ਕੀ ਸੱਤਾ ਵਿਰੋਧੀ ਲਹਿਰ ਤੇ ਕਿਸਾਨਾਂ ਦੀ ਨਾਰਾਜ਼ਗੀ ਤੋਂ ਪਾਰ ਪਾ ਸਕੇਗੀ ਭਾਜਪਾ ?
Sunday, Aug 18, 2024 - 04:44 AM (IST)
ਹਰਿਆਣਾ- ਹਰਿਆਣਾ ਵਿਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਸੱਤਾ ਵਿਰੋਧੀ ਲਹਿਰ ਅਤੇ ਕਿਸਾਨਾਂ ਦਾ ਗੁੱਸਾ ਭਾਜਪਾ ਲਈ ਪਹਿਲੀ ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਕਾਰਕਾਂ ਵਿਚੋਂ ਇਕ ਹੋ ਸਕਦਾ ਹੈ।
ਉੱਥੇ ਹੀ ਭਾਜਪਾ ਤੀਜੀ ਵਾਰ ਸੱਤਾ ’ਤੇ ਦਾਅ ਲਾ ਰਹੀ ਹੈ। ਜਿੱਥੇ ਉਹ ਸੂਬਾ ਸੰਸਦੀ ਚੋਣਾਂ ਵਿਚ ਆਪਣੀ ਜਿੱਤ ਦਾ ਫਾਇਦਾ ਉਠਾਉਣ ਦੀ ਉਮੀਦ ਕਰ ਰਹੀ ਹੈ, ਉੱਥੇ ਹੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਲੋਕ ਸਭਾ ਚੋਣਾਂ ਵਿਚ ਆਪਣੀ ਬਿਹਤਰ ਕਾਰਗੁਜ਼ਾਰੀ ਤੋਂ ਉਤਸ਼ਾਹਿਤ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ 28.51% ਵੋਟਾਂ ਮਿਲੀਆਂ ਸਨ, ਜੋ ਸਾਲ 2024 ਵਿਚ ਵਧ ਕੇ 43.68% ਹੋ ਗਈਆਂ ਹਨ, ਜਦਕਿ ਭਾਜਪਾ ਦਾ ਵੋਟ ਸ਼ੇਅਰ ਸਾਲ 2019 ਵਿਚ 58.21% ਤੋਂ ਘਟ ਕੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ 46.10% ਰਹਿ ਗਿਆ ਹੈ।
ਇਕਜੁਟ ਜਾਟ ਪੈ ਸਕਦੇ ਹਨ ਭਾਰੀ
ਸੂਬੇ ਵਿਚ ਇਕ ਦਹਾਕੇ ਤੋਂ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਭਾਜਪਾ ਬਹੁਤ ਹੱਦ ਤੱਕ ਹਰਿਆਣਾ ਵਿਚ ਗੈਰ-ਜਾਟਾਂ ਦੀ ਇਕਜੁਟਤਾ ’ਤੇ ਨਿਰਭਰ ਹੈ। ਦਰਅਸਲ 2014 ਅਤੇ 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸਫਲਤਾ ਦੀ ਕਹਾਣੀ ਵਿਚ ਗੈਰ-ਜਾਟ ਵੋਟਰਾਂ ਦਾ ਵੱਡੇ ਪੱਧਰ ’ਤੇ ਧਰੁਵੀਕਰਨ ਇਕ ਮੁੱਖ ਕਾਰਕ ਸੀ। 2014 ਵਿਚ ਪੰਜਾਬੀ-ਖੱਤਰੀ ਮਨੋਹਰ ਲਾਲ ਖੱਟੜ ਦੀ ਮੁੱਖ ਮੰਤਰੀ ਵਜੋਂ ਨਿਯੁਕਤੀ ਨੇ ਭਾਜਪਾ ਨੂੰ ਸੂਬੇ ਵਿਚ ਗੈਰ-ਜਾਟਾਂ ’ਤੇ ਆਪਣੀ ਪਕੜ ਮਜ਼ਬੂਤ ਕਰਨ ਵਿਚ ਮਦਦ ਕੀਤੀ ਸੀ।
ਇਹ ਵੀ ਪੜ੍ਹੋ- ਕੋਲਕਾਤਾ 'ਚ ਹੋਏ ਜਬਰ-ਜਨਾਹ ਤੇ ਕਤਲ ਦੇ ਮਾਮਲੇ 'ਚ ਡਾਕਟਰਾਂ ਨੇ ਸੜਕਾਂ ਕੀਤੀਆਂ ਜਾਮ, OPDs ਵੀ ਰਹੇ ਬੰਦ
