਦੀ ਫੋਟੋ ਮਿਲੀ। ਫਿਰ ਟੀਮ ਨੇ ਭੋਪਾਲ 'ਚ ਉਸ ਜਗ੍ਹਾ ਦਾ ਪਤਾ ਲਗਾਇਆ ਜਿੱਥੇ ਉਹ ਕਿਸੇ ਹੋਰ ਪੀੜਤ ਨਾਲ ਵਿਆਹ ਕਰਨ ਤੋਂ ਬਾਅਦ ਲੁਕੀ ਹੋਈ ਸੀ। ਐੱਸਐੱਚਓ ਨੇ ਕਿਹਾ ਕਿ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਗਿਰੋਹ ਦੇ ਹੋਰ ਮੈਂਬਰਾਂ ਨੂੰ ਫੜਨ ਅਤੇ ਕੀਮਤੀ ਸਮਾਨ ਬਰਾਮਦ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News