ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ ਦੱਸੇਗੀ ਸੱਚ
Sunday, Aug 09, 2026 - 08:12 AM (IST)
ਗੁਹਾਟੀ/ਨਵੀਂ ਦਿੱਲੀ (ਇੰਟ.) - ਪਾਣੀ ਸਾਫ਼ ਦਿਖਾਈ ਦੇ ਰਿਹਾ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਪੀਣ ਲਈ ਸੁਰੱਖਿਅਤ ਵੀ ਹੋਵੇ। ਪਾਣੀ ਵਿਚ ਮੌਜੂਦ ਆਰਸੈਨਿਕ, ਸੀਸਾ, ਕ੍ਰੋਮੀਅਮ, ਫਲੋਰਾਈਡ ਅਤੇ ਈ. ਕੋਲਾਈ ਵਰਗੇ ਅਦਿੱਖ ਪ੍ਰਦੂਸ਼ਕ ਨੰਗੀ ਅੱਖ ਨਾਲ ਨਹੀਂ ਦਿਖਾਈ ਦਿੰਦੇ ਪਰ ਲੰਬੇ ਸਮੇਂ ਤੱਕ ਇਨ੍ਹਾਂ ਦੇ ਸੰਪਰਕ ਵਿਚ ਰਹਿਣਾ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸੇ ਚੁਣੌਤੀ ਨਾਲ ਨਜਿੱਠਣ ਲਈ ਭਾਰਤੀ ਤਕਨਾਲੋਜੀ ਸੰਸਥਾਨ (IIT), ਗੁਹਾਟੀ ਦੀ ਅਗਵਾਈ ਵਿਚ ਵਿਗਿਆਨੀਆਂ ਨੇ ਇਕ ਅਜਿਹਾ ਪੋਰਟੇਬਲ ਸਮਾਰਟ ਉਪਕਰਨ ਵਿਕਸਿਤ ਕੀਤਾ, ਜੋ ਪਾਣੀ ਦੇ ਸਰੋਤ ’ਤੇ ਪ੍ਰਦੂਸ਼ਕਾਂ ਦੀ ਪਛਾਣ ਕਰਨ ਵਿਚ ਮਦਦ ਕਰ ਸਕਦਾ ਹੈ। ‘ਈ-ਆਈ’ ਭਾਵ ਇਲੈਕਟ੍ਰਾਨਿਕ ਆਈ ਨਾਂ ਦਾ ਇਹ ਉਪਕਰਨ ਕੁਝ ਹੀ ਸਮੇਂ ਵਿਚ ਜਾਂਚ ਦੇ ਨਤੀਜੇ ਡਿਜੀਟਲ ਰੂਪ ਵਿਚ ਸਾਹਮਣੇ ਲਿਆ ਸਕਦਾ ਹੈ।
ਪੜ੍ਹੋ ਇਹ ਵੀ - ਜੰਗਲੀ ਇਲਾਕੇ 'ਚ ਕ੍ਰੈਸ਼ ਹੋਇਆ ਜਹਾਜ਼, 4 ਲੋਕਾਂ ਦੀ ਮੌਤ, ਬ੍ਰਾਜ਼ੀਲ 'ਚ ਵਾਪਰਿਆ ਹਾਦਸਾ
ਨਾ ਪ੍ਰਯੋਗਸ਼ਾਲਾ ਦੀ ਜ਼ਰੂਰਤ, ਨਾ ਮਹਿੰਗੇ ਉਪਕਰਨ
