ਹਰਿਆਣਾ ਵਿਚ ਸ਼ੂਟਿੰਗ ਲੋਕੇਸ਼ਨ ਦੇ ਨਾਲ ਸਬਸਿਡੀ ਅਤੇ ਪੂਰਾ ਸਹਿਯੋਗ ਦੇਵਾਂਗੇ : ਨਾਇਬ ਸੈਣੀ

Tuesday, Sep 01, 2026 - 12:08 PM (IST)

ਹਰਿਆਣਾ ਵਿਚ ਸ਼ੂਟਿੰਗ ਲੋਕੇਸ਼ਨ ਦੇ ਨਾਲ ਸਬਸਿਡੀ ਅਤੇ ਪੂਰਾ ਸਹਿਯੋਗ ਦੇਵਾਂਗੇ : ਨਾਇਬ ਸੈਣੀ

ਨਵੀਂ ਦਿੱਲੀ/ਲੁਧਿਆਣਾ (ਰਿੰਕੂ)- ਰਾਜਧਾਨੀ ਦੇ ਪ੍ਰਗਤੀ ਮੈਦਾਨ ਸਥਿਤ ‘ਭਾਰਤ ਮੰਡਪਮ’ ਵਿਚ ਆਯੋਜਿਤ 5 ਰੋਜ਼ਾ ਵਿਸ਼ਾਲ ‘ਫ਼ਿਲਮ ਐਕਸਪੋ ਇੰਡੀਆ 2026’ ਸ਼ਨੀਵਾਰ ਨੂੰ ਸੰਪੰਨ ਹੋ ਗਿਆ, ਜਿਸ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜਿੱਥੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ, ਉੱਥੇ ਹੀ ਕਿਹਾ ਕਿ ‘ਹਰਿਆਣਾ ਆਓ, ਸ਼ੂਟਿੰਗ ਲੋਕੇਸ਼ਨ ਹੀ ਨਹੀਂ, ਸਬਸਿਡੀ ਅਤੇ ਪੂਰਾ ਸਹਿਯੋਗ ਵੀ ਦੇਵਾਂਗੇ।’

PunjabKesari

ਮੁੱਖ ਮੰਤਰੀ ਸੈਣੀ ਨੇ ਦੇਸ਼-ਵਿਦੇਸ਼ ਦੇ ਫ਼ਿਲਮ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੂੰ ਹਰਿਆਣਾ ਵਿਚ ਸ਼ੂਟਿੰਗ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਸਿਰਫ ਸ਼ੂਟਿੰਗ ਲੋਕੇਸ਼ਨਾਂ ਹੀ ਮੁਹੱਈਆ ਨਹੀਂ ਕਰਵਾਏਗੀ, ਸਗੋਂ ਸੂਬੇ ਵਿਚ ਆਉਣ ਵਾਲੇ ਫ਼ਿਲਮ ਮੇਕਰਜ਼ ਨੂੰ ਪੂਰਾ ਸਰਕਾਰੀ ਸਹਿਯੋਗ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ‘ਹਰਿਆਣਾ ਫ਼ਿਲਮ ਅਤੇ ਮਨੋਰੰਜਨ ਨੀਤੀ-2022’ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸੂਬੇ ਵਿਚ ਫ਼ਿਲਮ ਫ੍ਰੈਂਡਲੀ ਮਾਹੌਲ ਤਿਆਰ ਕੀਤਾ ਗਿਆ ਹੈ, ਹਰਿਆਣਾ ਵਿਚ ਫਿਲਮਾਂ ਸ਼ੂਟ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸੂਬਾ ਸਰਕਾਰ ਵੱਲੋਂ 2 ਕਰੋੜ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਕੋਲ ਅਮੀਰ ਲੋਕ ਕਥਾਵਾਂ ਅਤੇ ਇਤਿਹਾਸ ਦਾ ਵਿਸ਼ਾਲ ਸਰਮਾਇਆ ਹੈ। ਭਾਰਤੀ ਸਿਨੇਮਾ ਨੂੰ ਹੁਣ ਗਲੋਬਲ ਪੱਧਰ ’ਤੇ ਆਪਣੀ ਵੱਖਰੀ ਪਛਾਣ ਮਜ਼ਬੂਤ ਕਰਨੀ ਚਾਹੀਦੀ ਹੈ। ਪ੍ਰੋਗਰਾਮ ਵਿਚ ਫ਼ਿਲਮ ਅਦਾਕਾਰ ਮੁਕੇਸ਼ ਰਿਸ਼ੀ, ਬਿੰਦੂ ਦਾਰਾ ਸਿੰਘ, ਪ੍ਰੀਤੀ ਸਪਰੂ ਅਤੇ ਪੁਨੀਤ ਇੱਸਰ ਸਮੇਤ ਸਿਨੇਮਾ ਜਗਤ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।

 


author

cherry

Content Editor

Related News