ਪਹਾੜਾਂ ’ਤੇ ਫਿਰ ਬਰਫਬਾਰੀ, ਸ਼ੀਤ ਲਹਿਰ ਤੇਜ਼, ਪਹਿਲਗਾਮ ’ਚ ਮਨਫੀ 11.8 ਡਿਗਰੀ
Friday, Jan 17, 2025 - 10:56 PM (IST)
ਸ਼੍ਰੀਨਗਰ, ਸ਼ਿਮਲਾ, (ਭਾਸ਼ਾ)- ਪਹਾੜਾਂ ’ਤੇ ਬਰਫ਼ਬਾਰੀ ਤੋਂ ਬਾਅਦ ਜ਼ਿਆਦਾਤਰ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਵਿਚ ਗਿਰਾਵਟ ਆਈ ਹੈ। ਕਸ਼ਮੀਰ ਦੇ ਉੱਚਾਈ ਵਾਲੇ ਇਲਾਕਿਆਂ ਦੇ ਨਾਲ-ਨਾਲ ਵਾਦੀ ਦੇ ਕੁਝ ਮੈਦਾਨੀ ਇਲਾਕਿਆਂ ਵਿਚ ਬਰਫਬਾਰੀ ਹੋਈ। ਬਰਫਬਾਰੀ ਤੋਂ ਬਾਅਦ ਕਸ਼ਮੀਰ ਵਿਚ ਸ਼ੀਤ ਲਹਿਰ ਹੋਰ ਤੇਜ਼ ਹੋ ਗਈ ਅਤੇ ਜ਼ਿਆਦਾਤਰ ਥਾਵਾਂ ’ਤੇ ਰਾਤ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ।
ਸ਼੍ਰੀਨਗਰ ’ਚ ਵੀਰਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਮਨਫੀ 2 ਡਿਗਰੀ, ਗੁਲਮਰਗ ਵਿਚ ਮਨਫ਼ੀ 7 ਡਿਗਰੀ ਤਾਪਮਾਨ ਦਰਜ ਹੋਇਆ। ਦੱਖਣੀ ਕਸ਼ਮੀਰ ਵਿਚ ਸਾਲਾਨਾ ਅਮਰਨਾਥ ਯਾਤਰਾ ਦੇ ਬੇਸ ਕੈਂਪਾਂ ਵਿਚੋਂ ਇਕ ਪਹਿਲਗਾਮ ਵਿਚ ਘੱਟੋ-ਘੱਟ ਤਾਪਮਾਨ ਮਨਫ਼ੀ 11.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਸ ਦੇ ਨਾਲ ਹੀ, ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਅਤੇ ਉੱਚਾਈ ਵਾਲੇ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਹੋਈ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿਚ ਕੋਠੀ ਵਿਚ 24 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਜਦੋਂ ਕਿ ਮਨਾਲੀ ਵਿਚ 14.8 ਸੈਂਟੀਮੀਟਰ, ਗੋਂਡਲਾ ਵਿਚ 11 ਸੈਂਟੀਮੀਟਰ ਬਰਫ਼ਬਾਰੀ ਹੋਈ। ਕੁਝ ਥਾਵਾਂ ’ਤੇ ਹਲਕਾ ਮੀਂਹ ਵੀ ਪਿਆ, ਜਿਸ ਵਿਚ ਭਰਮੌਰ ਵਿਚ 10 ਮਿਲੀਮੀਟਰ, ਸਿਓਬਾਗ ਵਿਚ 8.2 ਮਿਲੀਮੀਟਰ ਮੀਂਹ ਪਿਆ।
ਤਾਬੋ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਮਨਫੀ 13.5 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਕੁਸੁਮਸੇਰੀ ਵਿਚ ਤਾਪਮਾਨ ਸਿਫਰ ਤੋਂ 12.2 ਡਿਗਰੀ ਸੈਲਸੀਅਸ ਹੇਠਾਂ ਰਿਹਾ।