ਰਵਾਇਤੀ ਤਰੀਕੇ ਨਾਲ ਪਾਣੀ ਦੀ ਗੁਣਵੱਤਾ ਜਾਂਚਣ ਲਈ ਨਮੂਨਿਆਂ ਨੂੰ ਪ੍ਰਯੋਗਸ਼ਾਲਾਵਾਂ ਤੱਕ ਭੇਜਣਾ ਪੈਂਦਾ ਹੈ। ਉੱਥੇ ਮਹਿੰਗੇ ਉਪਕਰਨਾਂ ਅਤੇ ਮਾਹਿਰਾਂ ਦੀ ਜ਼ਰੂਰਤ ਹੁੰਦੀ ਹੈ। ‘ਈ-ਆਈ’ ਇਸ ਪੂਰੀ ਪ੍ਰਕਿਰਿਆ ਨੂੰ ਕਾਫ਼ੀ ਆਸਾਨ ਬਣਾਉਣ ਦਾ ਦਾਅਵਾ ਕਰਦਾ ਹੈ। ਇਸ ਨੂੰ ਸਿੱਧਾ ਜਲ ਸਰੋਤ ’ਤੇ ਲੈ ਜਾ ਕੇ ਨਮੂਨੇ ਦੀ ਜਾਂਚ ਕੀਤੀ ਜਾ ਸਕਦੀ ਹੈ।
ਰੰਗ ਬਦਲੇਗਾ ਤਾਂ ਪ੍ਰਦੂਸ਼ਣ ਦਾ ਪਤਾ ਚੱਲੇਗਾ
ਇਹ ਉਪਕਰਨ ਇਕ ਵਿਸ਼ੇਸ਼ ਰਾਸਾਇਣਕ ਪ੍ਰਤੀਕਿਰਿਆ ਦੇ ਆਧਾਰ ’ਤੇ ਕੰਮ ਕਰਦਾ ਹੈ। ਨਮੂਨੇ ਵਿਚ ਮੌਜੂਦ ਪ੍ਰਦੂਸ਼ਕ ਦੇ ਅਨੁਸਾਰ ਰੰਗ ਦੀ ਤੀਬਰਤਾ ਬਦਲਦੀ ਹੈ। ਇਸ ਤੋਂ ਬਾਅਦ ਆਪਟੀਕਲ ਸੈਂਸਰ ਅਤੇ ਡਿਜੀਟਲ ਇਲੈਕਟ੍ਰਾਨਿਕਸ ਇਸ ਰੰਗ ਦਾ ਵਿਸ਼ਲੇਸ਼ਣ ਕਰਦੇ ਹਨ ਅਤੇ ਪ੍ਰਦੂਸ਼ਕ ਦੀ ਮਾਤਰਾ ਨੂੰ ਡਿਜੀਟਲ ਅੰਕੜਿਆਂ ਦੇ ਰੂਪ ਵਿਚ ਸਾਹਮਣੇ ਰੱਖਦੇ ਹਨ।
ਪੜ੍ਹੋ ਇਹ ਵੀ - ਫ਼ਿਰ ਸ਼ੁਰੂ ਹੋਇਆ Work From Home ! ਭਾਰੀ ਬਾਰਿਸ਼ ਮਗਰੋਂ ਗੁਰੂਗ੍ਰਾਮ ਪ੍ਰਸ਼ਾਸਨ ਵਲੋਂ ਜਾਰੀ ਐਡਵਾਇਜ਼ਰੀ
ਮੋਬਾਈਲ ਵਾਂਗ ਵਾਇਰਲੈੱਸ ਭੇਜੇ ਜਾ ਸਕਣਗੇ ਅੰਕੜੇ
‘ਈ-ਆਈ’ ਦੀ ਖ਼ਾਸੀਅਤ ਸਿਰਫ ਮੌਕੇ ’ਤੇ ਜਾਂਚ ਤੱਕ ਸੀਮਤ ਨਹੀਂ ਹੈ। ਇਸ ਰਾਹੀਂ ਪ੍ਰਾਪਤ ਅੰਕੜਿਆਂ ਨੂੰ ਵਾਇਰਲੈੱਸ ਮਾਧਿਅਮ ਰਾਹੀਂ ਸਿੱਧਾ ਵਾਟਰ ਟ੍ਰੀਟਮੈਂਟ ਪਲਾਂਟਾਂ ਤੱਕ ਭੇਜਿਆ ਜਾ ਸਕਦਾ ਹੈ। ਇਸ ਨਾਲ ਕਿਸੇ ਇਲਾਕੇ ਦੇ ਪਾਣੀ ਦੀ ਗੁਣਵੱਤਾ ’ਤੇ ਦੂਰ ਬੈਠ ਕੇ ਵੀ ਨਜ਼ਰ ਰੱਖਣ ਦੀ ਸੰਭਾਵਨਾ ਵਧ ਜਾਂਦੀ ਹੈ।
3,500 ਰੁਪਏ ਵਿਚ ਮਸ਼ੀਨ, ਜਾਂਚ ਸਿਰਫ਼ 2 ਰੁਪਏ ਦੀ
