ਪਰਮਬੀਰ ਸਿੰਘ ਤੁਸੀਂ ਕਿੱਥੇ ਹੋ?, SC ਨੇ ਕਿਹਾ- ਪਤਾ ਚੱਲਣ ਤੱਕ ਨਹੀਂ ਮਿਲੇਗੀ ਕੋਈ ਸੁਰੱਖਿਆ

Thursday, Nov 18, 2021 - 03:29 PM (IST)

ਪਰਮਬੀਰ ਸਿੰਘ ਤੁਸੀਂ ਕਿੱਥੇ ਹੋ?, SC ਨੇ ਕਿਹਾ- ਪਤਾ ਚੱਲਣ ਤੱਕ ਨਹੀਂ ਮਿਲੇਗੀ ਕੋਈ ਸੁਰੱਖਿਆ

ਨਵੀਂ ਦਿੱਲੀ (ਭਾਸ਼ਾ)— ਸੁਪਰੀਮ ਕੋਰਟ ਨੇ ਵੀਰਵਾਰ ਨੂੰ ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਆਪਣਾ ਪਤਾ ਦੱਸਣ ਨੂੰ ਕਿਹਾ ਹੈ। ਅਦਾਲਤ ਨਾਲ ਹੀ ਕਿਹਾ ਕਿ ਜਦੋਂ ਤੱਕ ਸਾਨੂੰ ਇਹ ਪਤਾ ਨਹੀਂ ਲੱਗ ਜਾਂਦਾ ਕਿ ਤੁਸੀਂ ਕਿੱਥੇ ਹੋ, ਉਦੋਂ ਤੱਕ ਕੋਈ ਸੁਰੱਖਿਆ ਨਹੀਂ ਦਿੱਤੀ ਜਾਵੇਗੀ, ਕੋਈ ਸੁਣਵਾਈ ਨਹੀਂ ਹੋਵੇਗੀ। ਤੁਸੀਂ ਕਿੱਥੇ ਹੋ? ਪਹਿਲਾਂ ਜਦੋਂ ਸਾਨੂੰ ਪਤਾ ਲੱਗੇਗਾ ਕਿ ਤੁਸੀਂ ਕਿੱਥੇ ਹੋ ਤਾਂ ਅਸੀਂ ਅੱਗੇ ਕੁਝ ਕਰਾਂਗੇ? ਅਦਾਲਤ ਨੇ ਉਨ੍ਹਾਂ ਦੇ ਵਕੀਲ ਨੂੰ ਪਰਮਬੀਰ ਦਾ ਪਤਾ ਦੱਸਣ ਲਈ ਕਿਹਾ ਅਤੇ ਮਾਮਲੇ ’ਤੇ ਅਗਲੀ ਸੁਣਵਾਈ ਲਈ 22 ਨਵੰਬਰ ਦੀ ਤਾਰੀਖ਼ ਤੈਅ ਕੀਤੀ ਹੈ। ਜਸਟਿਸ ਐੱਸ. ਕੇ. ਕੌਲ ਅਤੇ ਜਸਟਿਸ ਐੱਮ. ਐੱਮ. ਸੁੰਦਰੇਸ਼ ਦੀ ਬੈਂਚ ਨੇ ਕਿਹਾ ਕਿ ਸੁਰੱਖਿਆ ਦੇਣ ਦੀ ਬੇਨਤੀ ਕਰਨ ਵਾਲੀ ਉਨ੍ਹਾਂ ਦੀ ਪਟੀਸ਼ਨ ਪਾਵਰ ਆਫ਼ ਅਟਾਰਨੀ ਜ਼ਰੀਏ ਦਾਇਰ ਕੀਤੀ ਗਈ ਹੈ। 

ਬੈਂਚ ਨੇ ਕਿਹਾ ਕਿ ਤੁਸੀਂ ਸੁਰੱਖਿਆ ਹੁਕਮ ਦੇਣ ਦੀ ਬੇਨਤੀ ਕਰ ਰਹੇ ਹੋ ਪਰ ਕੋਈ ਨਹੀਂ ਜਾਣਦਾ ਕਿ ਤੁਸੀਂ ਕਿੱਥੇ ਹੋ। ਮੰਨ ਲਓ ਕਿ ਤੁਸੀਂ ਵਿਦੇਸ਼ ਵਿਚ ਬੈਠੇ ਹੋ ਅਤੇ ਪਾਵਰ ਆਫ਼ ਅਟਾਰਨੀ ਜ਼ਰੀਏ ਕਾਨੂੰਨੀ ਸਹਾਰਾ ਲੈ ਰਹੇ ਹੋ ਤਾਂ ਕੀ ਹੋਵੇਗਾ। ਜੇਕਰ ਅਜਿਹਾ ਹੈ ਤਾਂ ਅਦਾਲਤ ਜੇਕਰ ਤੁਹਾਡੇ ਪੱਖ ਵਿਚ ਫ਼ੈਸਲਾ ਲੈਂਦੀ ਹੈ ਤਾਂ ਤੁਹਾਨੂੰ ਭਾਰਤ ਆਉਣਾ ਹੋਵੇਗਾ। ਸਾਨੂੰ ਨਹੀਂ ਪਤਾ ਕਿ ਤੁਹਾਡੇ ਦਿਮਾਗ ’ਚ ਕੀ ਚਲ ਰਿਹਾ ਹੈ। ਜਦੋਂ ਤੱਕ ਸਾਨੂੰ ਪਤਾ ਨਹੀਂ ਲੱਗ ਜਾਂਦਾ ਕਿ ਤੁਸੀਂ ਕਿੱਥੋ ਹੋ, ਉਦੋਂ ਤੱਕ ਕੋਈ ਸੁਰੱਖਿਆ ਨਹੀਂ, ਕੋਈ ਸੁਣਵਾਈ ਨਹੀਂ ਹੋਵੇਗੀ। 

ਦੱਸ ਦੇਈਏ ਕਿ ਮੁੰਬਈ ਵਿਚ ਇਕ ਮੈਜਿਸਟ੍ਰੇਟ ਅਦਾਲਤ ਨੇ ਬੁੱਧਵਾਰ ਨੂੰ ਸਿੰਘ ਨੂੰ ਉਨ੍ਹਾਂ ਖ਼ਿਲਾਫ਼ ਦਰਜ ਵਸੂਲੀ ਮਾਮਲੇ ’ਚ ‘ਭਗੋੜਾ ਅਪਰਾਧੀ’ ਐਲਾਨ ਕੀਤਾ। ਸਿੰਘ ਇਸ ਸਾਲ ਮਈ ਵਿਚ ਆਖ਼ਰੀ ਵਾਰ ਦਫ਼ਤਰ ਆਏ ਸਨ, ਜਿਸ ਤੋਂ ਬਾਅਦ ਉਹ ਛੁੱਟੀ ’ਤੇ ਚੱਲੇ ਗਏ। ਸੂਬਾ ਪੁਲਸ ਨੇ ਬੰਬਈ ਹਾਈ ਕੋਰਟ ਨੂੰ ਪਿਛਲੇ ਮਹੀਨੇ ਦੱਸਿਆ ਕਿ ਪਰਮਬੀਰ ਸਿੰਘ ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ।


author

Tanu

Content Editor

Related News