ਪ੍ਰਧਾਨ ਮੰਤਰੀ ਕਦੋਂ ਪਵਿੱਤਰ ਇਸ਼ਨਾਨ ਕਰਨਗੇ?
Monday, Jan 20, 2025 - 09:01 PM (IST)
ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ ਹਰ ਸਾਲ ਕੁੰਭ ਦੌਰਾਨ ਪਵਿੱਤਰ ਇਸ਼ਨਾਨ ਕਰਦੇ ਰਹੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਕੇਂਦਰੀ ਮੰਤਰੀ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ ਪਰ ਪ੍ਰਧਾਨ ਮੰਤਰੀ ਵੱਲੋਂ ਇਸ਼ਨਾਨ ਕਰਨ ਦੀ ਤਰੀਕ ਬਾਰੇ ਅਜੇ ਤੱਕ ਕੁਝ ਨਹੀਂ ਸੁਣਿਆ ਗਿਆ।
ਪ੍ਰਧਾਨ ਮੰਤਰੀ ਨੂੰ ਧਰਮ ’ਚ ਡੂੰਘੀ ਸ਼ਰਧਾ ਹੈ । ਉਹ ਇਸ ਦੀ ਸਖ਼ਤੀ ਨਾਲ ਪਾਲਣਾ ਕਰਦੇ ਹਨ। ਯਾਦ ਕਰੋ ਜਦੋਂ 24 ਫਰਵਰੀ, 2019 ਨੂੰ ਪ੍ਰਧਾਨ ਮੰਤਰੀ ਨੇ ਪਵਿੱਤਰ ਇਸ਼ਨਾਨ ਕੀਤਾ ਸੀ।
ਇਸ ਦੀ ਮਹੱਤਤਾ ਇਸ ਲਈ ਵੀ ਸੀ ਕਿਉਂਕਿ ਇਹ ਬਾਲਾਕੋਟ ਆਪ੍ਰੇਸ਼ਨ ਤੋਂ 2 ਦਿਨ ਪਹਿਲਾਂ ਹੋਇਆ ਸੀ। ਭਾਰਤ ਨੇ 26 ਫਰਵਰੀ, 2019 ਨੂੰ ਪਾਕਿਸਤਾਨ ਅੰਦਰ ਬੰਬਾਰੀ ਕੀਤੀ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਇਕ ਖਾਸ ਨਿਸ਼ਾਨਦੇਹੀ ਵਾਲੀ ਥਾਂ ’ਤੇ ਹੱਥ ਜੋੜ ਕੇ ਪਾਣੀ ’ਚ ਪੈਰ ਰੱਖਿਆ । ਉਦੋਂ ਉਨ੍ਹਾਂ ਭਗਵਾਂ ਕੁੜਤਾ ਪਾਇਅਾ ਹੋਇਅਾ ਸੀ ਤੇ ਸ਼ਾਲ ਲਈ ਹੋਈ ਸੀ। ਤ੍ਰਿਵੇਣੀ ਘਾਟ ’ਤੇ ਉਨ੍ਹਾਂ ਆਰਤੀ ਵੀ ਕੀਤੀ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸਨ। ਮੋਦੀ ਨੇ ਮੰਤਰਾਂ ਦੇ ਜਾਪ ਦੌਰਾਨ ਪ੍ਰਾਰਥਨਾ ਕੀਤੀ।
ਆਪ੍ਰੇਸ਼ਨ ਬਹੁਤ ਵੱਡੀ ਸਫਲਤਾ ਸੀ। ਪਾਕਿਸਤਾਨ ਦਾ ਪਰਦਾਫਾਸ਼ ਹੋ ਗਿਆ ਸੀ । ਭਾਜਪਾ ਨੇ ਕੁਝ ਮਹੀਨਿਆਂ ਬਾਅਦ ਚੋਣਾਂ ’ਚ ਹੂੰਝਾ-ਫੇਰ ਜਿੱਤ ਹਾਸਲ ਕੀਤੀ ਤੇ ਲੋਕ ਸਭਾ ਦੀਆਂ 303 ਸੀਟਾਂ ਜਿੱਤ ਲਈਆਂ।
ਇਸ ਵਾਰ ਮਹਾਕੁੰਭ ਦੇ ਮੇਲੇ ’ਚ ਲਗਭਗ 10 ਕਰੋੜ ਲੋਕ ਪਵਿੱਤਰ ਡੁਬਕੀ ਲਾਉਣ ਲਈ ਤਿਆਰ ਹਨ। ਇਹ ਮੇਲਾ 12 ‘ਪੂਰਨ’ ਕੁੰਭ ਮੇਲਿਆਂ ਦੀ ਸਮਾਪਤੀ ’ਤੇ 144 ਸਾਲਾਂ ’ਚ ਇਕ ਵਾਰ ਮਨਾਇਆ ਜਾਂਦਾ ਹੈ। ਇਹ ਮੇਲਾ 13 ਜਨਵਰੀ ਨੂੰ ਸ਼ੁਰੂ ਹੋਇਆ ਸੀ । ਹੁਣ ਤੱਕ 9 ਕਰੋੜ ਤੋਂ ਵੱਧ ਸ਼ਰਧਾਲੂ ਤ੍ਰਿਵੇਣੀ ਸੰਗਮ ’ਚ ਪਵਿੱਤਰ ਡੁਬਕੀ ਲਾ ਚੁੱਕੇ ਹਨ।
ਮੇਲਾ 26 ਫਰਵਰੀ ਨੂੰ ਮਹਾਸ਼ਿਵਰਾਤਰੀ ’ਤੇ ਖਤਮ ਹੋਵੇਗਾ ਪਰ ਪ੍ਰਧਾਨ ਮੰਤਰੀ ਕਦੋਂ ਡੁਬਕੀ ਲਾਉਣਗੇ, ਇਸ ਬਾਰੇ ਸਸਪੈਂਸ ਅਜੇ ਕਾਇਮ ਹੈ।
ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਇਹ ਬਜਟ ਸੈਸ਼ਨ ਤੋਂ ਪਹਿਲਾਂ ਹੋ ਸਕਦਾ ਹੈ ਜਾਂ ਇਸ ਨੂੰ ਫਰਵਰੀ ਤੱਕ ਵਧਾਇਆ ਜਾ ਸਕਦਾ ਹੈ। ਇਸ ਮਾਮਲੇ ’ਚ ਉੱਚ ਅਧਿਕਾਰੀ ਚੁੱਪ ਹਨ।