ਜਾਟ ਹਰਿਆਣਾ ਵਿਚ ਸਭ ਤੋਂ ਵੱਡਾ ਭਾਈਚਾਰਾ ਹੈ, ਜੋ ਸੂਬੇ ਦੀ ਆਬਾਦੀ ਦਾ ਲਗਭਗ 25% ਬਣਦਾ ਹੈ। ਚੋਣ ਗਣਿਤ ਅਨੁਸਾਰ ਰਵਾਇਤੀ ਤੌਰ ’ਤੇ ਜਾਟ ਭਾਈਚਾਰਾ ਕਾਂਗਰਸ, ਆਈ.ਐੱਨ.ਐੱਲ.ਡੀ. ਅਤੇ ਜੇ.ਜੇ.ਪੀ. ਪਿੱਛੇ ਖੜ੍ਹਾ ਰਿਹਾ ਹੈ। ਹਾਲਾਂਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਜਾਟ ਕਾਂਗਰਸ ਦੇ ਪਿੱਛੇ ਪੂਰੀ ਤਰ੍ਹਾਂ ਇਕਜੁਟ ਨਜ਼ਰ ਆਏ। ਇਹ ਤੱਥ 2024 ਦੀਆਂ ਲੋਕ ਸਭਾ ਚੋਣਾਂ ਵਿਚ ਜੇ.ਜੇ.ਪੀ. ਅਤੇ ਆਈ. ਐੱਨ.ਐੱਲ.ਡੀ. ਦੀ ਕ੍ਰਮਵਾਰ : 0.87% ਅਤੇ 1.74% ਦੀ ਘੱਟ ਹਿੱਸੇਦਾਰੀ ਤੋਂ ਸਾਫ ਹੋ ਜਾਂਦਾ ਹੈ।
ਕਿਸਾਨਾਂ ਦੀ ਨਾਰਾਜ਼ਗੀ
ਕਿਸਾਨ ਅੰਦੋਲਨ ਕਾਰਨ ਭਾਜਪਾ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਵੱਲੋਂ 3 ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਕਿਸਾਨਾਂ ਨੇ ਮੰਗ ਕੀਤੀ ਸੀ ਕਿ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਵਿਰੁੱਧ ਦਰਜ ਕੀਤੇ ਗਏ ਕੇਸ ਰੱਦ ਕੀਤੇ ਜਾਣ। ਉਨ੍ਹਾਂ ਦੀਆਂ ਸ਼ਿਕਾਇਤਾਂ ਦੀ ਸੂਚੀ ਵਿਚ ਖਰੀਦ ਈ-ਗਵਰਨੈਂਸ ਮਾਡਿਊਲ- ਮੇਰੀ ਫਾਸਲ ਮੇਰਾ ਬਿਓਰਾ (ਐੱਮ.ਐੱਫ.ਐੱਮ.ਬੀ.) ਵੈੱਬ ਪੋਰਟਲ ਦਾ ਵਿਰੋਧ ਵੀ ਸ਼ਾਮਲ ਹੈ। ਹਾਲਾਂਕਿ ਕਿਸਾਨਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਸਰਕਾਰ ਨੇ ਹਰਿਆਣਾ ’ਚ ਸਾਰੀਆਂ 24 ਫਸਲਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਇਸ ਕਾਰਨ ਭਾਜਪਾ ਨੂੰ ਕਿੰਨਾ ਨੁਕਸਾਨ ਹੋਵੇਗਾ, ਇਹ ਤਾਂ ਚੋਣ ਨਤੀਜੇ ਹੀ ਦੱਸਣਗੇ। ਮਾਹਿਰਾਂ ਅਨੁਸਾਰ ਇਸ ਵਾਰ ਕਾਂਗਰਸ ਵਧੇਰੇ ਮਜ਼ਬੂਤ ਸਥਿਤੀ ਵਿਚ ਨਜ਼ਰ ਆ ਰਹੀ ਹੈ। ਭਾਜਪਾ ’ਤੇ ਸੱਤਾ ਵਿਰੋਧੀ ਲਹਿਰ, ਲੀਡਰਸ਼ਿਪ ਦੇ ਮੁੱਦੇ, ਪਾਰਟੀ ਵਿਚ ਕਲੇਸ਼ ਅਤੇ ਕਿਸਾਨਾਂ ਦਾ ਗੁੱਸਾ ਚੋਣਾਂ ਵਿਚ ਭਾਰੀ ਦਿਖਾਈ ਦੇ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e