RJD ਕੋਟੇ ਦੇ ਮੰਤਰੀ ਨੂੰ ਤੇਜਸਵੀ ਦੀ ਨਸੀਹਤ-ਗੱਡੀ ਨਹੀਂ ਖਰੀਦਣਗੇ, ਕਿਸੇ ਨੂੰ ਪੈਰ ਨਹੀਂ ਛੂਹਣ ਦੇਣਗੇ
Sunday, Aug 21, 2022 - 11:42 AM (IST)
ਪਟਨਾ- ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ ਨੇ ਰਾਸ਼ਟਰੀ ਜਨਤਾ ਦਲ (RJD) ਕੋਟੇ ਦੇ ਸਾਰੇ ਮੰਤਰੀਆਂ ਲਈ ਦਿਸ਼ਾ-ਨਿਰਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਤੇਜਸਵੀ ਦੇ ਇਸ ਕਦਮ ਨੂੰ ਸਪੱਸ਼ਟ ਤੌਰ ’ਤੇ ਉਨ੍ਹਾਂ ਦੀ ਪਾਰਟੀ ਦਾ ਅਕਸ ਬਦਲਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਤੇਜਸਵੀ ਨੇ ਬਿਹਾਰ ਸਰਕਾਰ ਵਿਚ ਰਾਸ਼ਟਰੀ ਜਨਤਾ ਦਲ ਦੇ ਮੰਤਰੀਆਂ ਨੂੰ ਨਸੀਹਤ ਦਿੱਤੀ ਹੈ ਕਿ ਕੋਈ ਵੀ ਵਿਭਾਗ ’ਚ ਆਪਣੇ ਲਈ ਕੋਈ ਨਵੀਂ ਗੱਡੀ ਨਹੀਂ ਖਰੀਦੇਗਾ। ਮੰਤਰੀਆਂ ਨੂੰ ਇਹ ਗੱਲ ਧਿਆਨ ਵਿੱਚ ਰੱਖਣ ਲਈ ਕਿਹਾ ਗਿਆ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਵਰਕਰਾਂ, ਸ਼ੁਭਚਿੰਤਕਾਂ, ਸਮਰਥਕਾਂ ਜਾਂ ਆਪਣੇ ਤੋਂ ਵੱਡੀ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਆਪਣੇ ਪੈਰ ਛੂਹਣ ਦੀ ਇਜਾਜ਼ਤ ਨਹੀਂ ਦੇਣਗੇ। ਹੱਥ ਜੋੜ ਕੇ ਨਮਸਕਾਰ, ਨਮਸਤੇ ਅਤੇ ਅਦਬ ਦੀ ਪਰੰਪਰਾ ਨੂੰ ਅੱਗੇ ਵਧਾਇਆ ਜਾਵੇਗਾ।
ਤੇਜਸਵੀ ਨੇ ਸਾਰੇ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰਿਆਂ ਨਾਲ ਨਰਮੀ ਨਾਲ ਪੇਸ਼ ਆਉਣ ਅਤੇ ਗੱਲਬਾਤ ਸਕਾਰਾਤਮਕ ਹੋਣੀ ਚਾਹੀਦੀ ਹੈ। ਮੰਤਰੀਆਂ ਨੂੰ ਸਾਦਗੀ ਨਾਲ ਕੰਮ ਕਰਨ, ਸਾਰੀਆਂ ਜਾਤਾਂ ਅਤੇ ਧਰਮਾਂ ਦੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਪਹਿਲ ਦੇ ਆਧਾਰ 'ਤੇ ਮਦਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਤੋਹਫ਼ੇ ਵਜੋਂ ਗੁਲਦਸਤੇ ਦੇਣ ਅਤੇ ਲੈਣ ਦੀ ਬਜਾਏ ਕਿਤਾਬਾਂ ਅਤੇ ਪੈੱਨ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਗਿਆ ਹੈ।
ਮੰਤਰੀਆਂ ਨੂੰ ਕਿਹਾ ਗਿਆ ਹੈ ਕਿ ਸਾਰੇ ਵਿਭਾਗੀ ਕੰਮਾਂ ’ਚ ਈਮਾਨਦਾਰੀ, ਪਾਰਦਰਸ਼ਿਤਾ ਅਤੇ ਛੇਤੀ ਤੋਂ ਛੇਤੀ ਕੰਮ ਕਰਨ ਦੀ ਕਾਰਜਸ਼ੈਲੀ ਨੂੰ ਹੱਲਾ-ਸ਼ੇਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਵਿਕਾਸ ਕੰਮਾਂ ਦਾ ਸੋਸ਼ਲ ਮੀਡੀਆ ’ਤੇ ਲਗਾਤਾਰ ਪ੍ਰਚਾਰ-ਪ੍ਰਸਾਰ ਕੀਤਾ ਜਾਵੇ, ਤਾਂ ਕਿ ਜਨਤਾ ਨੂੰ ਸੱਚਾਈ ਪਤਾ ਲੱਗ ਸਕੇ।