ਇਸ ਸਵਦੇਸ਼ੀ ਤਕਨਾਲੋਜੀ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਘੱਟ ਲਾਗਤ ਦੱਸੀ ਜਾ ਰਹੀ ਹੈ। ਵਿਗਿਆਨੀਆਂ ਅਨੁਸਾਰ ਇਕ ‘ਈ-ਆਈ’ ਉਪਕਰਨ ਤਿਆਰ ਕਰਨ ਵਿਚ ਲੱਗਭਗ 3,500 ਰੁਪਏ ਦਾ ਖ਼ਰਚਾ ਆਉਂਦਾ ਹੈ, ਜਦਕਿ ਇਕ ਨਮੂਨੇ ਦੀ ਜਾਂਚ ਦੀ ਲਾਗਤ ਲੱਗਭਗ 2 ਰੁਪਏ ਹੈ। ਵੱਡੇ ਪੱਧਰ ’ਤੇ ਉਤਪਾਦਨ ਸ਼ੁਰੂ ਹੋਣ ਤੋਂ ਬਾਅਦ ਉਪਕਰਨ ਦੀ ਕੀਮਤ ਹੋਰ ਘੱਟ ਹੋਣ ਦੀ ਉਮੀਦ ਹੈ।
ਪੜ੍ਹੋ ਇਹ ਵੀ - 95 ਸਾਲਾ ਦਾਦੀ ਨੂੰ ਮੋਢਿਆਂ ’ਤੇ ਚੁੱਕ ਕਾਂਵੜ ਯਾਤਰਾ ’ਤੇ ਨਿਕਲੇ 35 ਪੋਤੇ, ਭਾਵੁਕ ਕਰ ਦੇਣਗੀਆਂ ਤਸਵੀਰਾਂ
ਆਰਸੈਨਿਕ ਤੋਂ ਈ. ਕੋਲਾਈ ਤੱਕ ਦੀ ਪਛਾਣ
ਆਈ. ਆਈ. ਟੀ. ਗੁਹਾਟੀ ਦੇ ਕੈਮੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਤਪਸ ਕੇ. ਮੰਡਲ ਅਨੁਸਾਰ ਇਹ ਉਪਕਰਨ ਬੀਅਰ-ਲੈਂਬਰਟ ਸਿਧਾਂਤ ’ਤੇ ਆਧਾਰਿਤ ਹੈ। ਇਸ ਵਿਚ ਪ੍ਰਕਾਸ਼ੀ ਸੰਵੇਦਨ ਅਤੇ ਡਿਜੀਟਲ ਇਲੈਕਟ੍ਰਾਨਿਕਸ ਨੂੰ ਜੋੜ ਕੇ ਪ੍ਰਦੂਸ਼ਕਾਂ ਦੀ ਪਛਾਣ ਕੀਤੀ ਜਾਂਦੀ ਹੈ। ਖੋਜਕਾਰਾਂ ਅਨੁਸਾਰ, ਉਪਕਰਨ ਹੁਣ ਤੱਕ ਆਰਸੈਨਿਕ, ਸੀਸਾ, ਆਇਰਨ, ਕ੍ਰੋਮੀਅਮ, ਫਲੋਰਾਈਡ ਅਤੇ ਈ. ਕੋਲਾਈ ਬੈਕਟੀਰੀਆ ਦੀ ਪਛਾਣ ਕਰ ਚੁੱਕਾ ਹੈ।
ਜਲ ਜੀਵਨ ਮਿਸ਼ਨ ਨੂੰ ਮਿਲ ਸਕਦਾ ਹੈ ਵੱਡਾ ਸਹਾਰਾ
ਦੇਸ਼ ਦੇ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ’ਚ ਪਾਣੀ ਦੀ ਗੁਣਵੱਤਾ ਦੀ ਨਿਯਮਿਤ ਜਾਂਚ ਵੱਡੀ ਚੁਣੌਤੀ ਰਹੀ ਹੈ। ਅਜਿਹੇ ਵਿਚ ਘੱਟ ਕੀਮਤ ਅਤੇ ਆਸਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ਲੈ ਜਾਏ ਜਾ ਸਕਣ ਵਾਲਾ ਉਪਕਰਨ ਹਰ ਘਰ ਤੱਕ ਸੁਰੱਖਿਅਤ ਪੀਣ ਵਾਲਾ ਪਾਣੀ ਪਹੁੰਚਾਉਣ ਦੇ ਟੀਚੇ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ।
