ਬਰਸਾਤਾਂ ਤੋਂ ਬਾਅਦ ਕੜਾਕੇ ਦੀ ਠੰਢ ਲਈ ਰਹੋ ਤਿਆਰ! ਅਗਲੇ 72 ਘੰਟਿਆਂ ''ਚ ਭਾਰੀ ਮੀਂਹ ਦੀ ਵੀ ਚਿਤਾਵਨੀ
Wednesday, Oct 02, 2024 - 04:39 PM (IST)
ਨੈਸ਼ਨਲ ਡੈਸਕ : ਮਾਨਸੂਨ ਹੁਣ ਖਤਮ ਹੋਣ ਦੀ ਕਗਾਰ 'ਤੇ ਹੈ ਅਤੇ ਇਸ ਵਾਰ ਆਮ ਨਾਲੋਂ ਥੋੜ੍ਹਾ ਜ਼ਿਆਦਾ ਬਾਰਿਸ਼ ਹੋਈ ਹੈ। ਹੁਣ ਦੇਸ਼ ਸਰਦੀਆਂ ਦੀ ਤਿਆਰੀ ਕਰ ਰਿਹਾ ਹੈ ਅਤੇ ਇਸ ਸਾਲ ਠੰਢ ਜ਼ਿਆਦਾ ਪੈਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਅਕਤੂਬਰ ਅਤੇ ਨਵੰਬਰ ਦੌਰਾਨ ਲਾ ਨੀਨਾ ਹਾਲਾਤ ਬਣਨ ਦੀ ਸੰਭਾਵਨਾ ਹੈ, ਜਿਸ ਕਾਰਨ ਦੇਸ਼ ਦੇ ਉੱਤਰੀ ਹਿੱਸੇ ਆਮ ਨਾਲੋਂ ਜ਼ਿਆਦਾ ਠੰਢੇ ਹੋ ਸਕਦੇ ਹਨ।
ਲਾ ਨੀਨਾ ਕੀ ਹੈ?
ਲਾ ਨੀਨਾ ਦੇ ਦੌਰਾਨ ਪ੍ਰਸ਼ਾਂਤ ਮਹਾਸਾਗਰ ਦਾ ਤਾਪਮਾਨ ਘਟਦਾ ਹੈ, ਜਿਸ ਨਾਲ ਗਲੋਬਲ ਮੌਸਮ ਦੇ ਪੈਟਰਨਾਂ 'ਚ ਬਦਲਾਅ ਹੁੰਦਾ ਹੈ। ਇਸ ਦਾ ਅਸਰ ਭਾਰਤ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ, ਖਾਸ ਕਰਕੇ ਉੱਤਰੀ ਅਤੇ ਉੱਤਰ-ਪੱਛਮੀ ਭਾਰਤ ਵਿਚ ਠੰਢ ਵਧਦੀ ਹੈ। ਆਈਐੱਮਡੀ ਦੇ ਮੁਖੀ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਅਕਤੂਬਰ-ਨਵੰਬਰ ਦੌਰਾਨ ਲਾ ਨੀਨਾ ਦੇ ਸਰਗਰਮ ਹੋਣ ਦੀ 71 ਫੀਸਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ ਆਮ ਨਾਲੋਂ ਘੱਟ ਜਾਵੇਗਾ। ਹਾਲਾਂਕਿ ਸੀਤ ਲਹਿਰ ਦੀ ਤੀਬਰਤਾ ਦਾ ਸਹੀ ਮੁਲਾਂਕਣ ਜਨਵਰੀ ਜਾਂ ਫਰਵਰੀ 'ਚ ਸੰਭਵ ਹੋਵੇਗਾ। ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐੱਮ.ਓ.) ਨੇ ਵੀ ਕਿਹਾ ਹੈ ਕਿ ਸਾਲ ਦੇ ਅੰਤ ਤੱਕ ਲਾ ਨੀਨਾ ਦੇ ਮਜ਼ਬੂਤ ਹੋਣ ਦੀ 60 ਫੀਸਦੀ ਸੰਭਾਵਨਾ ਹੈ, ਜਿਸ ਨਾਲ ਠੰਢ ਹੋਰ ਵਧ ਸਕਦੀ ਹੈ।
ਭਾਰੀ ਮੀਂਹ ਦੀ ਚਿਤਾਵਨੀ
ਦੇਸ਼ ਦੇ ਕੁਝ ਹਿੱਸਿਆਂ 'ਚ ਮਾਨਸੂਨ ਫਿਰ ਤੋਂ ਸਰਗਰਮ ਹੋ ਰਿਹਾ ਹੈ। ਬੰਗਾਲ ਦੀ ਖਾੜੀ 'ਚ ਬਣੇ ਘੱਟ ਦਬਾਅ ਵਾਲੇ ਚੱਕਰਵਾਤ ਚੱਕਰ ਕਾਰਨ ਅਗਲੇ 72 ਘੰਟਿਆਂ 'ਚ ਕੁਝ ਸੂਬਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ। ਅਕਤੂਬਰ ਦੇ ਪਹਿਲੇ ਹਫ਼ਤੇ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਝਾਰਖੰਡ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਅਸਾਮ, ਮੇਘਾਲਿਆ, ਤਾਮਿਲਨਾਡੂ, ਕੇਰਲ ਤੇ ਕਰਨਾਟਕ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਬਿਹਾਰ 'ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ, ਜਦੋਂ ਕਿ ਅਸਾਮ ਤੇ ਮੇਘਾਲਿਆ 'ਚ 2 ਅਤੇ 3 ਅਕਤੂਬਰ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ। ਨਾਗਾਲੈਂਡ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਮਨੀਪੁਰ ਅਤੇ ਤ੍ਰਿਪੁਰਾ ਵਿੱਚ 2 ਤੋਂ 4 ਅਕਤੂਬਰ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਨੇਪਾਲ 'ਚ ਭਾਰੀ ਮੀਂਹ ਕਾਰਨ ਆਏ ਹੜ੍ਹ ਦਾ ਅਸਰ ਬਿਹਾਰ ਦੇ 12 ਜ਼ਿਲ੍ਹਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਗੰਡਕ ਅਤੇ ਕੋਸੀ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।