ਪੜ੍ਹੋ ਇਹ ਵੀ - Heavy Rain: 8, 9, 10, 11, 12, 13 ਅਗਸਤ ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ IMD ਵਲੋਂ ਅਲਰਟ ਜਾਰੀ
ਪਾਣੀ ਹੀ ਨਹੀਂ, ਦੁੱਧ ਅਤੇ ਸਬਜ਼ੀਆਂ ਦੀ ਵੀ ਜਾਂਚ
ਵਿਗਿਆਨੀਆਂ ਮੁਤਾਬਕ ‘ਈ-ਆਈ’ ਦੀ ਵਰਤੋਂ ਸਿਰਫ਼ ਪਾਣੀ ਦੀ ਜਾਂਚ ਤੱਕ ਸੀਮਤ ਨਹੀਂ ਰਹੇਗੀ। ਇਸ ਨਾਲ ਵਾਤਾਵਰਨ ਅਤੇ ਜੈਵਿਕ ਨਮੂਨਿਆਂ ਤੋਂ ਇਲਾਵਾ ਸਬਜ਼ੀਆਂ, ਖਾਣ-ਪੀਣ ਵਾਲੀਆਂ ਵਸਤਾਂ, ਚਾਹ, ਹਰਬਲ ਉਤਪਾਦਾਂ, ਮਿੱਟੀ ਅਤੇ ਦੁੱਧ ਵਿਚ ਮੌਜੂਦ ਕੁਝ ਜ਼ਹਿਰੀਲੇ ਤੱਤਾਂ ਦੀ ਜਾਂਚ ਵੀ ਕੀਤੀ ਜਾ ਸਕਦੀ ਹੈ।
2,700 ਤੋਂ ਵੱਧ ਨਮੂਨਿਆਂ ’ਤੇ ਹੋਈ ਜਾਂਚ
ਖੋਜਕਾਰਾਂ ਨੇ ਇਸ ਉਪਕਰਨ ਦੀ ਸਮਰੱਥਾ ਜਾਂਚਣ ਲਈ ਹੁਣ ਤੱਕ 2,700 ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਹੈ। ਪ੍ਰਯੋਗਸ਼ਾਲਾ ਪ੍ਰੀਖਣਾਂ ਵਿਚ ਇਸ ਦੇ ਨਤੀਜੇ ਯੂ.ਵੀ.-ਵਿਜ਼ੀਬਲ ਸਪੈਕਟ੍ਰੋਫੋਟੋਮੀਟਰ ਅਤੇ ਐਟਾਮਿਕ ਐਬਜ਼ਾਰਪਸ਼ਨ ਸਪੈਕਟ੍ਰੋਫੋਟੋਮੀਟਰ ਵਰਗੇ ਸਟੈਂਡਰਡ ਉਪਕਰਨਾਂ ਦੇ ਨਤੀਜਿਆਂ ਦੇ ਬਰਾਬਰ ਸਟੀਕ ਪਾਏ ਗਏ ਹਨ।
ਪੜ੍ਹੋ ਇਹ ਵੀ - ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ ਸੱਚਾਈ ਜਾਣ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
